ਠੰਢ ਦਾ ਮੌਸਮ ਹੋਣ ਕਰਕੇ ਮੈਂ ਮਾਤਾ ਨੂੰ ਸ਼ਾਮ ਨੂੰ ਚਾਰ ਕੁ ਵਜੇ ਦੁਬਾਰਾ ਫਿਰ ਚਾਹ ਬਣਾਉਣ ਲਈ ਕਿਹਾ, ਜੋ ਚਾਹ ਦੁਪਹਿਰੇ ਬਣੀ ਸੀ ਉਹ ਖ਼ਤਮ ਹੋ ਗਈ ਸੀ ਤੇ ਠੰਢ ਹੋਣ ਕਾਰਨ ਦੁਬਾਰਾ ਫਿਰ ਚਾਹ ਪੀਣ ਦਾ ਮਨ ਕੀਤਾ। ਗਰਮ-ਗਰਮ ਚਾਹ ਪੀ ਕੇ ਮੈਂ ਘਰੋਂ ਡੇਅਰੀ ਤੋਂ ਦੁੱਧ ਲਿਆਉਣ ਲਈ ਚੱਲ ਪਿਆ। ਡੇਅਰੀ ’ਤੇ ਪਹੁੰਚ ਕੇ ਦੁੱਧ ਵਾਲੀ ਡੋਲੀ ਉੱਥੇ ਰੱਖ ਦਿੱਤੀ। ਸਾਹਮਣੇ ਨਜ਼ਰ ਪਈ ਤਾਂ ਲੋਕਾਂ ਦਾ ਇਕੱਠ ਰੌਲਾ ਪਾ ਰਿਹਾ ਸੀ ।
ਕੋਲ ਜਾ ਕੇ ਗੱਲ ਸਮਝਣ ਦਾ ਯਤਨ ਕੀਤਾ ਤਾਂ ਦੁਕਾਨਦਾਰ ਨੇ ਕਿਹਾ, ‘‘ਮੇਰੇ ਨਾਲ ਛੇ ਹਜ਼ਾਰ ਦੀ ਠੱਗੀ ਹੋ ਗਈ।’’ ਮੈਨੂੰ ਕੁਝ ਸਮਝ ਨਹੀਂ ਆਇਆ, ਮੈਂ ਦੁਕਾਨਦਾਰ ਨੂੰ ਪੁੱਛਿਆ, ‘‘ਉਹ ਕਿਵੇਂ?’’ ਦੁਕਾਨਦਾਰ ਨੇ ਦੱਸਿਆ ਕਿ ਇੱਕ ਵਿਅਕਤੀ ਮੇਰੇ ਕੋਲ ਆਉਣ ਤੋਂ ਪਹਿਲਾਂ ਹਰਬੰਸ ਸਿੰਘ (ਜੋ ਦੁਕਾਨਦਾਰ ਦਾ ਗੁਆਂਢੀ ਹੈ) ਕੋਲ ਜਾ ਕੇ ਆਇਆ, ਮੈਂ ਸੋਚਿਆ ਕਿ ਸ਼ਾਇਦ ਹਰਬੰਸ ਸਿੰਘ ਉਸ ਨੂੰ ਜਾਣਦਾ ਹੋਵੇਗਾ। ਹਰਬੰਸ ਸਿੰਘ ਤੋਂ ਉਸ ਨੇ ਮੇਰੇ ਬਾਰੇ ਪੁੱਛਿਆ ਤੇ ਮੇਰੇ ਕੋਲ ਆ ਗਿਆ ਤੇ ਕਹਿਣ ਲੱਗਾ ਕਿ ਮੈਂ ਤੁਹਾਨੂੰ ਕਣਕ ਵੇਚਣਾ ਚਾਹੁੰਦਾ ਹਾਂ। ਮੈਨੂੰ ਉਹ ਵਿਅਕਤੀ ਮੋਟਰਸਾਈਕਲ ’ਤੇ ਪਿੱਛੇ ਬਿਠਾ ਕੇ ਹਰਬੰਸ ਸਿੰਘ ਦੇ ਘਰ ਲੈ ਗਿਆ ਅਤੇ ਕਹਿਣ ਲੱਗਾ ਕਿ ਮੈਂ ਵਪਾਰੀ ਹਾਂ, ਮੇਰਾ ਟਰੈਕਟਰ ਖਰਾਬ ਹੋ ਗਿਆ ਹੈ ਇਸ ਕਰਕੇ ਮੈਂ ਤੇਰਾਂ ਕੁਇੰਟਲ ਕਣਕ ਤੁਹਾਨੂੰ ਵੇਚਣਾ ਚਾਹੁੰਦਾ ਹਾਂ।
