ਪਾਣੀ ਦੀ ਉਲਝੀ ਤਾਣੀ

SYL Issue

ਪੰਜਾਬ ਭਾਜਪਾ ਦੀ ਕਾਰਜਕਾਰਨੀ ਦੀ ਅੰਮਿ੍ਰਤਸਰ ਹੋਈ ਮੀਟਿੰਗ ’ਚ ਇਹ ਮਤਾ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ ਕਿ ਦਰਿਆਈ ਪਾਣੀਆਂ ’ਤੇ ਪੰਜਾਬ ਦਾ ਹੱਕ ਹੈ। ਭਾਜਪਾ ਦੇ ਇਸ ਕਦਮ ਨਾਲ ਪੰਜਾਬ ’ਚ ਇਸ ਮੁੱਦੇ ’ਤੇ ਸਿਆਸੀ ਇੱਕਜੁਟਤਾ ਹੋਰ ਮਜ਼ਬੂਤ ਹੋ ਗਈ ਹੈ। ਦੂਜੇ ਪਾਸੇ ਇਹ ਮਾਮਲਾ ਉਲਝਦਾ ਨਜ਼ਰ ਆ ਰਿਹਾ ਹੈ ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ ਪੰਜਾਬ ਤੇ ਹਰਿਆਣਾ ਦੀ ਮੀਟਿੰਗ ਕਰਵਾ ਕੇ ਮਸਲਾ ਹੱਲ ਕਰਵਾਉਣ ਲਈ ਕਿਹਾ ਗਿਆ ਸੀ। (SYL Case)

ਜੇਕਰ ਇਸ ਮਸਲੇ ਦੇ ਸਿਆਸੀ ਪਹਿਲੂ ਵੱਲ ਵੇਖੀਏ ਤਾਂ ਹੱਲ ਨਿੱਕਲਦਾ ਨਜ਼ਰ ਨਹੀਂ ਆ ਰਿਹਾ ਮਸਲਾ ਇਸ ਕਰਕੇ ਪੇਚਦਾਰ ਹੁੰਦਾ ਜਾ ਰਿਹਾ ਹੈ ਕਿ ਕਿਸੇ ਵੀ ਪਾਰਟੀ ਦੀ ਸੂਬਾ ਇਕਾਈ ਆਪਣੇ-ਆਪਣੇ ਸੂਬੇ ਦੇ ਹੱਕ ’ਚ ਡਟੀ ਹੋਈ ਹੈ। ਹਰਿਆਣਾ ਭਾਜਪਾ ਹਰਿਆਣਾ ਤੇ ਪੰਜਾਬ ਭਾਜਪਾ ਪੰਜਾਬ ਦੇ ਹੱਕ ’ਚ ਭੁਗਤ ਰਹੀ ਹੈ।

ਦੂਜੇ ਪਾਸੇ ਕਾਂਗਰਸ ਦੀ ਪੰਜਾਬ ਤੇ ਹਰਿਆਣਾ ਇਕਾਈ ਦਾ ਵੀ ਇਹੋ ਹਾਲ ਹੈ। ਇੱਥੋਂ ਤੱਕ ਕਿ ਦਰਿਆਈ ਪਾਣੀਆਂ ਦੇ, ਸਭ ਤੋਂ ਪੁਰਾਣੇ ਹਮਾਇਤੀ ਪੰਜਾਬ ਦੇ ਸ੍ਰੋਮਣੀ ਅਕਾਲੀ ਦਲ ਦਾ ਹਰਿਆਣਾ ਵਿੰਗ ਵੀ ਹਰਿਆਣਾ ਦੇ ਹੱਕ ’ਚ ਜੁਟਿਆ ਹੋਇਆ ਸਾਫ਼ ਹੈ। ਸਿਆਸੀ ਤੌਰ ’ਤੇ ਸਹਿਮਤੀ ਬਣਨ ਦੇ ਆਸਾਰ ਨਾਂਹ ਦੇ ਬਰਾਬਰ ਹਨ ਅਸਲ ’ਚ ਇਸ ਮੁੱਦੇ ਦੀ ਜਟਿਲਤਾ ਭਾਰਤੀਆਂ ਦੀ ਮਾਨਸਿਕਤਾ ਦੀ ਖਾਮੀ ਖਾਸ ਸਿਆਸੀ ਆਗੂਆਂ ਦੀ ਫ਼ਿਤਰਤ ਦੀਆਂ ਖਾਮੀਆਂ ਨਾਲ ਜੁੜੀ ਹੋਈ ਹੈ।

ਕੋਈ ਵੀ ਪਾਰਟੀ ਸੂਬੇ ਦੇ ਵੋਟਰਾਂ ਦੀ ਨਰਾਜ਼ਗੀ ਮੁੱਲ ਨਹੀਂ ਲੈਣਾ ਚਾਹੁੰਦੀ ਚੋਣਾਂ ਤੋਂ ਵੱਖ ਹੋ ਕੇ ਸੋਚਣ ਦੀ ਹਿੰਮਤ ਕਿਸੇ ਵੀ ਪਾਰਟੀ ਕੋਲ ਬਣਦੀ ਨਜ਼ਰ ਨਹੀਂ ਆਉਂਦੀ ਮਸਲੇ ਦੇ ਵਿਗਿਆਨਕ ਪਹਿਲੂ ਤੇ ਬਦਲਦੇ ਪਰਿਪੇਖ ਨੂੰ ਸਮਝਣ-ਸਮਝਾਉਣ ਦੀ ਰਵਾਇਤ ਵੀ ਨਜ਼ਰ ਨਹੀਂ ਆ ਰਹੀ ਅਸਲ ’ਚ ਪਾਣੀ ਦਾ ਰੌਲਾ ਸਿਰਫ਼ ਭਾਰਤ ’ਚ ਨਹੀਂ ਦੁਨੀਆ ਦੇ ਹੋਰ ਵੀ ਕਈ ਮੁਲਕਾਂ ’ਚ ਹੈ ਪਰ ਉੱਥੇ ਵਿਗਿਆਨਕ ਨਜ਼ਰੀਆ ਹੋਣ ਕਾਰਨ ਮਸਲੇ ਉਲਝਣ ਤੋਂ ਬਚ ਜਾਂਦੇ ਹਨ।

