ਖੁਫ਼ੀਆ ਜਾਣਕਾਰੀ ਅਤੇ ਚੋਣਾਂ ਨੂੰ ਦੇਖਦੇ ਹੋਏ ਵਰਤੀ ਜਾ ਰਹੀ ਐ ਸਖ਼ਤੀ
ਚੰਡੀਗੜ੍ਹ, ਅਸ਼ਵਨੀ ਚਾਵਲਾ
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਜਾਨ ਨੂੰ ਵੱਡਾ ਖ਼ਤਰਾ ਹੈ, ਜਿਸ ਕਾਰਨ ਹੁਣ ਤੋਂ ਬਾਅਦ ਅਮਰਿੰਦਰ ਸਿੰਘ ਦੀ ਸੁਰੱਖਿਆ ਪਹਿਲਾਂ ਨਾਲੋਂ ਕਾਫ਼ੀ ਜ਼ਿਆਦਾ ਸਖ਼ਤ ਹੋਏਗੀ। ਅਮਰਿੰਦਰ ਸਿੰਘ ਦੀ ਸਖ਼ਤ ਸੁਰੱਖਿਆ ਖੁਫ਼ੀਆ ਏਜੰਸੀਆਂ ਵੱਲੋਂ ਆ ਰਹੀ ਜਾਣਕਾਰੀ ਤੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਨੂੰ ਕਾਫ਼ੀ ਜਿਆਦਾ ਵਧਾ ਦਿੱਤਾ ਗਿਆ ਹੈ।
ਇਸੇ ਸੁਰੱਖਿਆ ਕਾਰਨਾਂ ਕਰਕੇ ਚੰਡੀਗੜ੍ਹ ਵਿਖੇ ਸਥਿਤ ਕਾਂਗਰਸ ਭਵਨ ਵਿਖੇ ਕਾਫ਼ੀ ਜ਼ਿਆਦਾ ਸਖ਼ਤੀ ਕਰ ਦਿੱਤੀ ਗਈ ਹੈ, ਕਿਉਂਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਇੱਥੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਟਿੰਗਾਂ ਕਰਨ ਲਈ ਆ ਰਹੇ ਹਨ। ਹਾਲਾਂਕਿ ਅਮਰਿੰਦਰ ਸਿੰਘ ਦੀ ਸੁਰੱਖਿਆ ਨੂੰ ਦੇਖ ਰਹੇ ਖੂਬੀ ਰਾਮ ਕੋਈ ਜ਼ਿਆਦਾ ਖ਼ਤਰਾ ਨਹੀਂ ਦੱਸ ਰਹੇ ਹਨ ਪਰ ਇੰਨਾ ਜ਼ਰੂਰ ਕਹਿ ਰਹੇ ਹਨ ਕਿ ਚੋਣਾਂ ਦੇ ਨੇੜੇ ਸੁਰੱਖਿਆ ਇੰਤਜ਼ਾਮ ਸਖ਼ਤ ਕਰਨਾ ਜ਼ਰੂਰੀ ਹੈ, ਕਿਉਂਕਿ ਮਿਲਣ ਵਾਲੇ ਲੋਕਾਂ ਦੀ ਪਹਿਚਾਣ ਨਹੀਂ ਹੁੰਦੀ ਹੈ ਅਤੇ ਕਿਸੇ ‘ਤੇ ਵੀ ਅੱਖ ਬੰਦ ਕਰਕੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਹੈ।
ਜਾਣਕਾਰੀ ਅਨੁਸਾਰ ਪੁਲਵਾਮਾ ਵਿਖੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਲਗਾਤਾਰ ਪਾਕਿਸਤਾਨ ‘ਤੇ ਸ਼ਬਦੀ ਹਮਲਾ ਕਰਦੇ ਆਏ ਹਨ ਤੇ ਪਾਕਿਸਤਾਨੀ ਸਰਕਾਰ ਦੀ ਨਿਯਤ ‘ਤੇ ਵੀ ਕਾਫ਼ੀ ਜ਼ਿਆਦਾ ਸੁਆਲ ਚੁੱਕੇ ਗਏ ਸਨ। ਪੰਜਾਬ ਸੂਬਾ ਪਾਕਿਸਤਾਨ ਨਾਲ ਲੱਗਦਾ ਬਾਰਡਰ ਸੂਬਾ ਹੈ ਕੌਮੀ ਸੁਰੱਖਿਆ ਏਜੰਸੀਆਂ ਵੱਲੋਂ ਵੀ ਇਨ੍ਹਾਂ ਲੋਕ ਸਭਾ ਚੋਣਾਂ ‘ਚ ਅਲਰਟ ਰਹਿਣ ਲਈ ਕਿਹਾ ਗਿਆ ਹੈ ਤਾਂ ਕਿ ਕੋਈ ਅਣਸੁਖ਼ਾਵੀ ਘਟਨਾ ਨਾ ਹੋ ਸਕੇ।
ਇਸ ਤਰ੍ਹਾਂ ਦੇ ਅਲਰਟ ਤੇ ਦੇਸ਼ ‘ਚ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਅਮਰਿੰਦਰ ਸਿੰਘ ਦੀ ਸੁਰੱਖਿਆ ਵਿੱਚ ਬੀਤੇ ਦਿਨ ਤੋਂ ਹੀ ਵਾਧਾ ਕਰ ਦਿੱਤਾ ਗਿਆ ਹੈ। ਅਮਰਿੰਦਰ ਸਿੰਘ ਕਾਂਗਰਸ ਭਵਨ ਵਿਖੇ ਜਦੋਂ ਵੀ ਜਾ ਰਹੇ ਹਨ ਤਾਂ ਪਹਿਲਾਂ ਉੱਥੇ ਚੈਕਿੰਗ ਕਰਨ ਦੇ ਨਾਲ ਹੀ ਸਾਰੇ ਉਨ੍ਹਾਂ ਕਾਂਗਰਸੀ ਲੀਡਰਾਂ ਨੂੰ ਕਾਂਗਰਸ ਭਵਨ ਤੋਂ ਬਾਹਰ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀ ਮੁਲਾਕਾਤ ਨਾਲ ਨਹੀਂ ਹੋਣੀ ਹੈ
ਲੋਕ ਸਭਾ ਚੋਣਾਂ ਦੇ ਦੌਰਾਨ ਪੰਜਾਬ ਦੇ ਦੌਰੇ ਕਰਦੇ ਸਮੇਂ ਵੀ ਇਹ ਸਖ਼ਤ ਸੁਰੱਖਿਆ ਇੰਤਜ਼ਾਮ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਰਹਿਣਗੇ। ਅਮਰਿੰਦਰ ਸਿੰਘ ਦੇ ਨੇੜੇ ਜਿਆਦਾ ਲੋਕਾਂ ਨੂੰ ਨਹੀਂ ਆਉਣ ਦਿੱਤਾ ਜਾਏਗਾ। ਜਿਸ ਲਈ ਇੱਕ ਖ਼ਾਸ ਕਿਸਮ ਦਾ ਘੇਰਾ ਵੀ ਬਣਾਇਆ ਜਾਏਗਾ, ਜਿਹੜਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਆਸੇ ਪਾਸੇ ਹੀ ਰਹੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।