ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ ‘ਤੇ ਹਮਲੇ ਦੀ ਜਾਂਚ ਕਰੇਗੀ ਹੁਣ ਐਸ.ਆਈ.ਟੀ.
ਚੰਡੀਗੜ, (ਅਸ਼ਵਨੀ ਚਾਵਲਾ)। ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ ਉਤੇ ਹੋਏ ਹਮਲੇ ਦੀ ਚਲ ਰਹੀ ਢਿੱਲੀ ਜਾਂਚ ਨੂੰ ਲੈ ਕੇ ਜਲਦ ਹੀ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਨ ਤੋਂ ਕੁਝ ਹੀ ਘੰਟੇ ਬਾਅਦ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਆਦੇਸ਼ਾਂ ‘ਤੇ ਐਸ.ਆਈ.ਟੀ. ਦਾ ਗਠਨ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਇਸ ਸਬੰਧੀ ਪੁਲਿਸ ਵਲੋਂ ਛਾਪੇਮਾਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਅਸ਼ੋਕ ਕੁਮਾਰ ਜੋ ਕ੍ਰਿਕਟਰ ਸੁਰੇਸ਼ ਰੈਨਾ ਦੇ ਅੰਕਲ ਹਨ, ਕੁਝ ਦਿਨ ਪਹਿਲਾਂ ਹੋਏ ਹਮਲੇ ਦੌਰਾਨ ਉਨਾਂ ਨੇ ਮੌਕੇ ‘ਤੇ ਹੀ ਦਮ ਤੋੜ ਗਏ ਸਨ ਜਦੋਂ ਕਿ ਉਸ ਦਾ ਜ਼ਖਮੀ ਹੋਇਆ ਬੇਟਾ ਸੋਮਵਾਰ ਨੂੰ ਦਮ ਤੋੜ ਗਿਆ। ਤਿੰਨ ਹੋਰ ਪਰਿਵਾਰਕ ਮੈਂਬਰ ਜ਼ਖਮੀ ਹੋ ਗਏ ਸਨ ਜਿਨਾਂ ਵਿੱਚੋਂ ਅਸ਼ੋਕ ਕੁਮਾਰ ਦੀ ਪਤਨੀ ਆਸ਼ਾ ਰਾਣੀ ਇਸ ਵੇਲੇ ਨਾਜ਼ੁਕ ਹਾਲਤ ਵਿੱਚ ਹੈ। ਡੀ.ਜੀ.ਪੀ. ਦਿਨਕਰ ਗੁਪਤਾ ਅਨੁਸਾਰ ਹਾਲਾਂਕਿ ਮੁੱਢਲੀ ਜਾਂਚ ਦੌਰਾਨ ਇਹ ਸੰਕੇਤ ਮਿਲੇ ਹਨ ਕਿ ਇਸ ਹਮਲੇ ਪਿੱਛੇ ਗੈਰ-ਅਧਿਸੂਚਿਤ ਜ਼ਰਾਇਮ ਕਬੀਲਿਆਂ ਦਾ ਹੱਥ ਹੈ ਜਿਨਾਂ ਨੂੰ ਅਕਸਰ ਹੀ ਪੰਜਾਬ-ਹਿਮਾਚਲ ਪ੍ਰਦੇਸ਼ ਸਰਹੱਦ ਦੇ ਨਾਲ ਅਜਿਹੀਆਂ ਵਾਰਦਾਤਾਂ ਕਰਦੇ ਦੇਖਿਆ ਜਾਂਦਾ ਹੈ ਪਰ ਫੇਰ ਵੀ ਐਸ.ਆਈ.ਟੀ. ਨੂੰ ਇਸ ਮਾਮਲੇ ਨਾਲ ਜੁੜੇ ਹਰ ਪੱਖ ਨੂੰ ਘੋਖਣ ਲਈ ਆਖਿਆ ਗਿਆ ਹੈ।
ਇਸ ਮਾਮਲੇ ਦੀ ਦਿਨ-ਰਾਤ ਜਾਂਚ ਲਈ ਸੰਗਠਿਤ ਅਪਰਾਧ ਰੋਕੂ ਯੂਨਿਟ ਦੀਆਂ ਵਿਸ਼ੇਸ਼ ਟੀਮਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਤਰਾਂ ਦੇ ਅਪਰਾਧਾਂ ਵਿੱਚ ਸ਼ਾਮਲ ਸ਼ੱਕੀ ਵਿਅਕਤੀਆਂ ਦੀ ਭਾਲ ਲਈ ਅੰਤਰ-ਰਾਜੀ ਛਾਪੇਮਾਰੀ ਜਾਰੀ ਹੈ ਅਤੇ 35 ਤੋਂ ਵੱਧ ਸ਼ੱਕੀ ਵਿਅਕਤੀ ਨਿਗਰਾਨੀ ਹੇਠ ਹਨ ਵਜੋਂ ਸ਼ਨਾਖ਼ਤ ਹੋਈ ਹੈ ਅਤੇ ਉਨਾਂ ਦੇ ਮੋਬਾਈਲ ਨੰਬਰ ਅਤੇ ਟਿਕਾਣਿਆਂ ਦਾ ਪਤਾ ਲਾਇਆ ਜਾ ਰਿਹਾ ਹੈ। ਸਥਾਨਕ ਪੁਲਿਸ ਦੇ ਸਹਿਯੋਗ ਨਾਲ ਗੁਰਦਾਸਪੁਰ, ਤਰਨ ਤਾਰਨ ਤੇ ਅੰਮ੍ਰਿਤਸਰ ਵਿਖੇ ਵੀ ਛਾਪੇ ਮਾਰੇ ਗਏ ਹਨ।
ਮੇਰੇ ਪਰਿਵਾਰ ਨਾਲ ਭਿਆਨਕ ਹੋਇਆ, ਸਾਨੂੰ ਇਹ ਜਾਨਣ ਹੱਕ ਕਿਸੇ ਨੇ ਕੀਤਾ ਇਹ ਘਿਣਾਉਣਾ ਕੰਮ : ਰੈਨਾ
ਕ੍ਰਿਕੇਟਰ ਸੁਰੇਸ਼ ਰੈਨਾ ਨੇ ਟਵੀਟ ਕਰਦੇ ਹੋਏ ਲਿੱਖਿਆ ਕਿ ਪੰਜਾਬ ਵਿੱਚ ਮੇਰੇ ਪਰਿਵਾਰ ਨਾਲ ਜਿਹੜਾ ਕੁਝ ਵੀ ਹੋਇਆ, ਉਹ ਕਾਫ਼ੀ ਜਿਆਦਾ ਭਿਆਨਕ ਸੀ। ਰੈਨਾ ਅੱਗੇ ਲਿੱਖਿਆ ਕਿ ਅਜੇ ਤੱਕ ਅਸੀਂ ਨਹੀਂ ਜਾਣਦੇ ਹਾਂ ਕਿ ਅਸੀਂ ਘੱਟ ਤੋਂ ਘੱਟ ਇਹ ਜਾਣਨਾ ਚਾਹੁੰਦੇ ਹਾਂ ਕਿ ਉਨਾਂ ਦੇ ਨਾਲ ਇਹ ਘਿਣਾਉਣਾ ਕੰਮ ਕਿਸ ਨੇ ਕੀਤਾ ਹੈ, ਉਨਾਂ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.