ਸੂਬਾ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਗੁਣਾਤਮਕ ਅਤੇ ਗਿਆਨਾਤਮਕ ਸਿੱਖਿਆ ਦੇਣ ਲਈ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਪ੍ਰੋਜੈਕਟ ਲਾਗੂ ਕੀਤਾ ਹੋਇਆ ਹੈ, ਜਿਸਦੇ ਤਹਿਤ ਅਧਿਆਪਕਾਂ ਨੂੰ ਸਿਲੇਬਸ ਪੜ੍ਹਾਉਣ ਲਈ ਵੱਖ-ਵੱਖ ਖੇਡ ਵਿਧੀਆਂ, ਪਾਠ ਸਹਾਇਕ ਕਿਰਿਆਵਾਂ ਕਰਵਾਉਣ ਦੀ ਟਰੇਨਿੰਗ ਕਰਵਾਈ ਜਾਂਦੀ ਹੈ। ਅਧਿਆਪਕ ਵਰਗ ਵੀ ਆਪਣਾ ਕੰਮ ਤਨਦੇਹੀ ਨਾਲ ਕਰਕੇ ਵਿਭਾਗ ਨੂੰ ਵਧੀਆ ਨਤੀਜਿਆਂ ਰਾਹੀਂ ਆਪਣਾ ਸਹਿਯੋਗ ਦੇ ਰਿਹਾ ਹੈ ਜੋ ਕਿ ਸਿੱਖਿਆ ਖੇਤਰ ਲਈ ਇੱਕ ਚੰਗਾ ਸੰਕੇਤ ਹੈ। ਇਹ ਵੇਖਣ ਨੂੰ ਮਿਲ ਰਿਹਾ ਹੈ ਕਿ ਸਿੱਖਿਆ ਵਿਭਾਗ ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਯਤਨਸ਼ੀਲ ਹੈ।
ਇਸਦੀ ਤਾਜ਼ਾ ਮਿਸਾਲ ਸੈਸ਼ਨ ਦੌਰਾਨ ਵਿਭਾਗ ਦੁਆਰਾ ਛੇਵੀਂ ਤੋਂ ਦਸਵੀਂ ਜਮਾਤ ਤੱਕ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਵਿਸ਼ੇ ਲਈ ਸਿਲੇਬਸ ਅਧਾਰਿਤ ਅਭਿਆਸ ਪੁਸਤਕਾਂ ਜਾਰੀ ਕਰਨਾ ਹੈ। ਇਸ ਕਦਮ ਦੀ ਮਕਬੂਲੀਅਤ ਦਾ ਪਤਾ ਇਸ ਤੋਂ ਲੱਗਦਾ ਹੈ ਕਿ ਪ੍ਰਾਈਵੇਟ ਸਕੂਲਾਂ ਵੱਲੋਂ ਇਹਨਾਂ ਅਭਿਆਸ ਪੁਸਤਕਾਂ ਨੂੰ ਸਲਾਹਿਆ ਗਿਆ ਹੈ।ਸਿੱਖਣ ਅਤੇ ਸਿਖਾਉਣ ਦੀ ਪ੍ਰਕਿਰਿਆ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਵਰਕ ਬੁੱਕ ਬੜੀ ਲਾਹੇਵੰਦ ਸਿੱਧ ਹੋ ਰਹੀ ਹੈ। ਅਭਿਆਸ ਪੁਸਤਕ ਵਿਦਿਆਰਥੀਆਂ ਦੇ ਵਿੱਚ ਪੜ੍ਹਨ ਸਬੰਧੀ ਔਕੜਾਂ, ਵਿਸ਼ੇ ਸਬੰਧੀ ਦਿਲਚਸਪੀ ਪੈਦਾ ਕਰਨ ਆਦਿ ਵਿੱਚ ਮੱਦਦਗਾਰ ਸਿੱਧ ਹੋਰ ਹੀ ਹੈ।
ਇਹ ਵੀ ਪੜ੍ਹੋ : Dera Sacha Sauda ਤੋਂ Live | ਪਵਿੱਤਰ ਭੰਡਾਰੇ ’ਤੇ ਸ਼ਾਹ ਸਤਿਨਾਮ ਜੀ ਧਾਮ ’ਚ ਲੱਗੀਆਂ ਰੌਣਕਾਂ
ਵਿਸ਼ਾ ਮਾਹਿਰ ਅਧਿਆਪਕਾਂ ਦੁਆਰਾ ਤਿਆਰ ਅਭਿਆਸ ਪੁਸਤਕਾਂ ਨੂੰ ਬੱਚਿਆਂ ਦੇ ਪੱਧਰ ਮੁਤਾਬਿਕ ਬਣਾਇਆ ਗਿਆ ਹੈੈ। ਇਸ ਵਿੱਚ ਪਾਠ ਨਾਲ ਸਬੰਧਿਤ ਪ੍ਰਸ਼ਨ ਉੱਤਰਾਂ ਨੂੰ ਸੰਖੇਪ ਵਿੱਚ ਲਿਖਣਾ, ਠੀਕ ਗਲਤ, ਬਹੁ ਵਿਕਲਪੀ ਪ੍ਰਸ਼ਨ, ਵਧੀਆ ਛਪਾਈ, ਰੰਗਦਾਰ ਤਸਵੀਰਾਂ, ਆਪਸੀ ਮਿਲਾਨ, ਖਾਲੀ ਸਥਾਨ ਭਰਨਾ, ਜੰਬਲਵਰਡਜ਼, ਸਹੀ ਵਾਕ ਬਣਾਉਣਾ, ਸਪੈਲਿੰਗ ਨੂੰ ਦਰੁਸਤ ਕਰਨਾ, ਵਿਆਕਰਨ ਦਾ ਅਭਿਆਸ, ਮਾਈਂਡਮੈਪ, ਅਨੁਵਾਦ ਕਰਨਾ ਆਦਿ ਨੂੰ ਸੁਚੱਜੇ ਢੰਗ ਨਾਲ ਸ਼ਾਮਿਲ ਕੀਤਾ ਗਿਆ ਹੈ। ਇਸ ਦੀ ਪ੍ਰਿੰਟਿੰਗ, ਲੈਮੀਨੇਟਿਡ ਕਵਰ ਆਦਿ ਬਾ-ਕਮਾਲ ਹੈ। (Books Department)
ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਇਹ ਸਿੱਖਿਆ ਵਿਭਾਗ ਦੂਰ ਅੰਦੇਸ਼ੀ ਸੋਚ ਦਾ ਹੀ ਨਤੀਜਾ ਹੈ ਕਿਉਂ ਜੋ ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਪੇਪਰ ਅੱਗੇ ਹੋਣਾ ਹੈੈ ਜਿਸਦੇ ਪ੍ਰਦਰਸ਼ਨ ਦੇ ਅਧਾਰ ’ਤੇ ਸੂਬੇ ਦੀ ਰੈਂਕਿੰਗ ਹੁੰਦੀ ਹੈ। ਅਜਿਹੇ ਵਿੱਚ ਸਮਾਜਿਕ ਵਿਗਿਆਨ ਦੀ ਅਭਿਆਸ ਪੁਸਤਿਕਾ ਵਿਦਿਆਰਥੀਆਂ ਨੂੰ ਪਾਠਾਂ ਦੇ ਲਰਨਿੰਗ ਆਊਟਕਮ ਸਿੱਖਣ ਵਿੱਚ ਮੱਦਦ ਕਰਨ ਦੇ ਨਾਲ ਹੋਰ ਪ੍ਰਤਿਯੋਗੀ ਪ੍ਰੀਖਿਆਵਾਂ ਨੂੰ ਪਾਸ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰੇਗੀ। ਇਹ ਵਿਦਿਆਰਥੀਆਂ ਨੂੰ ਵਧੀਆ ਲਿਖਾਈ ਕਰਨ ਨੂੰ ਉਤਸ਼ਾਹਿਤ ਕਰ ਰਹੀ ਹੈ। (Books Department)
ਜਮਾਤ ਵਿੱਚ ਔਸਤ ਤੋਂ ਨੀਚੇ ਬੱਚੇ ਹਮੇਸ਼ਾ ਹੀ ਅਧਿਆਪਕ ਲਈ ਚੁਣੌਤੀ ਹੁੰਦੇ ਹਨ। ਅਧਿਆਪਕ ਆਪਣੇ ਪੱਧਰ ’ਤੇ ਬੜੀ ਕੋਸ਼ਿਸ਼ ਕਰਦੇ ਹਨ ਪਰ ਸਿਲੇਬਸ ਨੂੰ ਕਰਵਾਉਣ ਅਤੇ ਸਮੇਂ ਦੀ ਘਾਟ ਸਦਕਾ ਇਹਨਾਂ ਬੱਚਿਆਂ ਸਬੰਧੀ ਉਨੀ ਕਾਮਯਾਬੀ ਨਹੀਂ ਮਿਲਦੀ। ਅਭਿਆਸ ਪੁਸਤਿਕਾ ਵਿੱਚ ਦਰਜ ਕੀਤੇ ਗਏ ਸੰਖੇਪ ਪ੍ਰਸ਼ਨ ਉੱਤਰ ਅਤੇ ਹੋਰ ਕਿਰਿਆਵਾਂ ਆਦਿ ਨਾਲ ਇਹ ਸਮੱਸਿਆ ਦਾ ਹੱਲ ਹੋਣਾ ਲਾਜ਼ਮੀ ਹੈ। ਪੜ੍ਹਾਈ ਵਿੱਚ ਕਮਜ਼ੋਰ ਵਿਦਿਆਰਥੀਆਂ ਅੰਦਰ ਪੜ੍ਹਨ ਦੀ ਰੁਚੀ ਪੈਦਾ ਹੋਣ ਨਾਲ ਡਰਾਪਆਊਟ ਦਾ ਖਾਤਮਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। (Books Department)
ਇਹ ਵੀ ਪੜ੍ਹੋ : ਸੁਫ਼ਨਿਆਂ ਦੇ ਬੋਝ ਹੇਠ ਦਬ ਰਹੀ ਨੌਜਵਾਨ ਪੀੜ੍ਹੀ
ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਦੇ ਆਰਥਿਕ ਹਾਲਾਤਾਂ ਬਾਰੇ ਆਪਾਂ ਸਾਰੇ ਹੀ ਵਾਕਿਫ਼ ਹਾਂ, ਜਿਸ ਕਰਕੇ ਉਹ ਮਹਿੰਗੀਆਂ ਕਾਪੀਆਂ, ਕਿਤਾਬਾਂ ਖਰੀਦਣ ਤੋਂ ਅਸਮਰੱਥ ਹੁੰਦੇ ਹਨ। ਸੋ ਇਹ ਅਭਿਆਸ ਪੁਸਤਕਾਂ ਬਿਲਕੁਲ ਮੁਫਤ ਵਿਦਿਆਰਥੀਆਂ ਨੂੰ ਦੇਣ ਲਈ ਵਿਭਾਗ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ ਉਹ ਘੱਟ ਹੈ। ਉਮੀਦ ਹੈ ਕਿ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰਹਿਣਗੇ ਤਾਂ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦਾ ਸੁਪਨਾ ਜੋ ਸਰਕਾਰ ਨੇ ਵੇਖਿਆ ਹੈ ਉਹ ਸਾਕਾਰ ਹੋ ਸਕੇ।