ਸਾਡੇ ਨਾਲ ਸ਼ਾਮਲ

Follow us

19.8 C
Chandigarh
Monday, March 2, 2026
More
    Home Breaking News Renewable Ene...

    Renewable Energy: ਸੂਰਜ, ਪੌਣ ਅਤੇ ਭਵਿੱਖ, ਵਾਤਾਵਰਣ ਸੁਰੱਖਿਆ ਦਾ ਨਵਾਂ ਮੰਤਰ

    Renewable Energy
    Renewable Energy: ਸੂਰਜ, ਪੌਣ ਅਤੇ ਭਵਿੱਖ, ਵਾਤਾਵਰਣ ਸੁਰੱਖਿਆ ਦਾ ਨਵਾਂ ਮੰਤਰ

    Renewable Energy: ਅੱਜ ਸਮੁੱਚਾ ਸੰਸਾਰ ਜਿੱਥੇ ਇੱਕ ਪਾਸੇ ਗਲੋਬਲ ਵਾਰਮਿੰਗ, ਮੌਸਮੀ ਤਬਦੀਲੀ ਅਤੇ ਵਾਤਾਵਰਨੀ ਚੱਕਰ ਵਿੱਚ ਉਲਝਿਆ ਪਿਆ ਹੈ, ਉੱਥੇ ਊਰਜਾ ਸੰਕਟ ਸੰਸਾਰ ਸਾਹਮਣੇ ਨਵੀਂ ਸਮੱਸਿਆ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ। ਤੇਜੀ ਨਾਲ ਵਧ ਰਹੀ ਅਬਾਦੀ, ਉਦਯੋਗੀਕਰਨ ਅਤੇ ਜੀਵਨ ਸ਼ੈਲੀ ਵਿੱਚ ਹੋ ਰਹੇ ਬਦਲਾਅ ਕਰਕੇ ਊਰਜਾ ਦੀ ਮੰਗ ਵੀ ਤੇਜੀ ਨਾਲ ਵਧੀ ਹੈ ਅਤੇ ਇਸ ਮੰਗ ਨੂੰ ਪੂਰਾ ਕਰਨ ਲਈ ਕੋਲਾ ਆਦਿ ਕੁਦਰਤੀ ਸਾਧਨਾਂ ’ਤੇ ਨਿਰਭਰਤਾ ਵੀ ਵਧੀ। ਇਹ ਸਾਧਨ ਸੀਮਤ ਹੋਣ ਦੇ ਨਾਲ-ਨਾਲ ਧਰਤੀ ਤੇ ਜੀਵਨ ਲਈ ਘਾਤਕ ਵੀ ਹਨ।

    ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੋਲਾ, ਪੈਟਰੋਲੀਅਮ ਤੇ ਕੁਦਰਤੀ ਸਾਧਨਾਂ ਨੇ ਦੇਸ਼ ਦੀ ਆਰਥਿਕ ਖੁਸ਼ਹਾਲੀ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ ਪਰੰਤੂ ਇਸ ਦੇ ਨਕਾਰਾਤਮਕ ਪੱਖਾਂ-ਪ੍ਰਦੂਸ਼ਣ, ਤਾਪਮਾਨ ਵਾਧੇ ਤੇ ਕੁਦਰਤੀ ਆਫਤਾਂ- ਨੇ ਧਰਤੀ ਨੂੰ ਦੂਸ਼ਿਤ ਵੀ ਕੀਤਾ ਹੈ। ਧਰਤੀ ਉੱਤੇ ਵਧ ਰਹੇ ਪ੍ਰਦੂਸ਼ਣ ਨੂੰ ਘਟਾਉਣ ਅਤੇ ਖਤਮ ਹੋ ਰਹੇ ਕੁਦਰਤੀ ਸਾਧਨਾਂ ਉੱਤੇ ਨਿਰਭਰਤਾ ਘਟਾਉਣ ਦਾ ਬਦਲ ਹੈ ਨਵਿਆਉਣਯੋਗ ਊਰਜਾ ‘ਸੂਰਜੀ ਅਤੇ ਪੌਣ ਊਰਜਾ’ ਜੋ ਮਨੁੱਖਤਾ ਲਈ ਇੱਕ ਉਮੀਦ ਦੀ ਮਜ਼ਬੂਤ ਕਿਰਨ ਬਣ ਕੇ ਸਾਹਮਣੇ ਆਈ ਹੈ। ਸਵਾਲ ਇਹ ਉੱਠਦਾ ਹੈ ਕਿ ਕੀ ਸੂਰਜੀ ਅਤੇ ਪੌਣ ਊਰਜਾ ਸਾਡੀ ਹਰੀ-ਭਰੀ ਧਰਤੀ ਨੂੰ ਬਚਾ ਸਕਦੀਆਂ ਹਨ?

