Punjab News: ਪੰਜਾਬ ’ਚ ਕਣਕ ਦੇ ਬੀਜਾਂ ’ਤੇ ਸਬਸਿਡੀ ਖਤਮ, ਕਿਸਾਨਾਂ ’ਤੇ ਪਵੇਗਾ ਕਰੋੜਾਂ ਰੁਪਏ ਦਾ ਭਾਰ

Punjab News
Punjab News: ਪੰਜਾਬ ’ਚ ਕਣਕ ਦੇ ਬੀਜਾਂ ’ਤੇ ਸਬਸਿਡੀ ਖਤਮ, ਕਿਸਾਨਾਂ ’ਤੇ ਪਵੇਗਾ ਕਰੋੜਾਂ ਰੁਪਏ ਦਾ ਭਾਰ

ਛੋਟੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਸਬਸਿਡੀ ’ਤੇ ਬੀਜ ਹੁੰਦਾ ਸੀ ਮੁਹੱਈਆ | Punjab News

Punjab News: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਤਹਿਤ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਕਣਕ ਦੇ ਬੀਜ ’ਤੇ ਮੁਹੱਈਆ ਕਰਵਾਈ ਜਾ ਰਹੀ ਸਬਸਿਡੀ ਨੂੰ ਬੰਦ ਕਰ ਦਿੱਤਾ ਗਿਆ ਹੈ। ਇਹ ਪਹਿਲੀ ਵਾਰ ਹੋਇਆ ਹੈ, ਜਦੋਂ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਅਜਿਹੀ ਸਬਸਿਡੀ ਦੇਣ ’ਤੇ ਕੱਟ ਲਾਇਆ ਹੈ। ਇਸ ਵਾਰ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਸਬਸਿਡੀ ’ਤੇ ਮਿਲਣ ਵਾਲਾ ਬੀਜ ਮਹਿੰਗੇ ਭਾਅ ’ਤੇ ਖਰੀਦਣ ਲਈ ਮਜ਼ਬੂਰ ਹੋਣਾ ਪਵੇਗਾ। ਸਬਸਿਡੀ ਖਤਮ ਹੋਣ ਦਾ ਸਿੱਧਾ ਅਸਰ ਇਹ ਪਵੇਗਾ ਕਿ ਪ੍ਰਾਈਵੇਟ ਸਪਲਾਇਰਾਂ ਵੱਲੋਂ ਕਣਕ ਦੇ ਬੀਜ ਰਾਹੀਂ ਹੱਥ ਰੰਗੇ ਜਾਣਗੇ।

20 ਕਰੋੜ ਦੀ ਰਾਸ਼ੀ ’ਚ ਕੇਂਦਰ ਸਰਕਾਰ 12 ਕਰੋੜ ਦਾ ਪਾਉਂਦੀ ਸੀ ਹਿੱਸਾ

ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਮਿਲਣ ਵਾਲੀ ਕਿਸਾਨੀ ਸਬਸਿਡੀ ’ਤੇ ਲਗਾਤਾਰ ਆਪਣਾ ਹੱਥ ਘੁੱਟਿਆ ਜਾ ਰਿਹਾ ਹੈ। ਹੁਣ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਤਹਿਤ ਪੰਜਾਬ ਨੂੰ ਮਿਲਣ ਸਬਸਿਡੀ ਨੂੰ ਖਤਮ ਕਰਕੇ ਝਟਕਾ ਦਿੱਤਾ ਗਿਆ ਹੈ। ਇਸ ਯੋਜਨਾ ਤਹਿਤ ਕਿਸਾਨਾਂ ਨੂੰ ਕਣਕ ਦੀ ਬਿਜਾਈ ਸਬੰਧੀ ਮਿਲਣ ਵਾਲੇ ਬੀਜ ਸਸਤੇ ਭਾਅ ਤੇ ਮੁਹੱਈਆ ਹੁੰਦੇ ਸਨ। ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਤਹਿਤ ਪੰਜਾਬ ਨੂੰ 20 ਕਰੋੜ ਰੁਪਏ ਦੀ ਸਬਸਿਡੀ ਪ੍ਰਾਪਤ ਹੁੰਦੀ ਸੀ, ਜਿਸ ਵਿੱਚ ਕੇਂਦਰ ਸਰਕਾਰ ਵੱਲੋਂ 12 ਕਰੋੜ ਅਤੇ ਪੰਜਾਬ ਸਰਕਾਰ ਵੱਲੋਂ 8 ਕਰੋੜ ਰੁਪਏ ਦਾ ਹਿੱਸਾ ਪਾਇਆ ਜਾਂਦਾ ਸੀ।

