ਔਰਤਾਂ ਲਈ ਪ੍ਰੇਰਨਾਮਈ ਬਣਿਆ ਸਿਲਾਈ ਮਸ਼ੀਨ ਵੰਡ ਸਮਾਰੋਹ | Welfare Work
ਸਰਸਾ (ਸੁਖਜੀਤ ਮਾਨ)। ਜ਼ਿਲ੍ਹਾ ਸਰਸਾ ਦੇ ਪਿੰਡ ਗੋਰੀਵਾਲਾ ਦੀ ਸਰੋਜ ਰਾਣੀ ਨੂੰ ਹੁਣ ਆਪਣੀ ਇਕੱਲੀ ਮਾਂ ਦੇ ਨਾਲ ਰਹਿ ਕੇ ਗੁਜ਼ਾਰਾ ਕਰਨਾ ਔਖਾ ਨਹੀਂ ਰਹੇਗਾ। ਉਹ ਘਰ ’ਚ ਕੱਪੜੇ ਸਿਲਾਈ ਕਰੇਗੀ ਤਾਂ ਘਰ ਦਾ ਤੋਰੀ-ਫੁਲਕਾ ਸੌਖਾ ਚੱਲੇਗਾ। ਸਰੋਜ ਉਨ੍ਹਾਂ 23 ਭੈਣਾਂ ’ਚ ਸ਼ਾਮਲ ਸੀ, ਜੋ ਸਿਲਾਈ-ਕਢਾਈ ਦਾ ਕੰਮ ਤਾਂ ਜਾਣਦੀਆਂ ਸਨ ਪਰ ਸਿਲਾਈ ਮਸ਼ੀਨਾਂ ਨਹੀਂ ਸਨ, ਜਿਨ੍ਹਾਂ ਨੂੰ ਅੱਜ ਪਵਿੱਤਰ ਮਹਾਂ ਪਰਉਪਕਾਰ ਦਿਵਸ ਦੇ ਪਵਿੱਤਰ ਭੰਡਾਰੇ ਮੌਕੇ ਆਤਮ ਸਨਮਾਨ ਮੁਹਿੰਮ ਤਹਿਤ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ ਹਨ। (Welfare Work)
‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਸਰੋਜ ਰਾਣੀ ਨੇ ਦੱਸਿਆ ਕਿ ਘਰ ’ਚ ਉਹ ਤੇ ਉਸਦੀ ਮਾਂ ਦੋਵੇਂ ਹੀ ਰਹਿੰਦੀਆਂ ਹਨ। ਮਹਿੰਗਾਈ ਦੇ ਇਸ ਦੌਰ ’ਚ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚਲਦਾ ਹੈ। ਉਸਨੇ ਦੱਸਿਆ ਕਿ ਉਹ ਸਿਲਾਈ-ਕਢਾਈ ਦੇ ਕੰਮ ’ਚ ਤਾਂ ਮਾਹਿਰ ਸੀ ਪਰ ਕੋਲ ਸਿਲਾਈ ਮਸ਼ੀਨ ਨਾ ਹੋਣ ਕਰਕੇ ਕੰਮ ਨਹੀਂ ਕਰ ਸਕਦੀ ਸੀ। ਖੁਸ਼ੀ ’ਚ ਨਮ ਅੱਖਾਂ ਨਾਲ ਸਰੋਜ ਨੇ ਆਖਿਆ ਕਿ ‘ਹੁਣ ਉਹ ਮਾਂ ਦਾ ਹੱਥ ਵਟਾਵੇਗੀ’। ਪਿੰਡ ਵਿਰਕ ਖੁਰਦ ਦੀ ਰਾਜਵਿੰਦਰ ਕੌਰ ਵੀ ਆਪਣੇ ਮਜ਼ਦੂਰ ਪਤੀ ਦਾ ਸਹਾਰਾ ਬਣ ਕੇ ਘਰ ਦੀ ਕਬੀਲਦਾਰੀ ’ਚ ਬਰਾਬਰ ਦਾ ਹਿੱਸਾ ਪਾਵੇਗੀ।
