ਪਰਨੀਤ ਕੌਰ ਤੇ ਬਾਜਵਾ ਵੱਲੋਂ ਮਨਾਉਣ ਦੀਆਂ ਕੋਸ਼ਿਸ਼ਾਂ ਨਾਕਾਮ | Sunil Jakhar
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਕਾਂਗਰਸ ਪ੍ਰਧਾਨ ਸੁਨੀਲ (Sunil Jakhar) ਜਾਖੜ ਨੇ ਨਰਾਜ਼ਗੀ ਦੂਰ ਕਰਨ ਦੀ ਥਾਂ ‘ਤੇ ਸਾਫ਼ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਕਾਰਨ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਅਤੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਵੱਲੋਂ ਕੀਤੀ ਗਈ ਕਈ ਵਾਰ ਦੀ ਕੋਸ਼ਸ਼ ਵੀ ਲਗਭਗ ਅਸਫ਼ਲ ਹੋ ਗਈ ਹੈ। ਜਿਸ ਕਾਰਨ ਸੁਨੀਲ ਜਾਖੜ ਚੰਡੀਗੜ੍ ਵਿਖੇ ਹੋਣ ਦੇ ਬਾਵਜੂਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮਿਲਣ ਲਈ ਨਹੀਂ ਗਏ। ਤ੍ਰਿਪਤ ਰਾਜਿੰਦਰ ਬਾਜਵਾ ਦੀ ਡਿਊਟੀ ਲਗਾਈ ਗਈ ਸੀ ਕਿ ਉਹ ਸੁਨੀਲ ਜਾਖੜ ਨੂੰ ਮਨਾਉਣ ਤੋਂ ਬਾਅਦ ਮੁੱਖ ਮੰਤਰੀ ਦੀ ਕੋਠੀ ਵਿਖੇ ਲੈ ਕੇ ਆਉਣਗੇ, ਜਿਥੇ ਕਿ ਖ਼ੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਬੁੱਧਵਾਰ ਸ਼ਾਮ ਨੂੰ ਜਿਹੜਾ ਮੁੱਖ ਮੰਤਰੀ ਦੇ ਦਫ਼ਤਰ ਵਿੱਚ ਹੋਇਆ ਉਸ ‘ਤੇ ਅਫ਼ਸੋਸ ਵੀ ਪ੍ਰਗਟ ਕਰਨਗੇ ਪਰ ਅਜਿਹਾ ਕੁਝ ਵੀ ਨਹੀਂ ਹੋਇਆ।
ਸੁਨੀਲ (Sunil Jakhar) ਜਾਖੜ ਵੱਲੋਂ ਇਸ ਮਾਮਲੇ ਨੂੰ ਦਿੱਤੇ ਜਾ ਰਹੇ ਜਿਆਦਾ ਤੂਲ ਨੂੰ ਦੇਖਦੇ ਹੋਏ ਹੁਣ ਮੁੱਖ ਮੰਤਰੀ ਅਮਰਿੰਦਰ ਸਿੰਘ ਹੀ ਨਰਾਜ਼ ਹੋ ਗਏ ਹਨ, ਕਿਉਂਕਿ ਇੰਨਾ ਜਿਆਦਾ ਮਨਾਉਣ ਦੇ ਬਾਵਜੂਦ ਸੁਨੀਲ ਜਾਖੜ ਨੇ ਮੁੱਖ ਮੰਤਰੀ ਨੂੰ ਮਿਲਣ ਲਈ ਉਨ੍ਹਾਂ ਦੀ ਰਿਹਾਇਸ਼ ‘ਤੇ ਤਾਂ ਕੀ ਜਾਣਾ ਸੀ, ਸਗੋਂ ਸਵੇਰੇ ਸੰਗਰੂਰ ਦੀ ਰੈਲੀ ਵਿੱਚ ਵਿਰੋਧੀ ਪਾਰਟੀਆਂ ‘ਤੇ ਸੁਨੀਲ ਜਾਖੜ ਵੱਲੋਂ ਹਮਲਾ ਘੱਟ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ‘ਤੇ ਹਮਲਾ ਜਿਆਦਾ ਕੀਤਾ ਗਿਆ। ਸੁਨੀਲ ਜਾਖੜ ਵਲੋਂ ਸਰਕਾਰੀ ਸਮਾਗਮ ਦੌਰਾਨ ਇਸ ਤਰ੍ਹਾਂ ਦੇ ਦਿੱਤੇ ਗਏ ਭਾਸ਼ਣ ਨੂੰ ਸੁਣ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਨਰਾਜ਼ਗੀ ਜ਼ਾਹਿਰ ਕੀਤੀ ਹੈ ਕਿ ਉਹ ਤਾਂ ਵਿਧਾਇਕਾਂ ਨੂੰ ਪਾਰਟੀ ਦੇ ਅੰਦਰ ਬੈਠ ਕੇ ਗੱਲ ਜਾਂ ਫਿਰ ਨਰਾਜ਼ਗੀ ਰੱਖਣ ਦੀ ਸਲਾਹਾਂ ਦਿੰਦੇ ਆ ਰਹੇ ਹਨ ਪਰ ਹੁਣ ਖ਼ੁਦ ਹੀ ਸਰਕਾਰੀ ਸਮਾਗਮ ਦੌਰਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਹੀ ਖ਼ਿਲਾਫ਼ ਬੋਲ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਧੀਆਂ ਲਈ ਇੱਕ ਹੋਰ ਤੋਹਫ਼ਾ, ਖਾਤਿਆਂ ਵਿੱਚ ਆਉਣਗੇ 6 ਹਜ਼ਾਰ ਰੁਪਏ
ਦੱਸਿਆ ਜਾ ਰਿਹਾ ਹੈ ਕਿ ਭਵਾਨੀਗੜ੍ਹ ਵਿਖੇ ਹੋਏ ਸਰਕਾਰੀ ਸਮਾਗਮ ਦੌਰਾਨ ਮਹਾਰਾਣੀ ਪ੍ਰਨੀਤ ਕੌਰ ਨੇ ਵੀ ਸੁਨੀਲ ਜਾਖੜ ਨਾਲ ਗੱਲਬਾਤ ਕੀਤੀ ਸੀ। ਜਿਥੇ ਕਿ ਸੁਨੀਲ ਜਾਖੜ ਨੇ ਇਹੋ ਜਿਹੀ ਕਿਸੇ ਨਰਾਜ਼ਗੀ ਨੂੰ ਅੱਗੇ ਲੈ ਕੇ ਚਲਣ ਤੋਂ ਇਨਕਾਰ ਵੀ ਕਰ ਦਿੱਤਾ ਸੀ ਪਰ ਤ੍ਰਿਪਤ ਰਾਜਿੰਦਰ ਬਾਜਵਾ ਨਾਲ ਹੋਈ ਮੀਟਿੰਗ ਵਿੱਚ ਸੁਨੀਲ ਜਾਖੜ ਨੇ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਤ੍ਰਿਪਤ ਰਾਜਿੰਦਰ ਬਾਜਵਾ ਨੂੰ ਸੁਨੀਲ ਜਾਖੜ ਨੇ ਸਾਫ਼ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਨਾਲ ਹੁਣ ਵੀ ਕੁਝ ਲੋਕ ਚੱਲ ਰਹੇ ਹਨ, ਜਿਹੜੇ ਕਿ ਉਨ੍ਹਾਂ ਨੂੰ ਗੁਮਰਾਹ ਕਰਕੇ ਹੋਏ ਖ਼ਰਾਬ ਕਰ ਰਹੇ ਹਨ। ਇਸ ਲਈ ਉਸ ਜੁੰਡਲੀ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਦੂਰ ਕੀਤਾ ਜਾਵੇ ਨਹੀਂ ਤਾਂ ਪਾਰਟੀ ਅਤੇ ਸਰਕਾਰ ਦਾ ਨੁਕਸਾਨ ਹੋਏਗਾ।
ਇੰਸਪੈਕਟਰ ਨੂੰ ਕਲੀਨ ਚਿੱਟ, ਮੁੱਖ ਮੰਤਰੀ ਨੂੰ ਦਿੱਤੀ ਸਾਰੀ ਜਾਣਕਾਰੀ
ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਲੱਗੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੁਨੀਲ ਜਾਖੜ ਜਾਂ ਫਿਰ ਉਨ੍ਹਾਂ ਨਾਲ ਆਏ ਸਾਥੀਆਂ ਦਾ ਮੋਬਾਇਲ ਫੋਨ ਰਖਵਾ ਕੇ ਉਨ੍ਹਾਂ ਵੱਲੋਂ ਕੋਈ ਗਲਤੀ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਮੌਕੇ ‘ਤੇ ਡਿਊਟੀ ਦੇ ਰਹੇ ਇੰਸਪੈਕਟਰ ਅਤੇ ਹੋਰ ਸਟਾਫ਼ ਨੇ ਨਿਯਮਾਂ ਅਨੁਸਾਰ ਹੀ ਕਾਰਵਾਈ ਕੀਤੀ ਹੈ, ਇਸ ਲਈ ਉਨ੍ਹਾਂ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਹੋਏਗੀ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਨੂੰ ਹਰ ਤਰ੍ਹਾਂ ਦੇ ਨਿਯਮਾਂ ਤੋਂ ਛੋਟ ਦਿੱਤੀ ਜਾ ਸਕਦੀ ਹੈ ਪਰ ਉਨ੍ਹਾਂ ਨਾਲ ਆਏ ਸਾਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਛੋਟ ਨਹੀਂ ਦਿੱਤੀ ਜਾ ਸਕਦੀ ਹੈ, ਜਿਸ ਕਾਰਨ ਹੀ ਇਹ ਸਾਰਾ ਮਾਮਲਾ ਭਖਿਆ ਹੈ। ਇਸ ਸਾਰੇ ਮਾਮਲੇ ਦੀ ਜਾਣਕਾਰੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਵੀ ਦੇ ਦਿੱਤੀ ਗਈ ਹੈ।
ਦਿੱਲੀ ਦਰਬਾਰ ਤੱਕ ਪੁੱਜੀ ਜਾਖੜ ਦੀ ਨਰਾਜ਼ਗੀ | Sunil Jakhar
ਦਿੱਲੀ ਦਰਬਾਰ ਤੱਕ ਸੁਨੀਲ ਜਾਖੜ ਦੀ ਨਰਾਜ਼ਗੀ ਪੁੱਜ ਗਈ ਹੈ ਪਰ ਇਸ ਸਬੰਧੀ ਦਿੱਲੀ ਦਰਬਾਰ ਤੋਂ ਨਾ ਹੀ ਸੁਨੀਲ ਜਾਖੜ ਨੂੰ ਕੁਝ ਕਿਹਾ ਗਿਆ ਹੈ ਅਤੇ ਨਾ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਕੁਝ ਵੀ ਪੁੱਛਿਆ ਗਿਆ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਬੈਠੇ ਸੀਨੀਅਰ ਕਾਂਗਰਸੀ ਲੀਡਰਾਂ ਨੇ ਸੁਨੀਲ ਜਾਖੜ ਨਾਲ ਫੋਨ ‘ਤੇ ਗੱਲ ਕੀਤੀ ਹੈ ਅਤੇ ਸਾਰੇ ਮਾਮਲੇ ਦੀ ਜਾਣਕਾਰੀ ਵੀ ਲਈ ਹੈ ।
3 ਘੰਟਿਆਂ ‘ਚ ਤੈਅ ਨਹੀਂ ਹੋਈ 3 ਮਿੰਟਾਂ ਦੀ ਦੂਰੀ | Sunil Jakhar
ਸੁਨੀਲ ਜਾਖੜ ਚੰਡੀਗੜ੍ਹ ਵਿਖੇ ਆ ਕੇ 3 ਘੰਟਿਆਂ ਤੱਕ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕੋਠੀ ਦੀ ਬੈਕ ਸਾਈਡ ‘ਤੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦੀ ਕੋਠੀ ਬੈਠੇ ਰਹਿ ਗਏ ਪਰ ਇਸ 3 ਘੰਟਿਆਂ ਦੌਰਾਨ ਸੁਨੀਲ ਜਾਖੜ ਸਿਰਫ਼ 3 ਮਿੰਟਾਂ ਦੀ ਦੂਰੀ ‘ਤੇ ਸਥਿੱਤ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕੋਠੀ ਵਿੱਚ ਉਨ੍ਹਾਂ ਨੂੰ ਮਿਲਣ ਲਈ ਤੱਕ ਨਹੀਂ ਗਏ। ਅਮਰਿੰਦਰ ਸਿੰਘ ਨੂੰ ਵੀ ਜਾਣਕਾਰੀ ਸੀ ਕਿ ਸੁਨੀਲ ਜਾਖੜ ਉਨ੍ਹਾਂ ਦੀ ਕੋਠੀ ਦੇ ਨਾਲ ਹੀ ਬੈਠੇ ਹਨ ਪਰ ਲੰਬਾ ਇੰਤਜ਼ਾਰ ਕਰਨ ਤੋਂ ਬਾਅਦ ਵੀ ਸੁਨੀਲ ਜਾਖੜ ਅਮਰਿੰਦਰ ਸਿੰਘ ਨੂੰ ਮਿਲਣ ਲਈ ਨਹੀਂ ਗਏ। ਅਮਰਿੰਦਰ ਸਿੰਘ ਵਲੋਂ ਸ਼ਾਮ 4 ਵਜੇ ਤੋਂ ਬਾਅਦ ਕਿਸੇ ਨਾਲ ਵੀ ਮੁਲਾਕਾਤ ਤੱਕ ਨਹੀਂ ਕੀਤੀ, ਕਿਉਂਕਿ ਉਨ੍ਹਾਂ ਨੂੰ ਉਮੀਦ ਸੀ ਕਿ ਸੁਨੀਲ ਜਾਖੜ ਮਿਲਣ ਲਈ ਆਉਣਗੇ ਪਰ ਇੰਝ ਨਹੀਂ ਹੋਇਆ।