ਇਹ ਵੀ ਪੜ੍ਹੋ: Bagmati Express: ਮੈਸੂਰ-ਦਰਭੰਗਾ ਐੱਕਸਪ੍ਰੈੱਸ ਮਾਲ ਗੱਡੀ ਨਾਲ ਟਕਰਾਈ, ਲੱਗੀ ਅੱਗ

ਇਸ ਵਾਰ ਕੇਂਦਰ ਸਰਕਾਰ ਵੱਲੋਂ 12 ਕਰੋੜ ਰੁਪਏ ਸਬਸਿਡੀ ਵਜੋਂ ਜਾਰੀ ਹੀ ਨਹੀਂ ਕੀਤੇ ਗਏ। ਕਣਕ ਦੀ ਬਿਜਾਈ ਦਾ ਸੀਜ਼ਨ ਸਿਰ ’ਤੇ ਹੈ ਅਤੇ ਸਬਸਿਡੀ ਨਾ ਆਉੁਣ ਕਰਕੇ ਪੰਜਾਬ ਸਰਕਾਰ ਵੀ ਭੰਬਲਭੂਸੇ ਵਿੱਚ ਪਈ ਹੋਈ ਹੈ ਅਤੇ ਅਜੇ ਤੱਕ ਕਣਕ ਦੇ ਬੀਜ ਸਬੰਧੀ ਸਰਕਾਰ ਵੱਲੋਂ ਕੋਈ ਫੈਸਲਾ ਨਹੀਂ ਕੀਤਾ ਗਿਆ।

ਢਾਈ ਤੋਂ ਪੰਜ ਏਕੜ ਤੱਕ ਦੇ ਲੱਖਾਂ ਕਿਸਾਨਾਂ ਨੂੰ ਇਸ ਸਬਸਿਡੀ ਵਾਲੇ ਕਣਕ ਦੇ ਬੀਜ ਦਾ ਲਾਭ ਹਾਸਲ ਹੁੰਦਾ ਸੀ, ਪਰ ਇਸ ਵਾਰ ਕਿਸਾਨਾਂ ਨੂੰ ਪ੍ਰਾਈਵੇਟ ਦੁਕਾਨਦਾਰਾਂ ਤੋਂ ਮਹਿੰਗੇ ਭਾਅ ਦਾ ਬੀਜ ਖਰੀਦਣਾ ਪਵੇਗਾ। ਪਤਾ ਲੱਗਾ ਹੈ ਕਿ ਪ੍ਰਾਈਵੇਟ ਸਪਲਾਇਰਾਂ ਨੂੰ ਸਬਸਿਡੀ ਖਤਮ ਹੋਣ ਦੀ ਭਿਣਕ ਲੱਗਣ ’ਤੇ ਉਨ੍ਹਾਂ ਵੱਲੋਂ ਆਪਣੀ ਆਰੀ ਨੂੰ ਤਿੱਖਾ ਕਰ ਲਿਆ ਹੈ। ਜੇਕਰ ਪੰਜਾਬ ਸਰਕਾਰ ਵੱਲੋਂ ਆਪਣੇ ਪੱਧਰ ’ਤੇ ਕਿਸਾਨਾਂ ਨੂੰ ਕਣਕ ਦੇ ਬੀਜ ’ਤੇ ਸਬਸਿਡੀ ਮੁਹੱਈਆ ਨਾ ਕਰਵਾਈ ਤਾਂ ਕਿਸਾਨਾਂ ਉੱਪਰ ਕਰੋੜਾਂ ਦਾ ਬੋਝ ਵਾਧੂ ਪਵੇਗਾ।

ਦੱਸਣਯੋਗ ਹੈ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਕੇਂਦਰੀ ਪੂਲ ਵਿੱਚ ਕਣਕ ਅਤੇ ਝੋਨੇ ਰਾਹੀਂ ਆਪਣਾ ਵੱਡਾ ਯੋਗਦਾਨ ਪਾਇਆ ਗਿਆ ਹੈ, ਪਰ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਮਿਲਣ ਵਾਲੀ ਸਬਸਿਡੀ ’ਤੇ ਕੱਟ ਲਾਇਆ ਜਾ ਰਿਹਾ ਹੈ। ਪਨਸੀਡ ਦੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ, ਕਿਉਂਕਿ ਪੰਜਾਬ ਦੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ਼ ਲੜਾਈ ਲੜੀ ਗਈ ਸੀ। Punjab News