    ਇਹ ਖਬਰ ਵੀ ਪੜ੍ਹੋ : Punjab Police Encounter News: ਰਣਜੀਤ ਸਿੰਘ ਐਨਕਾਉਂਟਰ ਮਾਮਲਾ- ਪਰਿਵਾਰ ਨੇ ਇਨਸਾਫ਼ ਲਈ ਲਾਇਆ ਧਰਨਾ

    ਸੰਯੁਕਤ ਰਾਸ਼ਟਰ ਅਤੇ ਜਲਵਾਯੂ ਤਬਦੀਲੀ ਉੱਤੇ ਅੰਤਰ-ਸਰਕਾਰੀ ਪੈਨਲ ਦੀਆਂ ਰਿਪੋਰਟਾਂ ਸਪੱਸ਼ਟ ਕਰਦੀਆਂ ਹਨ ਕਿ ਜੇਕਰ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਤੁਰੰਤ ਨਹੀਂ ਘਟਾਇਆ ਗਿਆ ਤਾਂ ਆਉਣ ਵਾਲੇ ਦਹਾਕੇ ਵਿੱਚ ਧਰਤੀ ਦਾ ਤਾਪਮਾਨ 1.5 ਤੋਂ 2 ਡਿਗਰੀ ਸੈਲਸੀਅਸ ਤੋਂ ਵੱਧ ਵਧ ਸਕਦਾ ਹੈ। ਇਹ ਵਾਧਾ ਸਿਰਫ਼ ਅੰਕੜਿਆਂ ਦੀ ਗੱਲ ਤੱਕ ਸੀਮਤ ਨਹੀਂ, ਇਹ ਕੁਦਰਤੀ ਆਫਤਾਂ ਤੇ ਭੋਜਨ ਸੁਰੱਖਿਆ ਉੱਤੇ ਵੱਡਾ ਖ਼ਤਰਾ ਹੋਵੇਗਾ। ਸਾਡੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼, ਜਿੱਥੇ ਵੱਡੀ ਅਬਾਦੀ ਖੇਤੀ ’ਤੇ ਨਿਰਭਰ ਕਰਦੀ ਹੈ, ਲਈ ਇਹ ਤਬਦੀਲੀ ਘਾਤਕ ਸਿੱਧ ਹੋ ਸਕਦੀ ਹੈ।

    ਸੋਲਰ ਊਰਜਾ-ਸੂਰਜੀ ਸ਼ਕਤੀ:

    ਭਾਰਤ ਦੀ ਭੂਗੋਲਿਕ ਸਥਿਤੀ ਸੋਲਰ ਜਾਂ ਸੂਰਜੀ ਊਰਜਾ ਲਈ ਕਾਫੀ ਉਪਯੋਗੀ ਹੈ। ਇੱਥੇ ਸਾਲ ਵਿੱਚ 300 ਤੋਂ ਵੱਧ ਦਿਨ ਧੁੱਪਾਂ ਵਾਲੇ ਹੁੰਦੇ ਹਨ। ਇਸ ਕਰਕੇ ਸੋਲਰ ਪੈਨਲਾਂ ਰਾਹੀਂ ਬਿਜਲੀ ਉਤਪਾਦਨ ਦੀ ਸੰਭਾਵਨਾ ਦਾ ਖੇਤਰ ਵਿਸ਼ਾਲ ਹੈ। ਤਕਨਾਲੋਜੀ ਵਿੱਚ ਆਈ ਕ੍ਰਾਂਤੀ ਦੇ ਸਿੱਟੇ ਵੱਜੋਂ ਪਿਛਲੇ ਕੁਝ ਸਾਲਾਂ ਵਿੱਚ ਸੂਰਜੀ ਊਰਜਾ ਦੀ ਲਾਗਤ ਵਿੱਚ ਵੱਡੀ ਕਮੀ ਆਈ ਹੈ ਅਤੇ ਜਿੱਥੇ ਇਹ ਕੋਲੇ ਅਤੇ ਹੋਰ ਕਦਰਤੀ ਸਾਧਨਾਂ ਦਾ ਮੁਕਾਬਲਾ ਕਰਨ ਦੇ ਯੋਗ ਹੋਈ ਹੈ, ਉੱਥੇ ਆਮ ਲੋਕਾਂ ਵਿੱਚ ਘੱਟ ਲਾਗਤ ਕਰਕੇ ਹਰਮਨਪਿਆਰੀ ਹੋ ਰਹੀ ਹੈ। ਮੌਜੂਦਾ ਸਮੇਂ ਵਿੱਚ ਭਾਰਤ ਅੰਤਰਰਾਸ਼ਟਰੀ ਸੋਲਰ ਸਮੂਹ ਦੀ ਨੁਮਾਇੰਦਗੀ ਵੀ ਕਰਦਾ ਹੈ।

