ਸੁਖਬੀਰ ਬਾਦਲ ਨੇ ਵਿੱਕੀ ਮਿੱਡੂਖੇੜਾ ਦੇ ਘਰ ਪਹੁੰਚ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਲੰਬੀ/ਕਿੱਲਿਆਂਵਾਲੀ ਮੰਡੀ, (ਮੇਵਾ ਸਿੰਘ) | ਸ੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਿੰਡ ਮਿੱਡੂਖੇੜਾ ਪਹੁੰਚਕੇ ਵਿਕਰਮਜੀਤ ਕੁਲਾਰ ਉਰਫ ਵਿੱਕੀ ਮਿੱਡੂਖੇੜਾ ਦੇ ਬਜ਼ੁਰਗ ਪਿਤਾ ਗੁਰਦਿਆਲ ਸਿੰਘ, ਮਾਤਾ, ਵੱਡੇ ਭਰਾ ਅਜੇਪਾਲ ਸਿੰਘ ਕੁਲਾਰ ਅਤੇ ਸਮੂਹ ਮਿੱਡੂਖੇੜਾ ਪਰਿਵਾਰ ਨਾਲ ਗਹਿਰਾ ਦੁੱਖ ਵੰਡਾਇਆ। ਜਿਕਰਯੋਗ ਹੈ ਕਿ ਵਿੱਕੀ ਮਿੱਡੂਖੇੜਾ ਦਾ ਬੀਤੀ 7 ਅਗਸਤ ਨੂੰ ਮੋਹਾਲੀ ਵਿਖੇ ਕਤਲ ਹੋ ਗਿਆ ਸੀ।
ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਵਿੱਕੀ ਮਿੱਡੂਖੇੜਾ ਦੀ ਅਚਾਨਕ ਤੇ ਬੇਵਕਤੀ ਮੌਤ ਨਾਲ ਜਿੱਥੇ ਮਿੱਡੂਖੇੜਾ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉਥੇ ਵਿੱਕੀ ਦਾ ਕਤਲ ਸਾਰੇ ਸ੍ਰੋਮਣੀ ਅਕਾਲੀ ਦਲ ਪਰਿਵਾਰ ’ਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਉਹ ਉਸ ਦੇ ਛੋਟੇ ਵੀਰ ਵਿੱਕੀ ਮਿੱਡੂਖੇੜਾ ਦੇ ਸਮੂਹ ਪਰਿਵਾਰ ਅਤੇ ਉਸ ਦੇ ਦੋਸਤਾਂ ਨੂੰ ਯਕੀਨ ਦਿਵਾਉਂਦੇ ਹਨ ਕਿ ਵਿੱਕੀ ’ਤੇ ਹਮਲਾ ਕਰਨ ਵਾਲੇ ਕਾਤਲਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਜਰੂਰ ਦਿਵਾਉਣਗੇ।
ਇਸ ਮੌਕੇ ਮੇਜਰ ਭੁਪਿੰਦਰ ਸਿੰਘ ਭੂਪ ਜੀ ਬਾਦਲ, ਚੇਅਰਮੈਨ ਤੇਜਿੰਦਰ ਸਿੰਘ ਮਿੱਡੂਖੇੜਾ, ਅਕਾਸ਼ਦੀਪ ਸਿੰਘ ਮਿੱਡੂਖੇੜਾ ਤੇ ਹੋਰ ਅਕਾਲੀ ਆਗੂਆਂ ਤੋਂ ਇਲਾਵਾ ਨਗਰ ਨਿਵਾਸੀਆਂ ਨੇ ਵੀ ਪਰਿਵਾਰ ਨਾਲ ਗਹਿਰਾ ਦੁੱਖ ਸਾਂਝਾ ਕੀਤਾ।
ਇੱਕ ਸ਼ੂਟਰ ਦੀ ਹੋ ਚੁੱਕੀ ਹੈ ਪਛਾਣ
ਅਕਾਲੀ ਆਗੂ ਵਿੱਕੀ ਮਿੱਠੂਖੇੜਾ ਕਤਲ ਕੇਸ ’ਚ ਪੁਲਿਸ ਨੇ ਇੱਕ ਸ਼ੂਟਰ ਦੀ ਪਛਾਣ ਕੀਤੀ ਹੈ। ਸੂਤਰਾਂ ਅਨੁਸਾਰ ਘਟਨਾ ’ਚ ਕਾਤਲ ਖੱਬੇ ਹੱਥ ਨਾਲ ਗੋਲੀ ਚਲਾ ਰਿਹਾ ਹੈ, ਜੋ ਗੈਂਗਸਟਰ ਵਿਨੇ ਦਿਓੜਾ ਹੈ ਜੋ ਗੈਂਗਸਟਰ ਲਵ ਦਿਓੜਾ ਦਾ ਭਰਾ ਹੈ ਲਵ ਦਿਓੜਾ ਨੂੰ ਲਾਰੈਂਸ ਬਿਸ਼ਨੋਈ ਗੈਂਗ ਨੇ ਕਤਲ ਕਰ ਦਿੱਤਾ ਸੀ ।
ਜ਼ਿਕਰਯੋਗ ਹੈ ਕਿ ਅਕਾਲੀ ਆਗੂ ਦਾ ਮੋਹਾਲੀ ਵਿੱਚ ਦਿਨ ਦਿਹਾੜੇ ਸੈਕਟਰ 71 ਦੇ ਕਮਿਊਨਿਟੀ ਸੈਂਟਰ ਦੇ ਨਜ਼ਦੀਕ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰਕੇ ਕਤਲ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਵਿਦਿਆਰਥੀ ਵਿੰਗ ਐਸਓਆਈ ਦੇ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਪ੍ਰਧਾਨ ਵਿੱਕੀ ਮਿੱਡੂਖੇੜਾ ਉਤੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਦਿੱਤੀਆਂ, ਜਿਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਵਿੱਕੀ ਮਿੱਡੂਖੇੜਾ ਅਕਾਲੀ ਦਲ ਦੀ ਟਿਕਟ ਉਤੇ ਵਾਰਡ ਨੰਬਰ 38 ਤੋਂ ਚੋਣ ਲੜਨ ਵਾਲੇ ਅਜੇਪਾਲ ਮਿੱਡੂਖੇੜਾ ਦੇ ਛੋਟੇ ਭਰਾ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