ਗੈਂਗਸਟਰ ਬੁੱਢਾ ਨੂੰ ਬੀਤੀ ਰਾਤ ਲਿਆਂਦਾ ਗਿਆ ਸੀ ਪੰਜਾਬ
ਮੋਹਾਲੀ। ਪੰਜਾਬ ਦਾ ਖਤਰਨਾਕ ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਪੰਜਾਬ ਪੁਲਿਸ ਵੱਲੋਂ ਪੰਜਾਬ ਲਿਆਂਦਾ ਗਿਆ ਹੈ। ਕਈ ਅਪਰਾਧਕ ਮਾਮਲਿਆਂ ‘ਚ ਲੋੜੀਂਦੇ ਬੁੱਢਾ ਨੂੰ ਸ਼ਨਿੱਚਰਵਾਰ ਨੂੰ ਮੋਹਾਲੀ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਗੈਂਗਸਟਰ ਸੁਖਪ੍ਰੀਤ ਨੂੰ 7 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ। ਸੁਖਪ੍ਰੀਤ ਬੁੱਢਾ ਨੂੰ ਪੰਜਾਬ ਪੁਲਿਸ ਵੱਲੋਂ ਬੀਤੀ ਰਾਤ ਅਰਮੀਨੀਆ ਤੋਂ ਦਿੱਲੀ ਲਿਆਂਦਾ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਪੁਲਸ ਮੋਹਾਲੀ ਲੈ ਕੇ ਆਈ ਅਤੇ ਅਦਾਲਤ ‘ਚ ਪੇਸ਼ ਕੀਤਾ।
ਜ਼ਿਕਰਯੋਗ ਹੈ ਕਿ ਬੁੱਢਾ ਖਿਲਾਫ ਪੰਜਾਬ ਤੇ ਹਰਿਆਣਾ ‘ਚ ਕਤਲ, ਕਤਲ ਦੀ ਕੋਸ਼ਿਸ਼, ਗੈਰ ਕਾਨੂੰਨੀ ਸਰਗਰਮੀਆਂ ਸਬੰਧੀ 15 ਅਪਰਾਧਿਕ ਮਾਮਲੇ ਦਰਜ ਹਨ। ਹਾਲ ਹੀ ‘ਚ ਉਸ ਦੇ ਖਾਲਿਸਤਾਨੀ ਅਨਸਰਾਂ ਦੇ ਨਾਲ ਵੀ ਸੰਪਰਕ ਸਥਾਪਿਤ ਹੋਏ ਸਨ। ਸਾਲ 2011 ‘ਚ ਹੋਏ ਕਤਲ ਦੇ ਮਾਮਲੇ ‘ਚ ਬੁੱਢਾ ਨੂੰ ਸਜ਼ਾ ਹੋਈ ਸੀ ਪਰ 2016 ‘ਚ ਉਸ ਨੂੰ ਪੈਰੋਲ ਮਿਲ ਗਈ। ਬਾਅਦ ‘ਚ ਪੰਜਾਬ ਪੁਲਿਸ ਨੇ ਉਸ ਨੂੰ ਲੋੜੀਂਦਾ ਅਪਰਾਧੀ ਐਲਾਨ ਕਰ ਦਿੱਤਾ ਸੀ। ਬੁੱਢਾ ਨੂੰ ਲੈ ਕੇ ਹਰਿਆਣਾ ਪੁਲਿਸ ਵੀ ਉਸ ਦੀ ਭਾਲ ਕਰ ਰਹੀ ਸੀ। ਸੁਖਪ੍ਰੀਤ ਬੁੱਢਾ ਪੁੱਤਰ ਮੇਜਰ ਸਿੰਘ ਵਾਸੀ ਕੁੱਸਾ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲਾ ਮੋਗਾ ਦਾ ਰਹਿਣ ਵਾਲਾ ਹੈ ਤੇ ਪੰਜਾਬ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਗੈਂਗਸਟਰਾਂ ਖਿਲਾਫ ਵਿੱਢੀ ਮੁਹਿੰਮ ਕਾਰਨ ਦੇਸ਼ ਛੱਡ ਕੇ ਭੱਜ ਗਿਆ ਸੀ, ਜਿਸ ਨੂੰ ਹੁਣ ਹਿਰਾਸਤ ‘ਚ ਲੈ ਲਿਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।