ਖੇਤੀ ਦੀਆਂ ਜ਼ਰੂਰਤਾਂ

ਜਿੱਥੋਂ ਤੱਕ ਸਤਲੁਜ ਯਮੁਨਾ ਲਿੰਕ ਨਹਿਰ (SYL Case) ਦਾ ਮਾਮਲਾ ਹੈ ਤਾਂ ਇੱਥੇ ਗੱਲ ਬਿਲਕੁਲ ਸਪੱਸ਼ਟ ਹੈ ਕਿ ਦੇਸ਼ ਅੰਦਰ ਪਾਣੀ ਦੀ ਘਾਟ ਦੀ ਵੱਡੀ ਸਮੱਸਿਆ ਪੈਦਾ ਹੋ ਗਈ ਹੈ ਪਾਣੀ ਸਿਰਫ਼ ਖੇਤੀ ਲਈ ਹੀ ਨਹੀਂ ਘਟਿਆ ਸਗੋਂ ਪੀਣ ਲਈ ਵੀ ਪਾਣੀ ਦੀ ਉਪਲੱਬਧਤਾ ਘਟ ਰਹੀ ਹੈ। ਜਿੱਥੋਂ ਤੱਕ ਪਾਣੀ ਦੇ ਵਿਵਾਦਾਂ ਦਾ ਕਾਰਨ ਹੈ ਇਸ ਵਿੱਚ ਜਿਆਦਾ ਖੇਤੀ ਦੀਆਂ ਜ਼ਰੂਰਤਾਂ ਨੂੰ ਉਭਾਰਿਆ ਜਾਂਦਾ ਹੈ। ਧਰਨਾ ਦੇਣ ਵਾਲਿਆਂ ’ਚ ਜਿਆਦਾਤਰ ਕਿਸਾਨ ਹਨ। ਪਾਣੀ ਦੇ ਘਰੇਲੂ ਖਪਤਕਾਰ ਇਹਨਾਂ ਧਰਨਿਆਂ ’ਚ ਸ਼ਾਮਲ ਨਹੀਂ ਹੁੰਦੇ ਅਸਲ ’ਚ ਜਿੱਥੋਂ ਤੱਕ ਪਾਣੀ ਦੇ ਸੰਕਟ ਦਾ ਸਬੰਧ ਹੈ ਉਹ ਸਮਾਂ ਦੂਰ ਨਹੀਂ ਜਦੋਂ ਪੀਣ ਵਾਲੇ ਪਾਣੀ ਲਈ ਧਰਨੇ ਸ਼ੁਰੂ ਹੋ ਸਕਦੇ ਹਨ।

ਜ਼ਰੂਰਤ ਇਸ ਗੱਲ ਦੀ ਹੈ ਕਿ ਦਰਿਆਈ ਪਾਣੀਆਂ ਦੇ ਮੁੱਦੇ ’ਤੇ ਟਕਰਾਅ ਪੈਦਾ ਕਰਨ ਦੀ ਬਜਾਇ ਪਾਣੀ ਦੀ ਘਾਟ ਨੂੰ ਗੰਭੀਰਤਾ ਨਾਲ ਵਿਚਾਰਨ ਤੇ ਇਸ ਦੀ ਬੱਚਤ ਲਈ ਵੱਡੀ ਪੱਧਰ ’ਤੇ ਉਪਰਾਲੇ ਕਰਨ ਦੀ ਹੈ। ਜੇਕਰ ਪਾਣੀ ਪ੍ਰਤੀ ਲਾਪਰਵਾਹੀ ਇਉਂ ਹੀ ਜਾਰੀ ਰਹੀ ਤਾਂ ਪਾਣੀ ਦਾ ਸੰਕਟ ਕਿਸੇ ਵੀ ਸਮਝੌਤੇ ਨਾਲ ਹੱਲ ਨਹੀਂ ਹੋਣਾ ਪਾਣੀ ਦੇ ਮਸਲੇ ਦਾ ਹੱਲ ਸਦਭਾਵਨਾ ਤੇ ਵਿਗਿਆਨਕ ਨਜ਼ਰੀਏ ਨਾਲ ਕੱਢਣਾ ਪਵੇਗਾ ਪਾਣੀ ’ਤੇ ਦਾਅਵੇ ਕਰਨ ਨਾਲੋਂ ਜ਼ਿਆਦਾ ਜ਼ਰੂਰੀ ਹੈ ਆਪੋ-ਆਪਣੇ ਰਾਜ ਵਿੱਚ ਪਾਣੀ ਦੀ ਬੱਚਤ ’ਤੇ ਜ਼ਿਆਦਾ ਜੋਰ ਦਿੱਤਾ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