ਜਦੋਂ ਘਰ ਪਰਾਹੁਣੇ ਆਉਣ ‘ਤੇ ਲਾਜ਼ਮੀ ਬਣਦੀਆਂ ਸਨ ਸੇਵੀਆਂ

ਜਦੋਂ ਘਰ ਪਰਾਹੁਣੇ ਆਉਣ ‘ਤੇ ਲਾਜ਼ਮੀ ਬਣਦੀਆਂ ਸਨ ਸੇਵੀਆਂ

ਪੁਰਾਣੇ ਸਮੇਂ ਵਿੱਚ ਸਾਡੇ ਪੰਜਾਬ ਵਿੱਚ ਸੇਵੀਆਂ (seviyan) ਨੂੰ ਬਹੁਤ ਪਿਆਰਾ ਸਵਾਦਿਸ਼ਟ ਪਕਵਾਨ ਮੰਨਿਆ ਜਾਂਦਾ ਸੀ। ਸਾਡੇ ਘਰਾਂ ਵਿੱਚ ਸੇਵੀਆਂ ਕਦੇ-ਕਦੇ ਜਾਂ ਪ੍ਰਾਹੁਣੇ ਆਉਣ ‘ਤੇ ਬਣਾਈਆਂ ਜਾਂਦੀਆਂ ਸੀ ਜਦ ਸਾਡੇ ਘਰ ਸੇਵੀਆਂ ਬਣਾਈਆਂ ਜਾਂਦੀਆਂ ਤਾਂ ਸਾਨੂੰ ਤੇ ਸਾਡੇ ਪੂਰੇ ਪਰਿਵਾਰ ਨੂੰ ਬਹੁਤ ਚਾਅ ਚੜ੍ਹ ਜਾਂਦਾ ਹੁਣ ਸੋਚਦੇ ਆਂ ਕਿ ਉਦੋਂ ਐਵੇਂ ਹੁੰਦਾ ਸੀ ਕਿ ਸਾਨੂੰ ਹੁਣ ਬਹੁਤ ਵਧੀਆ ਖਾਣ ਨੂੰ ਚੀਜ਼ ਮਿਲੂ ਖ਼ੁਸ਼ੀ ਵਿੱਚ ਝੂਮਦੇ ਫਿਰਨਾ ਫਿਰ ਘਰ ਦੇ ਬੋਲ ਮਾਰਦੇ ਕਿ ਆਜੋ ਸੇਵੀਆਂ ਬਣ ਗਈਆਂ ਆਜੋ ਖਾ ਲਵੋ ਆ ਕੇ!

ਸਾਡੇ ਜ਼ਿਆਦਾਤਰ ਸੇਵੀਆਂ ਗੁੱਗਾ ਨੌਵੀਂ ਤੋਂ ਪਹਿਲਾਂ ਵੱਟੀਆਂ ਜਾਂਦੀਆਂ ਸੀ ਕਹਿੰਦੇ ਸੀ ਕਿ ਸੇਵੀਆਂ ਨੌਵੀਂ ਤੋਂ ਪਹਿਲਾਂ-ਪਹਿਲਾਂ ਵੱਟ ਲੈਂਦੇ ਆਂ। ਸੇਵੀਆਂ ਦੋ ਤਰ੍ਹਾਂ ਵੱਟੀਆਂ ਜਾਂਦੀਆਂ ਸੀ ਇੱਕ ਤਾਂ ਘੜੇ ਜਾਂ ਚਾਟੀ ਨੂੰ ਪੁੱਠਾ ਮਾਰ ਕੇ ਉਸ ਉੱਪਰ ਗੁੰਨ੍ਹਿਆ ਆਟਾ ਰੱਖ ਕੇ ਵੱਟਦੀਆਂ ਸੀ, ਦੂਜਾ, ਦੋਵੇਂ ਹੱਥਾਂ ਵਿੱਚ ਥੋੜ੍ਹਾ-ਥੋੜ੍ਹਾ ਆਟਾ ਫੜ ਕੇ  ਅਤੇ ਉਂਗਲੀਆਂ ਤੇ ਅੰਗੂਠੇ ਦੀ ਦਾਬ ਨਾਲ ਵੱਟੀਆਂ ਜਾਂਦੀਆਂ ਸੀ ਇਨ੍ਹਾਂ ਨੂੰ ਜੌਂ ਸੇਵੀਆਂ ਵੀ ਕਿਹਾ ਜਾਂਦਾ ਸੀ। ਸਾਡੇ ਆਂਢਣਾਂ-ਗੁਆਂਢਣਾਂ ਇਕੱਠੀਆਂ ਹੋ ਕੇ ਰਲ਼ ਕੇ ਵੱਟਦੀਆਂ ਸੀ ਗੱਲਾਂ ਵੀ ਕਰਦੀਆਂ ਤੇ ਟਾਈਮ ਦਾ ਵੀ ਪਤਾ ਹੀ ਨਾ ਲੱਗਦਾ ਸੀ।