ਇਸ ਵਾਰ ਕੇਂਦਰ ਨੇ ਜਾਰੀ ਨਹੀਂ ਕੀਤੀ ਸਬਸਿਡੀ: ਐੱਮਡੀ ਪਨਸੀਡ

ਇਸ ਸਬੰਧੀ ਜਦੋਂ ਪਨਸੀਡ ਦੇ ਐੱਮਡੀ ਡਾ. ਕਰਨਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਸ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਇਸ ਵਾਰ ਸਬਸਿਡੀ ਜਾਰੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪਨਸੀਡ ਵੱਲੋਂ ਖੇਤੀਬਾੜੀ ਡਾਇਰੈਕਟਰ ਨੂੰ ਚਿੱਠੀ ਲਿਖੀ ਗਈ ਹੈ ਕਿ ਪੰਜਾਬ ਸਰਕਾਰ ਆਪਣੇ ਪੱਧਰ ’ਤੇ ਸਬਸਿਡੀ ਦੇਵੇ। ਉਨ੍ਹਾਂ ਕਿਹਾ ਕਿ ਜੇਕਰ ਸਬਸਿਡੀ ਨਾ ਮਿਲੀ ਤਾਂ ਮਾਰਕਿਟ ਵਿੱਚ ਕਣਕ ਦੇ ਬੀਜ ਦੇ ਭਾਅ ਕਿਸਾਨਾਂ ਨੂੰ ਮਹਿੰਗੇ ਪ੍ਰਾਪਤ ਹੋਣਗੇ। ਜਦੋਂ ਉਨ੍ਹਾਂ ਤੋਂ ਕੇਂਦਰ ਸਰਕਾਰ ਵੱਲੋਂ ਸਬਸਿਡੀ ਜਾਰੀ ਨਾ ਕਰਨ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਕਣਕ ਅਤੇ ਝੋਨੇ ਤੋਂ ਬਾਹਰ ਕੱਢਣ ਲਈ ਅਜਿਹਾ ਕਰ ਰਹੀ ਹੈ।

ਪੰਜਾਬ ਸਰਕਾਰ ਆਪਣੇ ਪੱਧਰ ’ਤੇ ਕਿਸਾਨਾਂ ਨੂੰ ਦੇਵੇ ਸਬਸਿਡੀ ਵਾਲਾ ਬੀਜ: ਆਗੂ

ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਪੈਰ-ਪੈਰ ’ਤੇ ਧੱਕਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਕੇਂਦਰ ਸਰਕਾਰ ਖਿਲਾਫ਼ ਸਬਸਿਡੀ ਬੰਦ ਕਰਨ ਦੇ ਮਾਮਲੇ ’ਤੇ ਕਿਸਾਨ ਮੋਰਚਾ ਖੋਲ੍ਹਣਗੇ। ਪੰਜਾਬ ਸਰਕਾਰ ਵੀ ਇਸ ਮਾਮਲੇ ’ਤੇ ਕੇਂਦਰ ਸਰਕਾਰ ਨਾਲ ਗੱਲ ਕਰੇ। ਕਿਸਾਨ ਕੁਲਵਿੰਦਰ ਸਿੰਘ ਨਦਾਮਪੁਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਲਈ 20 ਕਰੋੜ ਦੀ ਰਕਮ ਕਿੰਨੀ ਕੁ ਜ਼ਿਆਦਾ ਹੈ, ਇਸ ਲਈ ਪੰਜਾਬ ਸਰਕਾਰ ਕਿਸਾਨਾਂ ਨੂੰ ਸਬਸਿਡੀ ਦੇ ਤੌਰ ’ਤੇ ਇਹ ਰਕਮ ਮੁਹੱਈਆ ਕਰਵਾਏ ਤਾ ਜੋਂ ਕਿਸਾਨਾਂ ਨੂੰ ਸਬਸਿਡੀ ਤੇ ਗੁਣਵੱਤਾ ਵਾਲਾ ਕਣਕ ਦਾ ਬੀਜ ਪ੍ਰਾਪਤ ਹੋ ਸਕੇ।

ਕੇਂਦਰ ਪੰਜਾਬ ਨਾਲ ਹਰ ਮਾਮਲੇ ’ਤੇ ਕਰ ਰਹੀ ਐ ਧੱਕਾ: ਗੁਰਮੀਤ ਸਿੰਘ ਖੁੱਡੀਆਂ

ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਪੰਜਾਬ ਨਾਲ ਹਰ ਮੋੜ ’ਤੇ ਧੱਕਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਪਿਛਲੇ ਸਾਲਾਂ ਤੋਂ ਕਿਸਾਨਾਂ ਨੂੰ ਬੀਜ ਲਈ ਸਬਸਿਡੀ ਜਾਰੀ ਹੈ ਤਾਂ ਫਿਰ ਹੁਣ ਬੰਦ ਕਿਉਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਨਾਲ ਇਸ ਮਾਮਲੇ ’ਤੇ ਗੱਲ ਕਰੇਗੀ ਅਤੇ ਪੰਜਾਬ ਦਾ ਹੱਕ ਮੰਗੇਗੀ। ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨਾਲ ਖੜ੍ਹੀ ਹੈ ਅਤੇ ਉਹ ਕਿਸਾਨੀ ਲਈ ਹਰ ਸੰਘਰਸ਼ ਕਰੇਗੀ।