Also Read : 40 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਨਿੱਜੀ ਬੈਂਕ ਦਾ ਕੁਲੈਕਸ਼ਨ ਮੈਨੇਜਰ ਰੰਗੇ ਹੱਥੀਂ ਕਾਬੂ
ਠੱਗ ਵਿਅਕਤੀ ਨੇ ਉਨ੍ਹਾਂ ਨੂੰ ਗੱਲਾਂ ਵਿੱਚ ਇਸ ਤਰ੍ਹਾਂ ਉਲਝਾਇਆ ਕਿ ਦੁਕਾਨਦਾਰ ਤੇ ਹਰਬੰਸ, ਜੋ ਕੁਝ ਮਿੰਟ ਪਹਿਲਾਂ ਉਸ ਨੂੰ ਨਹੀਂ ਜਾਣਦੇ ਸਨ ਦੋਵਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਵਿੱਚ ਸਫਲ ਹੋ ਗਿਆ। ਗੱਲਾਂ ਵਿੱਚ ਆਏ ਦੁਕਾਨਦਾਰ ਨੇ ਉਸ ਨੂੰ ਇੱਕ ਵਾਰ ਛੇ ਹਜਾਰ ਰੁਪਏ ਦੇ ਦਿੱਤੇ। ਠੱਗ ਦੁਕਾਨਦਾਰ ਨੂੰ ਮੋਟਰਸਾਈਕਲ ਤੇ ਬਿਠਾ ਕੇ ਕੁਝ ਦੂਰੀ ’ਤੇ ਛੱਡ ਕੇ ਕਹਿਣ ਲੱਗਾ ਕਿ ਤੁਸੀਂ ਇੱਥੇ ਰੁਕੋ ਮੈਂ ਟਰੈਕਟਰ ਲੈ ਕੇ ਆਉਂਦਾ ਹਾਂ ਕਣਕ ਵਾਲਾ। ਦੁਕਾਨਦਾਰ ਕੁਝ ਸਮਾਂ ਉੱਥੇ ਇੰਤਜਾਰ ਕਰਦਾ ਰਿਹਾ ਪਰੰਤੂ ਉਹ ਸ਼ਾਤਿਰ ਵਿਅਕਤੀ ਨੌਂ ਦੋ ਗਿਆਰਾਂ ਹੋ ਚੁੱਕਾ ਸੀ ਅਤੇ ਦੁਕਾਨਦਾਰ ਠੱਗਿਆ ਜਾ ਚੁੱਕਿਆ ਸੀ।
Magician
