ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨੇ ਸੁਖਜਿੰਦਰ ਰੰਧਾਵਾ ਨੂੰ ਦੱਸਿਆ ਗੈਂਗਸਟਰਾਂ ਦਾ ਲੀਡਰ
ਸਿਆਸੀ ਲੋਕਾਂ ਅਤੇ ਗੈਂਗਸਟਰਾਂ ਦਾ ਨੈਕਸਸ ਲੈ ਕੇ ਜਾ ਰਿਹੈ ਖ਼ਾਤਮੇ ਵੱਲ, ਇਸ ਤੋਂ ਨਹੀਂ ਹੋ ਸਕਦੀ ਕੋਈ ਹੋਰ ਮਾੜੀ ਪਿਰਤ
ਅਸ਼ਵਨੀ ਚਾਵਲਾ/ਚੰਡੀਗੜ੍ਹ। ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੇ ਇਸ਼ਾਰੇ ‘ਤੇ ਹੀ ਪੰਜਾਬ ਵਿੱਚ ਗੈਂਗਸਟਰ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਕਤਲ ਕਰਨ ਵਿੱਚ ਲੱਗੇ ਹੋਏ ਹਨ। ਬੀਤੇ ਦਿਨ ਹੋਏ ਕਤਲ ਪਿੱਛੇ ਇਸ ਜੱਗੂ ਭਗਵਾਨਪੁਰੀਆ ਗੈਂਗ ਦਾ ਹੀ ਹੱਥ ਸਾਹਮਣੇ ਆ ਰਿਹਾ ਹੈ, ਜਿਹੜਾ ਸੁਖਜਿੰਦਰ ਰੰਧਾਵਾ ਦੀ ਸਰਪ੍ਰਸਤੀ ਹੇਠ ਪੰਜਾਬ ਵਿੱਚ ਆਪਣੇ ਗੈਂਗ ਨੂੰ ਚਲਾਉਂਦੇ ਹੋਏ ਗਲਤ ਕੰਮ ਕਰ ਰਿਹਾ ਹੈ। ਅਕਾਲੀ ਵਰਕਰ ਬਾਬਾ ਗੁਰਦੀਪ ਸਿੰਘ ਦਾ ਕਤਲ ਤਾਂ ਸ਼ੁਰੂਆਤ ਦੱਸਦੇ ਹੋਏ ਮੈਨੂੰ ਧਮਕੀਆਂ ਆ ਰਹੀਆਂ ਹਨ ਕਿ ਜੇਕਰ ਉਹ ਵੀ ਚੁੱਪ ਨਹੀਂ ਬੈਠੇ ਤਾਂ ਅਗਲਾ ਨੰਬਰ ਉਨ੍ਹਾਂ ਦਾ ਵੀ ਲੱਗ ਸਕਦਾ ਹੈ।
ਇਹ ਦੋਸ਼ ਸੁਖਜਿੰਦਰ ਸਿੰਘ ਰੰਧਾਵਾ ‘ਤੇ ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਵਿਧਾਇਕ ਬਿਕਰਮ ਮਜੀਠੀਆ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲਗਾਏ ਹਨ।ਬਿਕਰਮ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਇਸ ਤਰ੍ਹਾਂ ਦੀਆਂ ਧਮਕੀਆਂ ਆ ਰਹੀਆਂ ਸਨ
ਜਿਸ ਕਾਰਨ ਉਨ੍ਹਾਂ ਨੇ ਡੇਢ ਮਹੀਨਾ ਪਹਿਲਾਂ ਹੀ ਪੰਜਾਬ ਦੇ ਡੀ.ਜੀ.ਪੀ. ਅਤੇ ਐਸ.ਐਸ.ਪੀ. ਅੰਮ੍ਰਿਤਸਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਅਕਾਲੀ ਲੀਡਰਾਂ ਦਾ ਕਤਲ ਹੋਣ ਤੋਂ ਬਚਾਉਣ ਦੀ ਮੰਗ ਕੀਤੀ ਸੀ ਪਰ ਪੰਜਾਬ ਪੁਲਿਸ ਤਾਂ ਘਰ ਵਿੱਚ ਸੁਤੀ ਪਈ ਹੈ, ਜਿਸ ਕਾਰਨ ਸਰੇਆਮ ਉਨਾਂ ਦੇ ਮਜੀਠਾ ਹਲਕੇ ਵਿੱਚ ਲੀਡਰ ਬਾਬਾ ਗੁਰਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਹੈ।
ਬਾਬਾ ਗੁਰਦੀਪ ਸਿੰਘ ਦੇ ਕਤਲ ਪਿੱਛੇ ਗੈਂਗਸਟਰ ਹੁਣ ਮੈਨੂੰ ਵੀ ਧਮਕਾ ਰਹੇ ਹਨ ਪਰ ਮੈਂ ਡਰਨ ਵਾਲਾ ਨਹੀਂ : ਮਜੀਠੀਆ