    ਜਿਸ ਵਿੱਚ ਸੌ ਤੋਂ ਵੱਧ ਦੇਸ਼ ਹਨ ਜੋ ਕਰਕ ਅਤੇ ਮੱਕਰ ਰੇਖਾ ਦੇ ਵਿਚਕਾਰ ਸਥਿਤ ਦੇਸ਼ ਹਨ ਅਤੇ ਇੱਥੇ ਸੋਲਰ ਊਰਜਾ ਦੀ ਸੰਭਾਵਨਾ ਵੱਧ ਹੈ। ਇਹ ਸਮੂਹ ਇੱਕ ਸੰਸਥਾ ਮਾਤਰ ਨਹੀਂ, ਸਗੋਂ ਸੂਰਜੀ ਕ੍ਰਾਂਤੀ ਦੀ ਦਿਸ਼ਾ ਵਿੱਚ ਇੱਕ ਸੰਸਾਰ-ਪੱਧਰੀ ਅਭਿਆਨ ਵੀ ਹੈ। ਸੂਰਜੀ ਊਰਜਾ ਦੇ ਲਾਭ ਸਪੱਸ਼ਟ ਹਨ- ਇਹ ਸਾਫ ਅਤੇ ਪ੍ਰਦੂਸ਼ਣ ਮੁਕਤ ਬਿਜਲੀ ਪ੍ਰਦਾਨ ਕਰਨ ਦੇ ਨਾਲ-ਨਾਲ ਕਾਰਬਨ ਨਿਕਾਸ ਨੂੰ ਘਟਾਉਂਦੀ ਹੈ। ਅੱਜ ਸਾਰੇ ਭਾਰਤ ਵਿੱਚ ਛੱਤਾਂ ਉੱਤੇ ਲੱਗੇ ਸੋਲਰ ਪੈੱਨਲ ਘਰ-ਘਰ ਰੌਸ਼ਨੀ ਪਹੁੰਚਾ ਰਹੇ ਹਨ। ਕਿਸਾਨ ਸੋਲਰ ਪੰਪਾਂ ਨਾਲ ਸਿੰਚਾਈ ਕਰ ਰਹੇ ਹਨ। ਇਹ ਸੋਲਰ ਊਰਜਾ ਸਾਨੂੰ ਆਤਮ-ਨਿਰਭਰਤਾ ਵੱਲ ਵੀ ਲੈ ਕੇ ਜਾ ਰਹੀ ਹੈ।

    ਪੌਣ ਊਰਜਾ-ਹਵਾ ਦੀ ਸ਼ਕਤੀ: | Renewable Energy

    ਪੌਣ ਊਰਜਾ ਵੀ ਨਵਿਆਉਣਯੋਗ ਊਰਜਾ ਦੇ ਮੁੱਖ ਸੋਮਿਆਂ ਵਿੱਚੋਂ ਇੱਕ ਹੈ। ਇਹ ਸਮੁੰਦਰੀ ਕਿਨਾਰਿਆਂ ਤੇ ਪਹਾੜੀ ਖੇਤਰਾਂ ਵਿੱਚ ਜ਼ਿਆਦਾ ਕਾਰਗਰ ਸਿੱਧ ਹੋਈ ਹੈ। ਇਨ੍ਹਾਂ ਖੇਤਰਾਂ ਵਿੱਚ ਲੱਗੇ ਵੱਡੇ-ਵੱਡੇ ਟਰਬਾਈਨ ਕਾਫੀ ਮਾਤਰਾ ਵਿੱਚ ਬਿਜਲੀ ਪੈਦਾ ਕਰਨ ਵਿੱਚ ਸਮਰੱਥ ਹਨ। ਭਾਰਤ ਦਾ ਸਮੁੰਦਰੀ ਕੰਢਾ ਕਾਫੀ ਵਿਸ਼ਾਲ ਹੋਣ ਕਰਕੇ ਪੌਣ ਊਰਜਾ ਦੀ ਸੰਭਾਵਨਾ ਹੋਰ ਵੀ ਵਧ ਜਾਂਦੀ ਹੈ। ਸੰਸਾਰ ਵਿੱਚ ਡੈਨਮਾਰਕ ਅਜਿਹਾ ਦੇਸ਼ ਹੈ, ਜਿੱਥੇ ਬਿਜਲੀ ਦੀ ਵੱਡੀ ਪੂਰਤੀ ਪੌਣ ਊਰਜਾ ਤੋਂ ਕੀਤੀ ਜਾਂਦੀ ਹੈ।