ਹੁਣ ਦੁਕਾਨਦਾਰ ਕੋਲ ਕੇਵਲ ਪਛਤਾਵਾ ਰਹਿ ਗਿਆ ਸੀ।ਗੌਰ ਕਰਨ ਵਾਲੀ ਗੱਲ ਇਹ ਹੈ ਕਿ ਜਦੋਂ ਦੁਕਾਨਦਾਰ ਨੂੰ ਠੱਗ ਨੇ ਕਿਹਾ ਕਿ ਤੁਸੀਂ ਇੱਥੇ ਰੁਕੋ ਮੈਂ ਟਰੈਕਟਰ ਲੈ ਕੇ ਆਉਂਦਾ ਹਾਂ ਤਾਂ ਦੁਕਾਨਦਾਰ ਨੂੰ ਸਮਝ ਜਾਣਾ ਚਾਹੀਦਾ ਸੀ ਕਿ ਟਰੈਕਟਰ ਖਰਾਬ ਕਰਕੇ ਤਾਂ ਉਹ ਕਣਕ ਵੇਚ ਰਿਹਾ ਹੈ ਫਿਰ ਟਰੈਕਟਰ ਕਿਵੇਂ ਲੈ ਕੇ ਆਵੇਗਾ? ਨਾਂ ਤਾਂ ਕੋਈ ਟਰੈਕਟਰ ਸੀ ਅਤੇ ਨਾ ਹੀ ਕੋਈ ਵੇਚਣਯੋਗ ਕਣਕ। ਇਹ ਸਿਰਫ ਠੱਗੀ ਮਾਰਨ ਦਾ ਢੰਗ ਸੀ। ਦੁਕਾਨਦਾਰ ਦੇ ਛੇ ਹਜ਼ਾਰ ਪਲਾਂ ਵਿੱਚ ਹੀ ਠੱਗੇ ਗਏ। ਦੁਕਾਨਦਾਰ ਅਤੇ ਹਰਬੰਸ ਸਿੰਘ ਦੋਵਾਂ ਜਣਿਆਂ ਨੂੰ ਠੱਗ ਗੱਲਾਂ-ਗੱਲਾਂ ਵਿੱਚ ਉਲਝਾ ਕੇ ਆਪਣਾ ਉੱਲੂ ਸਿੱਧਾ ਕਰ ਗਿਆ।
ਵਿਸ਼ਵਾਸ
ਲੋਕ ਆਪਣੀ ਆਪਣੀ ਸਮਝ ਅਨੁਸਾਰ ਗੱਲਾਂ ਕਰ ਰਹੇ ਸਨ ਕਿ ਉਹ ਵਿਅਕਤੀ ਠੱਗ ਸੀ ਜਾਂ ਜਾਦੂਗਰ ਦੋ ਪਲਾਂ ਵਿੱਚ ਹੀ ਛੇ ਹਜਾਰ ਦੀ ਠੱਗੀ ਮਾਰ ਗਿਆ। ਦੁੱਧ ਡੇਅਰੀ ਤੋਂ ਲੈ ਕੇ ਆਉਣ ਸਮੇਂ ਮੈਂ ਸੋਚ ਰਿਹਾ ਸੀ ਕਿ ਹੁਣ ਕਿਸੇ ’ਤੇ ਧਿਜਣ ਦਾ, ਕਿਸੇ ’ਤੇ ਵਿਸ਼ਵਾਸ ਕਰਨ ਦਾ ਸਮਾਂ ਨਹੀਂ ਰਿਹਾ ਉਹ ਵੀ ਖਾਸ ਕਰਕੇ ਉਸ ਉੱਤੇ ਜਿਸ ਨੂੰ ਅਸੀਂ ਜਾਣਦੇ ਵੀ ਨਹੀਂ। ਅੱਜ-ਕੱਲ੍ਹ ਜਦੋਂ ਆਪਣਾ ਲਹੂ ਹੀ ਚਿੱਟਾ ਹੋ ਗਿਆ ਹੈ, ਭਰਾ ਹੀ ਭਰਾ ਦਾ ਦੁਸ਼ਮਣ ਬਣ ਗਿਆ ਹੈ ਉਸ ਸਮੇਂ ਦੂਜੇ ਅਣਜਾਣ ਵਿਅਕਤੀ ’ਤੇ ਤਾਂ ਵਿਸ਼ਵਾਸ ਕਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ।
ਰਜਵਿੰਦਰ ਪਾਲ ਸ਼ਰਮਾ
ਮੋ. 70873-67969