ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇਣਗੇ ਸਰਕਾਰੀ ਸਕੂਲ
ਚੰਡੀਗੜ੍ਹ (ਅਸ਼ਵਨੀ ਚਾਵਲਾ) | ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸ਼ਾਨ ਹੁਣ ‘ਸਮਰ ਕੈਂਪ’ ਵਧਾਉਣਗੇ। ਪ੍ਰਾਈਵੇਟ ਸਕੂਲਾਂ ਦੀ ਤਰਜ਼ ‘ਤੇ ਪੰਜਾਬ ‘ਚ ਵੱਡੇ ਪੱਧਰ ‘ਤੇ ਸਰਕਾਰੀ ਸਕੂਲਾਂ ‘ਚ ‘ਸਮਰ ਕੈਂਪ’ ਲਗਾਏ ਜਾ ਰਹੇ ਹਨ, ਜਿੱਥੇ ਨਾ ਹੀ ਕੋਈ ਫੀਸ ਲਈ ਜਾਏਗੀ ਤੇ ਨਾ ਹੀ ਵਿਦਿਆਰਥੀ ਦੇ ਸਿਰ ‘ਤੇ ਕੋਈ ਫਾਲਤੂ ਖ਼ਰਚ ਪਾਇਆ ਜਾਏਗਾ। ਇਸ ‘ਸਮਰ ਕੈਂਪ’ ‘ਚ ਆਉਣ ਵਾਲਾ ਹਰ ਖ਼ਰਚ ਖ਼ੁਦ ਅਧਿਆਪਕ ਕਰਨਗੇ। ਇੱਥੇ ਖ਼ਾਸ ਗੱਲ ਇਹ ਹੈ ਕਿ ਇਸ ‘ਸਮਰ ਕੈਂਪ’ ਨੂੰ ਲਾਉਣ ਲਈ ਸਰਕਾਰ ਕੋਈ ਫੰਡ ਵੀ ਨਹੀਂ ਦੇ ਰਹੀ ਹੈ ਤੇ ਖ਼ੁਦ ਅਧਿਆਪਕ ਹੀ ਆਪਣੀ ਜੇਬ ‘ਚੋਂ ਸਾਰਾ ਖ਼ਰਚ ਕਰਦੇ ਹੋਏ ‘ਸਮਰ ਕੈਂਪ’ ਦਾ ਉਪਰਾਲਾ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਗਰਮੀ ਦੀਆਂ ਛੁੱਟੀਆਂ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਹੀ ਪੰਜਾਬ ਦੇ ਲਗਭਗ ਸਾਰੇ ਪ੍ਰਾਈਵੇਟ ਸਕੂਲ ਆਪਣੇ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੀਆਂ ਸਰਗਰਮੀਆਂ ਕਰਵਾਉਣ ਲਈ ‘ਸਮਰ ਕੈਂਪ’ ਕਰਵਾਉਂਦੇ ਹਨ। ਪ੍ਰਾਈਵੇਟ ਸਕੂਲਾਂ ਵੱਲੋਂ ‘ਸਮਰ ਕੈਂਪ’ ਨੂੰ ਕਰਵਾਉਣ ਲਈ ਹਰ ਵਿਦਿਆਰਥੀ ਤੋਂ ਮੋਟੀ ਫੀਸ ਵੀ ਲਈ ਜਾਂਦੀ ਹੈ। ਇਨ੍ਹਾਂ ‘ਸਮਰ ਕੈਂਪ’ ਦੀ ਸ਼ੁਰੂਆਤ ਪ੍ਰਾਈਵੇਟ ਸਕੂਲਾਂ ਵੱਲੋਂ ਹੀ ਕੀਤੀ ਗਈ ਸੀ, ਜਿਸ ਕਾਰਨ ਪਿਛਲੇ ਸਾਲਾਂ ਤੱਕ ਸਰਕਾਰੀ ਸਕੂਲਾਂ ‘ਚ ਇਸ ਤਰ੍ਹਾਂ ਦਾ ਕੋਈ ‘ਸਮਰ ਕੈਂਪ’ ਲਾਇਆ ਵੀ ਨਹੀਂ ਜਾਂਦਾ ਸੀ ਹੁਣ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇਣ ਲਈ ਖ਼ੁਦ ਅਧਿਆਪਕਾਂ ਨੇ ‘ਸਮਰ ਕੈਂਪ’ ਲਾਉਣ ਦਾ ਐਲਾਨ ਕਰ ਦਿੱਤਾ ਹੈ ਤਾਂ ਕਿ ਕੋਈ ਵੀ ਸਰਕਾਰੀ ਸਕੂਲ ਦਾ ਵਿਦਿਆਰਥੀ ਆਪਣੇ ਆਪ ਨੂੰ ਕਿਸੇ ਵੀ ਕੰਮ ‘ਚ ਪ੍ਰਾਈਵੇਟ ਸਕੂਲ ਤੋਂ ਘੱਟ ਨਾ ਸਮਝੇ। ਪੰਜਾਬ ਦੇ ਹਰ ਦੂਜੇ ਸਰਕਾਰੀ ਸਕੂਲ ‘ਚ ਇਨ੍ਹਾਂ ਗਰਮੀਆਂ ਦੇ ਦੌਰਾਨ 1 ਜੂਨ ਤੋਂ 10 ਜੂਨ ਤੱਕ ‘ਸਮਰ ਕੈਂਪ’ ਲਾਇਆ ਜਾ ਰਿਹਾ ਹੈ। ਇਸ ‘ਸਮਰ ਕੈਂਪ’ ‘ਚ ਖ਼ਰਚ ਹੋਣ ਵਾਲੇ ਸਾਰੇ ਪੈਸੇ ਦਾ ਇੰਤਜ਼ਾਮ ਵੀ ਖ਼ੁਦ ਅਧਿਆਪਕ ਹੀ ਕਰਨ ‘ਚ ਲੱਗੇ ਹੋਏ ਹਨ ਤੇ ਨਾ ਹੀ ਵਿਦਿਆਰਥੀਆਂ ਤੋਂ ਕੁਝ ਲਿਆ ਜਾ ਰਿਹਾ ਹੈ, ਨਾ ਹੀ ਸਿੱਖਿਆ ਵਿਭਾਗ ਵੱਲੋਂ ਇਸ ਸਬੰਧੀ ਕੋਈ ਸਹਾਇਤਾ ਦਿੱਤੀ ਜਾਂਦੀ ਹੈ ਪਰ ਫਿਰ ਵੀ ਅਧਿਆਪਕ ਆਪਣੇ ਦਮ ‘ਤੇ ਇਸ ਤਰ੍ਹਾਂ ਦੀਆਂ ਸਰਗਰਮੀਆਂ ਨੂੰ ਕਰਵਾਉਣ ਵਿੱਚ ਲੱਗੇ ਹੋਏ ਹਨ। ‘ਸਮਰ ਕੈਂਪ’ ‘ਚ ਵਿਦਿਆਰਥੀਆਂ ਨੂੰ ਲੈ ਕੇ ਆਉਣ ਲਈ ਸਕੂਲਾਂ ਵੱਲੋਂ ਸ਼ਾਨਦਾਰ ਪੋਸਟਰ ਵੀ ਤਿਆਰ ਕਰਕੇ ਘਰ-ਘਰ ‘ਚ ਜਾ ਕੇ ਵੰਡ ਰਹੇ ਹਨ ਤਾਂ ਕਿ ਵਿਦਿਆਰਥੀ ਖ਼ੁਦ ਮਾਪਿਆਂ ਨੂੰ ਤਿਆਰ ਕਰਦੇ ਹੋਏ ਇਸ ‘ਸਮਰ ਕੈਂਪ’ ‘ਚ ਭਾਗ ਲੈ ਸਕਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।