29 ਸਾਲ ਪੁਰਾਣਾ ਕੇਸ
ਮੋਹਾਲੀ, (ਸੱਚ ਕਹੂੰ ਨਿਊਜ਼) । ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਤੋਂ ਪਿੱਛੋਂ ਭੇਦਭਰੀ ਹਾਲਤ ਵਿੱਚ ਲਾਪਤਾ ਇੱਕ 29 ਸਾਲ ਪੁਰਾਣੇ ਇੱਕ ਮਾਮਲੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਦੋ ਦਿਨਾਂ ਲਈ ਆਰਜ਼ੀ ਰਾਹਤ ਹੋਰ ਮਿਲ ਗਈ ਹੈ ਅਗਾਊਂ ਜ਼ਮਾਨਤ ਅਰਜ਼ੀ ਉਤੇ ਮੋਹਾਲੀ ਦੀ ਅਦਾਲਤ ਨੇ ਫੈਸਲਾ 29 ਅਗਸਤ ਤੱਕ ਰਾਖਵਾਂ ਰੱਖ ਲਿਆ।
ਅਦਾਲਤ ਵਿੱਚ ਸਾਬਕਾ ਡੀਜੀਪੀ ਵੱਲੋਂ ਪੇਸ਼ ਹੋਏ ਵਕੀਲ ਏਪੀਐਸ ਦਿਉਲ ਅਤੇ ਸਰਕਾਰੀ ਵਕੀਲ ਵਿਚਕਾਰ ਕਰੀਬ ਢਾਈ ਘੰਟੇ ਲੰਬੀ ਬਹਿਸ ਹੋਈ, ਇਸ ਤੋਂ ਪਿਛੋਂ ਅਦਾਲਤ ਨੇ ਫੈਸਲਾ 29 ਅਗਸਤ ਤੱਕ ਰਾਖਵਾਂ ਰੱਖ ਲਿਆ। ਵਕੀਲ ਏਪੀਐਸ ਦਿਉਲ ਨੇ ਅਦਾਲਤ ਨੂੰ ਦੱਸਿਆ ਕਿ ਇਹ 29 ਸਾਲ ਪੁਰਾਣਾ ਕੇਸ ਹੈ ਇਸ ਸਬੰਧੀ ਪਹਿਲਾਂ ਸੀਬੀਆਈ ਨੇ ਐਫਆਈਆਰ ਦਰਜ ਕੀਤੀ ਪਰ ਕੌਮੀ ਜਾਂਚ ਏਜੰਸੀ ਸੈਣੀ ਦੇ ਖਿਲਾਫ਼ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕੀ ਸੀ। ਜਿਸ ਕਾਰਨ ਸੁਪਰੀਮ ਕੋਰਟ ਨੇ ਐਫਆਈਆਰ ਰੱਦ ਕਰ ਦਿੱਤੀ ਸੀ ਵੈਸੇ ਵੀ ਮੁਲਤਾਨੀ ‘ਤੇ ਸੈਕਟਰ-17 ਥਾਣੇ ਵਿੱਚ ਤਸ਼ੱਦਦ ਢਾਹੁਣ ਦੀ ਗੱਲ ਕਹੀ ਹੈ ਇਸ ਤਰ੍ਹਾਂ ਤਿੰਨ ਦਹਾਕੇ ਪੁਰਾਣੇ ਕੇਸ ਵਿੱਚ ਮੁਹਾਲੀ ਦੇ ਮਟੌਰ ਥਾਣੇ ਵਿੱਚ ਨਵੇਂ ਸਿਰਿਓਂ ਕੇਸ ਦਰਜ ਕਰਨ ਦੀ ਕੋਈ ਤੁਕ ਨਹੀਂ ਲਿਹਾਜ਼ਾ ਸਾਬਕਾ ਪੁਲੀਸ ਅਧਿਕਾਰੀ ਨੂੰ ਪੱਕੀ ਜ਼ਮਾਨਤ ਦਿੱਤੀ ਜਾਵੇ।
ਦੂਜੇ ਪੱਖ ਦੇ ਵਕੀਲ ਨੇ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਕਿਹਾ ਕਿ ਸਾਬਕਾ ਡੀਜੀਪੀ ‘ਤੇ ਮੁਹਾਲੀ ‘ਚੋਂ ਨੌਜਵਾਨ ਨੂੰ ਘਰੋਂ ਅਗਵਾ ਕਰਨ ਅਤੇ ਬਾਅਦ ਵਿੱਚ ਭੇਤਭਰੀ ਹਾਲਤ ਵਿੱਚ ਗਾਇਬ ਕਰਨ ਦੇ ਦੋਸ਼ ਹਨ ਪਿਛਲੇ ਦਿਨੀਂ ਮੁਹਾਲੀ ਅਦਾਲਤ ਦੇ ਹੁਕਮਾਂ ‘ਤੇ ਸੈਣੀ ਤੇ ਹੋਰਨਾਂ ਮੁਲਜ਼ਮਾਂ ਖਿਲਾਫ਼ ਧਾਰਾ 302 ਵੀ ਸ਼ਾਮਲ ਕੀਤੀ ਗਈ ਹੈ ਇਸ ਮਾਮਲੇ ਵਿੱਚ ਸੁਮੇਧ ਸੈਣੀ (Sumedh Saini) ਦੀ ਗ੍ਰਿਫ਼ਤਾਰੀ ਜ਼ਰੂਰੀ ਹੈ ਇਸ ਲਈ ਉਹਨਾਂ ਨੂੰ ਜ਼ਮਾਨਤ ਨਾ ਦਿੱਤੀ ਜਾਵੇ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਸੁਣਨ ਤੋਂ ਬਾਅਦ ਸੈਣੀ ਨੂੰ ਦੋ ਦਿਨ ਦੀ ਆਰਜ਼ੀ ਰਾਹਤ ਦਿੰਦਿਆਂ ਜ਼ਮਾਨਤ ਬਾਰੇ ਆਪਣਾ ਫੈਸਲਾ 29 ਅਗਸਤ ਤੱਕ ਰਾਖਵਾਂ ਰੱਖ ਲਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.