ਝੂਠੇ ਪਰਚਿਆਂ ਦੀ ਡਿਟੇਲ ਵਿਧਾਨ ਸਭਾ ‘ਚ ਪੇਸ਼ ਕਰਨ ਤਾਂ ਦਿੱਤਾ ਜਾਵੇਗਾ ਜਵਾਬ
ਨਾਭਾ (ਤਰੁਣ ਕੁਮਾਰ ਸ਼ਰਮਾ) | ਨਾਭਾ ਵਿਖੇ ਸਥਿੱਤ ਖੁੱਲ੍ਹੀ ਖੇਤੀਬਾੜੀ ਜੇਲ੍ਹ ਦਾ ਦੌਰਾ ਕਰਨ ਪੁੱਜੇ ਪੰਜਾਬ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੁਖਬੀਰ ਬਾਦਲ ਵੱਲੋਂ ਝੂਠੇ ਪਰਚੇ ਦਰਜ ਕਰਨ ਦੇ ਦੋਸ਼ਾਂ ਸੰਬੰਧੀ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸੁਖਬੀਰ ਬਾਦਲ ਦਾ ਦਿਮਾਗੀ ਤਵਾਜੱਨ ਹਿੱਲ ਗਿਆ ਹੈ, ਜਿਸ ਕਾਰਨ ਉਹ ਅਜਿਹੀ ਗੱਲਾਂ ਕਰ ਰਿਹਾ ਹੈ। ਉਨ੍ਹਾਂ ਸੁਖਬੀਰ ਬਾਦਲ ਨੂੰ ਚੈਲੇਜ਼ ਕਰਦਿਆਂ ਕਿਹਾ ਕਿ ਵਿਧਾਨ ਸਭਾ ਦੇ ਅਗਲੇ ਸੈਸ਼ਨ ਵਿੱਚ ਉਹ ਕਿਹੜੇ ਜ਼ਿਲ੍ਹਿਆਂ ‘ਚ ਝੂਠੇ ਪਰਚੇ ਦਰਜ਼ ਹੋਏ ਹਨ, ਦੀ ਡਿਟੇਲ ਪੇਸ਼ ਕਰਨ ਤਾਂ ਸਾਰੇ ਦਰਜ ਮਾਮਲਿਆਂ ਦੀ ਸਥਿਤੀ ਤੋਂ ਉਨ੍ਹਾਂ ਨੂੰ ਜਾਣੂ ਕਰਵਾ ਕੇ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਸੁਖਬੀਰ ਵੱਲੋਂ ਕਾਂਗਰਸੀ ਵਿਧਾਇਕਾਂ ‘ਤੇ ਨਸ਼ਾ ਵੇਚਣ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਪਹਿਲਾਂ ਤਾਂ ਉਹ ਆਪਣੇ ਸਾਲੇ ਬਿਕਰਮਜੀਤ ਸਿੰਘ ਮਜੀਠੀਆ ਦੇ ਨਸ਼ੇ ਦੇ ਵਪਾਰ ਵਿੱਚ ਨਿਭਾਏ ਰੋਲ ਦੀ ਸਥਿਤੀ ਬਾਰੇ ਬਿਆਨ ਜਾਰੀ ਕਰਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਪੰਜਾਬ ਸਰਕਾਰ ਨੂੰ ਅਜਿਹੇ ਕਾਂਗਰਸੀ ਵਿਧਾਇਕਾਂ ਦੀ ਜਾਣਕਾਰੀ ਦੇਣ ਤਾਂ ਪੰਜਾਬ ਸਰਕਾਰ ਇ੍ਹਨਾਂ ਵਿਧਾਇਕਾਂ ਦੀ ਨਿਰਪੱਖ ਜਾਂਚ ਕਰਵਾਏਗੀ ਅਤੇ ਅਗਲੇਰੀ ਕਾਰਵਾਈ ਨੂੰ ਅੰਜਾਮ ਦੇਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਸੁਖਬੀਰ ਬਾਦਲ ਨੂੰ ਹਲਫੀਆ ਬਿਆਨ ਦੇਣਾ ਪਵੇਗਾ ਅਤੇ ਜੇਕਰ ਜਾਂਚ ਵਿੱਚ ਕੁਝ ਨਹੀ ਪਾਇਆ ਜਾਂਦਾ ਤਾਂ ਸੁਖਬੀਰ ਬਾਦਲ ਖਿਲਾਫ ਵੀ ਕਾਰਵਾਈ ਕੀਤੀ ਜਾ ਸਕਦੀ ਹੈ।ਉਨ੍ਹਾਂ ਭਗਵੰਤ ਮਾਨ ਦੇ ਸ਼ੁਰੂ ਕੀਤੇ ਬਿਜਲੀ ਅੰਦੋਲਨ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਪਹਿਲਾਂ ਭਗਵੰਤ ਮਾਨ ਨੇ ਪਰਿਵਾਰ ਛੱਡਣ ਦਾ ਅੰਦੋਲਨ ਸੀ ਅਤੇ ਫਿਰ ਸ਼ਰਾਬ ਛੱਡਣ ਦਾ ਅੰਦੋਲਨ।ਹੁਣ ਸ਼ੁਰੂ ਕੀਤਾ ਬਿਜਲੀ ਅੰਦੋਲਨ ਵੀ ਫੇਲ ਹੋ ਜਾਵੇਗਾ ਅਤੇ ਅਸੀਂ ਲੋਕਾਂ ਸਾਹਮਣੇ ਆਪਣੇ ਸਰਕਾਰ ਦੇ ਕੀਤੇ ਕੰਮਾਂ ਸਬੰਧੀ ਜਾਵਾਂਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।