ਨਵੇਂ ਪ੍ਰਧਾਨ ਦੇ ਖਿਲਾਫ ਬਿਆਨਬਾਜ਼ੀ ਸੁਰਜੀਤ ਧੀਮਾਨ ਨੂੰ ਪਈ ਮਹਿੰਗੀ ਕਾਂਗਰਸ ਵਿਚੋਂ ਕੱਢਿਆ
ਗੁਰਪ੍ਰੀਤ ਸਿੰਘ, ਸੰਗਰੂਰ। ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ ਬਿਆਨਬਾਜ਼ੀ ਕਰਨਾ ਅਮਰਗੜ੍ਹ ਤੋਂ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੂੰ ਮਹਿੰਗਾ ਪੈ ਗਿਆ ਹੈ। ਪਾਰਟੀ ਵਿਰੋਧੀ ਗਤੀਵਿਧੀਆਂ ਲਈ ਧੀਮਾਨ ਨੂੰ ਪਾਰਟੀ ‘ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਧੀਮਾਨ ਨੇ 2017 ‘ਚ ਅਮਰਗੜ੍ਹ ਤੋਂ ਚੋਣ ਜਿੱਤੀ ਜੋ ਕਿ ਕੈਪਟਨ ਦੇ ਖਿਲਾਫ ਅਤੇ ਸਿੱਧੂ ਦੇ ਹੱਕ ‘ਚ ਸੀ। ਇਸ ਤੋਂ ਪਹਿਲਾਂ ਧੀਮਾਨ 1 ਵਾਰ ਆਜ਼ਾਦ ਤੌਰ ਤੇ ਚੋਣ ਜਿੱਤੇ ਸੀ ਉਸ ਤੋਂ ਬਾਅਦ ਉਹ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਸੀ।
ਪਾਰਟੀ ਦਾ ਬਾਗੀ ‘ਸੂਰਮਾ’ ਰਿਹਾ ਧੀਮਾਨ
ਸੁਰਜੀਤ ਸਿੰਘ ਧੀਮਾਨ ਨੇ ਹਮੇਸ਼ਾ ਹੀ ਪਾਰਟੀ ਸਫ਼ਾਂ ਤੋਂ ਹਟ ਕੇ ਬਿਆਨਬਾਜ਼ੀ ਕੀਤੀ ਹੈ। ਪਹਿਲਾਂ ਉਹਨਾਂ ਵਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿੱਚ ਉਹਨਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਿਲ ਨਾ ਕੀਤੇ ਜਾਣ ਦਾ ਵਿਰੋਧ ਕੀਤਾ ਸੀ। ਉਸ ਤੋਂ ਬਾਅਦ ਉਹਨਾਂ ਨੇ ਇਕ ਸਮਾਗਮ ਦੇ ਚਲਦਿਆਂ ਹੀ ਆਪਣੀ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਸੀ ਪੰਜਾਬ ਵਿੱਚ ਵੱਡੇ ਪੱਧਰ ਤੇ ਨਸ਼ਿਆਂ ਦਾ ਫੈਲਾਅ ਹੋ ਰਿਹਾ ਹੈ। ਧੀਮਾਨ ਦੇ ਇਸ ਬਿਆਨ ਦੀ ਪਾਰਟੀ ਵਿਚ ਵੱਡੇ ਪੱਧਰ ਤੇ ਚਰਚਾ ਹੋਈ ਸੀ।
ਉਸ ਤੋਂ ਬਾਅਦ ਧੀਮਾਨ ਦੇ ਭਤੀਜੇ ਜਸਵਿੰਦਰ ਧੀਮਾਨ ਨੇ ਲੋਕ ਸਭਾ ਚੋਣ ਦੀ ਤਿਆਰੀ ਕਰ ਲਈ ਸੀ ਪਰ ਕੈਪਟਨ ਅਮਰਿੰਦਰ ਸਿੰਘ ਦੇ ਦਖ਼ਲ ਕਾਰਨ ਉਹਨਾਂ ਇਹ ਇਰਾਦਾ ਛੱਡ ਦਿੱਤਾ ਸੀ। ਇਸ ਤੋਂ ਬਾਅਦ ਨਵਜੋਤ ਸਿੱਧੂ ਦੇ ਪ੍ਰਧਾਨ ਬਣਨ ਉਪਰੰਤ ਧੀਮਾਨ ਪਰਿਵਾਰ ਸਿੱਧੂ ਦੇ ਨੇੜੇ ਲੱਗਿਆ ਸੀ, 2022 ਦੀਆਂ ਚੋਣਾਂ ਵਿਚ ਧੀਮਾਨ ਆਪ ਭਾਵੇਂ ਨਹੀਂ ਲੜੇ ਪਰ ਉਹਨਾਂ ਦੇ ਭਤੀਜੇ ਜਸਵਿੰਦਰ ਨੂੰ ਸੁਨਾਮ ਤੋਂ ਕਾਂਗਰਸ ਪਾਰਟੀ ਵਲੋਂ ਉਮੀਦਵਾਰ ਬਣਾਇਆ ਸੀ ਪਰ ਉਹ ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਤੋਂ 70 ਹਜ਼ਾਰ ਤੋਂ ਵੱਧ ਵੋਟਾਂ ਨਾਲ ਚੋਣ ਹਾਰ ਗਏ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