ਇਹ ਵੀ ਪੜ੍ਹੋ : ਪਵਿੱਤਰ ਮਹਾਂ ਪਰਉਪਕਾਰ ਦਿਹਾੜੇ ’ਤੇ ਸਾਧ-ਸੰਗਤ ਦਾ ਸਮੁੰਦਰ
ਰਾਜਵਿੰਦਰ ਕੌਰ ਨੇ ਦੱਸਿਆ ਕਿ ਇਕੱਲੇ ਪਤੀ ਦੀ ਮਜ਼ਦੂਰੀ ਨਾਲ ਘਰ ਦਾ ਗੁਜ਼ਾਰਾ ਬਹੁਤ ਔਖਾ ਸੀ, ਧੰਨਵਾਦ ਹੈ ਡੇਰਾ ਸੱਚਾ ਸੌਦਾ ਦਾ ਜਿੱਥੋਂ ਅੱਜ ਸਿਲਾਈ ਮਸ਼ੀਨ ਮਿਲਣ ਨਾਲ ਉਸ ਨੂੰ ਕਬੀਲਦਾਰੀ ’ਚ ਸਹਾਰਾ ਮਿਲੇਗਾ। ਸਰਸਾ ਦੀ ਰਹਿਣ ਵਾਲੀ ਸ਼ੀਲਾ ਇੰਸਾਂ ਦੇ ਸਿਰ ਤੋਂ ਪਤੀ ਦਾ ਸਾਇਆ ਉੱਠ ਗਿਆ ਤਾਂ ਦੋ ਬੇਟੀਆਂ ਤੇ ਇੱਕ ਬੇਟੇ ਨਾਲ ਦੋ ਡੰਗ ਦੀ ਰੋਟੀ ਵੀ ਔਖੀ ਹੋ ਗਈ। ਸ਼ੀਲਾ ਇੰਸਾਂ ਨੇ ਦੱਸਿਆ ਕਿ ਉਹ ਲੋਕਾਂ ਦੇ ਘਰਾਂ ’ਚ ਝਾੜੂ-ਪੋਚੇ ਦਾ ਕੰਮ ਕਰਦੀ ਹੈ ਪਰ ਐਨੇ ਨਾਲ ਗੁਜ਼ਾਰਾ ਬੇਹੱਦ ਮੁਸ਼ਕਲ ਹੈ। ਸਿਲਾਈ ਮਸ਼ੀਨ ਨਾਲ ਰਾਹਤ ਮਿਲਣ ਬਾਰੇ ਪੁੱਛਣ ’ਤੇ ਉਨ੍ਹਾਂ ਆਖਿਆ ਕਿ ਹੁਣ ਉਹ ਝਾੜੂ ਪੋਚੇ ਦੇ ਕੰਮ ਤੋਂ ਬਾਅਦ ਬਾਕੀ ਬਚਦੇ ਸਮੇਂ ’ਚ ਸਿਲਾਈ-ਕਢਾਈ ਕਰੇਗੀ ਤਾਂ ਘਰ ਦੇ ਖਰਚੇ ਤੋਰਨ ’ਚ ਰਾਹਤ ਮਿਲੇਗੀ।
ਪਿੰਡ ਆਧਨੀਆਂ ਦੀ ਵਿਧਵਾ ਸੁਖਜੀਤ ਕੌਰ ਲਈ ਤਿੰਨ ਬੇਟਿਆਂ ਦੀ ਪੜ੍ਹਾਈ ਦਾ ਖਰਚਾ ਤੋਰਨਾ ਸੌਖਾ ਨਹੀਂ। ਉਹ ਦੱਸਦੇ ਨੇ ਕਿ ਅੱਜ ਜੋ ਉਸਨੂੰ ਸਿਲਾਈ ਮਸ਼ੀਨ ਮਿਲੀ ਹੈ, ਉਸਦਾ ਘਰੇਲੂ ਖਰਚਾ ਤੋਰਨ ’ਚ ਮੱਦਦ ਕਰੇਗੀ। ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਮਮਦੋਟ ਨੇੜਲੇ ਪਿੰਡ ਹਜ਼ਾਰਾ ਸਿੰਘ ਦੀ ਵਿਧਵਾ ਕਸ਼ਮੀਰ ਕੌਰ ਨੇ ਵੀ ਸਿਲਾਈ ਮਸ਼ੀਨ ਮਿਲਣ ’ਤੇ ਸਕੂਨ ਮਹਿਸੂਸ ਕੀਤਾ। ਕਸ਼ਮੀਰ ਕੌਰ ’ਚ ਸਿਲਾਈ-ਕਢਾਈ ਦੀ ਕਲਾ ਤਾਂ ਪਹਿਲਾਂ ਤੋਂ ਹੀ ਸੀ ਪਰ ਇਸ ਕੰਮ ਲਈ ਮਸ਼ੀਨ ਖ੍ਰੀਦਣਾ ਔਖਾ ਸੀ ਪਰ ਅੱਜ ਡੇਰਾ ਸੱਚਾ ਸੌਦਾ ਵੱਲੋਂ ਉਸ ਨੂੰ ਵੀ ਸਿਲਾਈ ਮਸ਼ੀਨ ਮਿਲ ਗਈ।
ਕਸ਼ਮੀਰ ਕੌਰ ਨੇ ਆਖਿਆ ਕਿ ਉਹ ਪੂਜਨੀਕ ਗੁਰੂ ਜੀ ਦਾ ਧੰਨਵਾਦ ਕਰਦੀ ਹੈ, ਜਿਨ੍ਹਾਂ ਦੇ ਦਰ ’ਤੇ ਆ ਕੇ ਉਸ ਨੂੰ ਸਿਲਾਈ ਮਸ਼ੀਨ ਮਿਲ ਗਈ, ਜਿਸ ਨਾਲ ਉਸ ਨੂੰ ਕਾਫੀ ਮੱਦਦ ਮਿਲੇਗੀ। ਇਹ ਸਿਰਫ ਕੁਝ ਕੁ ਉਨ੍ਹਾਂ ਔਰਤਾਂ ਦਾ ਜ਼ਿਕਰ ਹੈ, ਜਦੋਂਕਿ ਬਾਕੀ ਔਰਤਾਂ ਦੇ ਘਰਾਂ ਵੀ ਇਹੋ ਕਹਾਣੀ ਹੈ, ਜਿਨ੍ਹਾਂ ਨੂੰ ਮਹਿੰਗਾਈ ਦੇ ਇਸ ਦੌਰ ’ਚ ਆਪਣੀ ਰੋਜ਼ੀ-ਰੋਟੀ ਲਈ ਕਾਫੀ ਮੁਸ਼ਕਲ ਝੱਲਣੀ ਪੈ ਰਹੀ ਸੀ ਤੇ ਅੱਜ ਡੇਰਾ ਸੱਚਾ ਸੌਦਾ ਦੀ ਆਤਮ ਸਨਮਾਨ ਮੁਹਿੰਮ ਤਹਿਤ ਸਿਲਾਈ ਮਸ਼ੀਨਾਂ ਮਿਲਣ ਨਾਲ ਮੱਦਦ ਮਿਲੇਗੀ।
ਸਿਲਾਈ-ਕਢਾਈ ਦੀ ਸਿਖਲਾਈ ਵੀ ਮੁਫ਼ਤ | Welfare Work
ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾਂਦੇ ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਦੇਸ਼ ਭਰ ਦੇ ਵੱਖ-ਵੱਖ ਬਲਾਕਾਂ ’ਚ ਹਜ਼ਾਰਾਂ ਸਿਲਾਈ-ਕਢਾਈ ਸਿਖਲਾਈ ਮੁਫ਼ਤ ਕੇਂਦਰ ਵੀ ਖੋਲ੍ਹੇ ਗਏ ਹਨ, ਜਿੱਥੇ ਇਹ ਕੰਮ ਸਿੱਖਣ ਦੀਆਂ ਇੱਛੁਕ ਭੈਣਾਂ ਸਿਖਲਾਈ ਹਾਸਲ ਕਰਕੇ ਅੱਜ ਆਪਣੇ ਘਰਾਂ ਦਾ ਗੁਜ਼ਾਰਾ ਬੜੀ ਸੌਖ ਨਾਲ ਚਲਾ ਰਹੀਆਂ ਹਨ।