ਉਨ੍ਹਾਂ ਕਿਹਾ ਕਿ ਸਿਆਸਤ ਵਿੱਚ ਗੈਂਗਸਟਰਾਂ ਨਾਲ ਦੋਸਤੀ ਕਰਦੇ ਹੋਏ ਨੈਕਸਸ ਚਲਾਉਣਾ ਕਾਫ਼ੀ ਜ਼ਿਆਦਾ ਖਤਰਨਾਕ ਹੁੰਦਾ ਹੈ ਅਤੇ ਇਸ ਤਰ੍ਹਾਂ ਦਾ ਨੈਕਸਸ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜੇਲ੍ਹ ਵਿੱਚ ਬੰਦ ਜੱਗੂ ਭਗਵਾਨਪੁਰੀਆ ਨਾਲ ਮਿਲ ਕੇ ਚਲਾ ਰਹੇ ਹਨ। ਜਿਸ ਬਾਰੇ ਉਹ ਕਈ ਵਾਰ ਖੁਲਾਸਾ ਕਰ ਚੁੱਕੇ ਹਨ ਪਰ ਫਿਰ ਵੀ ਨਾ ਤਾਂ ਮੁੱਖ ਮੰਤਰੀ ਨੇ ਕੋਈ ਕਾਰਵਾਈ ਕੀਤੀ ਅਤੇ ਨਾ ਹੀ ਪੰਜਾਬ ਪੁਲਿਸ ਕੋਈ ਕਾਰਵਾਈ ਕਰ ਰਹੀ ਹੈ। ਮਜੀਠੀਆ ਨੇ ਕਿਹਾ ਕਿ ਇੱਕ ਮੰਤਰੀ ਖ਼ਿਲਾਫ਼ ਪੰਜਾਬ ਪੁਲਿਸ ਕਦੇ ਵੀ ਜਾਂਚ ਜਾਂ ਫਿਰ ਕਾਰਵਾਈ ਨਹੀਂ ਕਰੇਗੀ, ਇਸ ਲਈ ਉਹ ਸੀਬੀਆਈ ਦੀ ਜਾਂਚ ਦੀ ਮੰਗ ਕਰਦੇ ਹਨ ਕਿ ਇਸ ਸਾਰੇ ਮਾਮਲੇ ਅਤੇ ਕਤਲ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ।
ਸ਼੍ਰੋਮਣੀ ਅਕਾਲੀ ਦਲ ਨੇ ਸੱਦੀ ਕੋਰ ਕਮੇਟੀ ਦੀ ਮੀਟਿੰਗ, ਉੱਤਰੇਗੀ ਸੜਕਾਂ ‘ਤੇ
ਕੋਰ ਕਮੇਟੀ ਦੇ ਸੀਨੀਅਰ ਮੈਂਬਰ ਅਤੇ ਸਾਬਕਾ ਕੈਬਨਿਟ ਮੰਤਰੀ ਦਲਜੀਤ ਚੀਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਅਕਾਲੀ ਵਰਕਰਾਂ ਨੂੰ ਇਸ ਤਰ੍ਹਾਂ ਕਤਲ ਕਰਨਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਇਸ ਲਈ ਸ਼ੁੱਕਰਵਾਰ ਨੂੰ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ।
ਜੱਗੂ ਗੈਂਗਸਟਰ ਜੇਲ੍ਹ ‘ਚ ਰੰਧਾਵਾ ਦੇ ਸਿਰ ‘ਤੇ ਕਰ ਰਿਹਾ ਐ ਮੌਜ ਮਸਤੀ, ਚਲਾ ਰਿਹਾ ਐ ਗੈਂਗ
ਬਿਕਰਮ ਮਜੀਠੀਆ ਨੇ ਕਿਹਾ ਕਿ ਜੱਗੂ ਭਗਵਾਨਪੁਰੀਆ ਗੈਂਗਸਟਰ ਜੇਲ੍ਹ ਵਿੱਚ ਰਹਿੰਦੇ ਹੋਏ ਵੀ ਮੌਜ ਮਸਤੀ ਕਰ ਰਿਹਾ ਹੈ। ਜੇਲ੍ਹ ਵਿੱਚ ਭਾਵੇਂ ਹਜ਼ਾਰਾਂ ਮੋਬਾਇਲ ਫੜੇ ਜਾਣ ਪਰ ਜੱਗੂ ਭਗਵਾਨਪੁਰੀਆ ਦਾ ਮੋਬਾਇਲ ਫੋਨ ਕੋਈ ਵੀ ਨਹੀਂ ਫੜਦਾ ਹੈ। ਕਿਉਂਕਿ ਉਸ ਨੂੰ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੀ ਸਰਪ੍ਰਸਤੀ ਹਾਸਲ ਹੈ। ਉਨ੍ਹਾਂ ਕਿਹਾ ਕਿ ਜੱਗੂ ਭਗਵਾਨਪੁਰੀਆ ਰੋਜ਼ਾਨਾ ਸੈਲਫੀਆਂ ਲੈ ਕੇ ਆਪਣੀਆਂ ਫੋਟੋਆਂ ਸੋਸ਼ਲ ਮੀਡੀਆ ‘ਤੇ ਪਾਉਂਦਾ ਹੈ, ਜਿਥੇ ਉਸ ਦੇ ਸੋਨੇ ਦੀ ਚੈਨ ਵੀ ਪਾਈ ਹੋਈ ਸਾਫ਼ ਨਜ਼ਰ ਆਉਂਦੀ ਹੈ ਪਰ ਜੇਲ੍ਹ ਵਿਭਾਗ ਜਾਂ ਫਿਰ ਪੰਜਾਬ ਪੁਲਿਸ ਨੂੰ ਇਹ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।