ਆਟੇ ਨੂੰ ਕੱਪੜਛਾਣ ਕਰਕੇ ਬਰੀਕ ਮੈਦਾ ਕੱਢ ਲੈਂਦੀਆਂ ਤੇ ਲੋੜ ਮੁਤਾਬਕ ਮੈਦਾ ਗੁੰਨ੍ਹ ਲੈਂਦੀਆਂ ਤੇ ਫਿਰ ਆਟਾ ਟਿਕਣ ਤੋਂ ਬਾਅਦ ਤੇਲ ਲਾ ਕੇ  ਪੇੜਾ ਕਰਕੇ ਵੱਟਦੀਆਂ ਹਨ। ਸੇਵੀਆਂ ਲੰਮੀਆਂ ਬਣਦੀਆਂ ਹਨ ਤਾਂ ਇਨ੍ਹਾਂ ਨੂੰ ਕਿੱਕਰ ਜਾਂ ਕਰੀਰ ਦੀਆਂ ਝਿੱਗਾਂ ਉੱਤੇ ਪਾ ਦਿੱਤਾ ਜਾਂਦਾ ਹੈ ਤਾਂ ਸੇਵੀਆਂ ਸੁੱਕ ਜਾਂਦੀਆਂ ਹਨ।

ਅੱਜ ਦੇ ਸਮੇਂ ਵਿੱਚ ਸੇਵੀਆਂ ਵੱਟਣ ਵਾਲੀਆਂ ਮਸ਼ੀਨਾਂ ਆ ਗਈਆਂ ਹਨ। ਇੱਕ ਤਾਂ ਮੰਜੇ ਦੀ ਬਾਹੀ ‘ਤੇ ਚੰਗੀ ਤਰ੍ਹਾਂ ਕੱਸੀ ਜਾਂਦੀ ਇੱਕ ਜਣਾ ਮੰਜੇ ‘ਤੇ ਬੈਠ ਕੇ ਮਸ਼ੀਨ ਨੂੰ ਗੇੜਾ ਦਿੰਦਾ ਤੇ ਦੂਜਾ ਹੇਠਾਂ ਮਸ਼ੀਨ ਵਿੱਚ ਆਟਾ ਥੁੰਨਦਾ ਗੇੜਾ ਆਉਣ ‘ਤੇ ਸੇਵੀਆਂ ਬਾਹਰ ਆ ਜਾਂਦੀਆਂ। ਸੇਵੀਆਂ ਮੋਟੀਆਂ-ਪਤਲੀਆਂ ਕਰਨ ਲਈ ਮਸ਼ੀਨ ਦੀ ਛਾਣਨੀ ਬਦਲ ਕੇ ਹੋਰ ਫਿੱਟ ਕਰ ਲੈਂਦੇ ਹਨ। ਫਿਰ ਉਵੇਂ ਹੀ ਸੇਵੀਆਂ ਤੋੜ ਕੇ ਕਿੱਕਰ ਜਾਂ ਕਰੀਰ ਦੀਆਂ ਝਿੱਗਾਂ ‘ਤੇ ਪਾ ਦਿੰਦੇ ਜਾਂ ਫਿਰ ਮੰਜਾ ਪੁੱਠਾ ਕਰਕੇ ਚਾਰੇ ਪਾਸਿਓਂ ਰੱਸੀ ਨਾਲ ਬੰਨ੍ਹ ਕੇ ਉਸ ‘ਤੇ ਸੇਵੀਆਂ ਸੁੱਕਣ ਲਈ ਪਾ ਦਿੰਦੇ। ਸੇਵੀਆਂ ਸੁਕਾਉਣ ਤੋਂ ਬਾਅਦ ਭੁੰਨ੍ਹ ਕੇ ਰੱਖ ਲੈਂਦੇ ਫਿਰ ਭੁੰਨ੍ਹੀਆਂ ਸੇਵੀਆਂ ਨੂੰ ਦੁੱਧ ਵਿੱਚ ਉਬਾਲ ਕੇ ਬਣਾਇਆ ਜਾਂਦਾ ਹੈ।

ਹੁਣ ਦੇ ਸਮੇਂ ਵਿੱਚ ਸੇਵੀਆਂ ਵੱਟਣ ਲਈ ਇੰਜਣ ਵਾਲੀਆਂ ਮਸ਼ੀਨਾਂ ਆ ਗਈਆਂ ਹਨ ਜਿਨ੍ਹਾਂ ਨੇ ਔਰਤਾਂ ਦਾ ਕੰਮ ਸੌਖਾ ਕਰ ਦਿੱਤਾ ਉਨ੍ਹਾਂ ਨੂੰ ਹੁਣ ਸੇਵੀਆਂ ਵੱਟਣੀਆਂ ਨਹੀਂ ਪੈਂਦੀਆਂ। ਹੁਣ ਤਾਂ ਕੋਈ-ਕੋਈ ਹੀ ਘਰ ਵਿੱਚ ਘੜੇ ਜਾਂ ਚਾਟੀ ‘ਤੇ ਸੇਵੀਆਂ ਵੱਟਦੇ ਹਨ ਨਾ ਹੁਣ ਦੇ ਲੋਕ ਸੇਵੀਆਂ ਖਾਣੀਆਂ ਪਸੰਦ ਕਰਨ ਨਾ ਵੱਟਣੀਆਂ ਪਸੰਦ ਕਰਨ ਪਰ ਹੁਣ ਦੇ ਸਮੇਂ ਵਿੱਚ ਸੇਵੀਆਂ ਦੀ ਥਾਂ ਮੈਗੀ ਨੂੰ ਪਸੰਦ ਕਰਦੇ ਹਨ।

ਰਾਜਿੰਦਰ ਰਾਣੀ,
ਗੰਢੂਆਂ (ਸੰਗਰੂਰ)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.