    ਸਾਡੇ ਦੇਸ਼ ਵਿੱਚ ਤਾਮਿਲਨਾਡੂ ਅਤੇ ਗੁਜਰਾਤ ਰਾਜ ਪੌਣ ਊਰਜਾ ਉਤਪਾਦਨ ਦੇ ਕੇਂਦਰ ਬਣ ਚੁੱਕੇ ਹਨ। ਪੌਣ ਊਰਜਾ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਸ ਵਿੱਚ ਲਾਗਤ ਬਹੁਤ ਘੱਟ ਅਤੇ ਕਾਰਬਨ ਨਿਕਾਸ ਨਾ-ਮਾਤਰ ਹੈ। ਭਾਵੇਂ ਕਿ ਇਹ ਮੌਸਮੀ ਅਸਥਿਰਤਾ ਨਾਲ ਜੁੜੀ ਹੈ, ਜਿਵੇਂ ਹਵਾ ਦੀ ਗਤੀ ਘੱਟ ਹੋਣ ’ਤੇ ਊਰਜਾ ਪੈਦਾਵਾਰ ਪ੍ਰਭਾਵਿਤ ਹੁੰਦੀ ਹੈ ਪਰੰਤੂ ਫਿਰ ਵੀ ਵਾਤਾਵਰਨ ਪੱਖੀ ਹੋਣ ਕਰਕੇ ਕੁਝ ਸਮੇਂ ਤੋਂ ਇਸ ਦਾ ਰੁਝਾਨ ਵਧਿਆ ਹੈ।

    ਨਵਿਆਉਣਯੋਗ ਊਰਜਾ ਦੇ ਦੂਜੇ ਪੱਖ:

    ਨਵਿਆਉਣਯੋਗ ਊਰਜਾ ਸਿਰਫ਼ ਬਿਜਲਈ ਊਰਜਾ ਉਤਪਾਦਨ ਜਾਂ ਵਾਤਾਵਰਨੀ ਮਸਲੇ ਤੱਕ ਸੀਮਤ ਨਹੀਂ, ਸਗੋਂ ਇਹ ਆਰਥਿਕ ਮੌਕਾ ਵੀ ਪ੍ਰਦਾਨ ਕਰਦੀ ਹੈ। ਜੇਕਰ ਰਾਜਨੀਤਿਕ ਪੱਖੋਂ ਇਸ ਖੇਤਰ ਵੱਲ ਸਕਾਰਾਤਮਕ ਕਦਮ ਚੁੱਕੇ ਜਾਣ ਤਾਂ ਨਵੀਂ ਤਕਨਾਲੋਜੀ, ਰੁਜ਼ਗਾਰ ਦੇ ਸੋਮੇ ਅਤੇ ਘਰੇਲੂ ਉਦਯੋਗਾਂ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ।

    ਭਾਰਤ ਸਰਕਾਰ ਵੱਲੋਂ ‘ਮੇਕ ਇਨ ਇੰਡੀਆ’ ਪ੍ਰੋਜੈਕਟ ਤਹਿਤ ਸੋਲਰ ਪੈਨਲ ਅਤੇ ਬੈਟਰੀ ਉਦਯੋਗਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਜੇਕਰ ਸਰਕਾਰਾਂ ਭਵਿੱਖਤ ਸੰਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਵਿਆਉਣਯੋਗ ਊਰਜਾ ਵਿੱਚ ਸਬਸਿਡੀਆਂ, ਟੈਕਸਾਂ ਵਿੱਚ ਛੂਟ ਤੇ ਢੁੱਕਵੀਂ ਨੀਤੀ ਬਣਾਉਣ ਅਤੇ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਵਿੱਚ ਸਫ਼ਲ ਰਹਿੰਦੀਆਂ ਹਨ, ਤਾਂ ਇਸ ਖੇਤਰ ਕਾਫੀ ਤਰੱਕੀ ਦੀ ਸੰਭਾਵਨਾ ਬਣਦੀ ਹੈ।

    ਭਵਿੱਖਤ ਦਿਸ਼ਾ: | Renewable Energy

    ਭਾਵੇਂ ਕਿ ਭਵਿੱਖ ਸਿਰਫ਼ ਸੂਰਜੀ ਅਤੇ ਪੌਣ ਊਰਜਾ ਤੱਕ ਸੀਮਤ ਨਹੀਂ ਰਹੇਗਾ। ਸਾਡੇ ਸਾਇੰਸਦਾਨ ਹਾਈਡ੍ਰੋਜ਼ਨ ਫ਼ਿਊਲ, ਬਾਇਓ-ਐਨਰਜ਼ੀ ਅਤੇ ਨਿਊਕਲੀਅਰ ਊਰਜਾ ’ਤੇ ਵੀ ਕੰਮ ਕਰ ਰਹੇ ਹਨ। ਪਰੰਤੂ ਮੌਜੂਦਾ ਸਮੇਂ ਵਿੱਚ ਸਭ ਤੋਂ ਵੱਡੀ ਸੰਭਾਵਨਾ ਤੇ ਤੇਜ਼ੀ ਨਾਲ ਵਿਕਾਸ ਸੂਰਜੀ ਅਤੇ ਪੌਣ ਖੇਤਰ ਵਿੱਚ ਹੀ ਦਿਖਾਈ ਦਿੰਦਾ ਹੈ। ਧਰਤੀ ਨੂੰ ਬਚਾਉਣਾ ਅਤੇ ਹਰਿਆ-ਭਰਿਆ ਰੱਖਣਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ। ਜੇਕਰ ਅਸੀਂ ਅੱਜ ਇਸ ਬਾਬਤ ਫ਼ੈਸਲਾ ਨਹੀਂ ਲੈਂਦੇ, ਤਾਂ ਭਵਿੱਖ ਦੀਆਂ ਪੀੜ੍ਹੀਆਂ ਸਾਨੂੰ ਮੁਆਫ਼ ਨਹੀਂ ਕਰਨਗੀਆਂ। ਸੂਰਜੀ ਅਤੇ ਪੌਣ ਊਰਜਾ ਸਾਨੂੰ ਇੱਕ ਮੌਕਾ ਦਿੰਦੀਆਂ ਹਨ-ਸਾਫ਼, ਸੁਰੱਖਿਅਤ ਅਤੇ ਟਿਕਾਊ ਵਿਕਾਸ ਦਾ।

    ਸੂਰਜੀ ਅਤੇ ਪੌਣ ਊਰਜਾ ਧਰਤੀ ਨੂੰ ਬਚਾਉਣ ਦੀ ਦਿਸ਼ਾ ਵਿੱਚ ਮਜ਼ਬੂਤ ਆਧਾਰ ਹਨ। ਭਾਵੇਂ ਇਹ ਆਪਣੇ-ਆਪ ਵਿੱਚ ਸੰਪੂਰਨ ਹੱਲ ਨਹੀਂ, ਪਰ ਬਿਨਾਂ ਇਨ੍ਹਾਂ ਦੇ ਹੱਲ ਸੰਭਵ ਵੀ ਨਹੀਂ। ਜੇਕਰ ਸੰਸਾਰ ਭਰ ਦੀਆਂ ਸਰਕਾਰਾਂ, ਉਦਯੋਗਪਤੀ ਅਤੇ ਨਾਗਰਿਕ ਮਿਲ ਕੇ ਨਵਿਆਉਣਯੋਗ ਊਰਜਾ ਨੂੰ ਅਪਣਾਉਣ ਤਾਂ ਧਰਤੀ ਨੂੰ ਸੰਕਟ ਤੋਂ ਬਚਾਇਆ ਜਾ ਸਕਦਾ ਹੈ। ਹੁਣ ਸਮਾਂ ਹੈ ਕਿ ਅਸੀਂ ਚੋਣ ਕਰੀਏ- ਪੁਰਾਣੀ ਪ੍ਰਦੂਸ਼ਿਤ ਰਾਹ ਜਾਂ ਨਵੀਂ ਹਰੀ ਦਿਸ਼ਾ। ਸੂਰਜ ਅਤੇ ਹਵਾ ਸਾਨੂੰ ਸੱਦਾ ਦੇ ਰਹੇ ਹਨ, ਫ਼ੈਸਲਾ ਸਾਡਾ ਹੈ।

    (ਇਹ ਲੇਖਕ ਦੇ ਆਪਣੇ ਵਿਚਾਰ ਹਨ)
    ਮੋ. 99880-01978
    ਪ੍ਰਿੰਸੀਪਲ ਕੁਸੁਮ ਟਾਕ