ਵਿਗਿਆਨ ਪ੍ਰਦਰਸ਼ਨੀ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੀਕਲਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ | Faridkot News
Faridkot News: ਫ਼ਰੀਦਕੋਟ, (ਗੁਰਪ੍ਰੀਤ ਪੱਕਾ)। ਰਾਸ਼ਟਰੀ ਅਵਿਸ਼ਕਾਰ ਅਭਿਆਨ (ਆਰ.ਏ.ਏ) ਅਧੀਨ ਸਾਲ 2024-25 ਲਈ ਬਲਾਕ ਅਤੇ ਜ਼ਿਲ੍ਹਾ ਪੱਧਰ ’ਤੇ ਵਿਗਿਆਨ ਪ੍ਰਦਰਸ਼ਨੀ ਦੇ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਨੀਲਮ ਰਾਣੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਦੀ ਯੋਗ ਅਗਵਾਈ ਅਤੇ ਜ਼ਿਲ੍ਹਾ ਰਿਸੋਰਸ ਪਰਸਨ ਫ਼ਰੀਦਕੋਟ ਲੈਕਚਰਾਰ ਕਰਮਜੀਤ ਸਿੰਘ ਸਰਾਂ ਦੀ ਦੇਖ-ਰੇਖ ਹੇਠ ਕਰਵਾਏ ਗਏ।
ਇਨ੍ਹਾਂ ਮੁਕਾਬਲਿਆਂ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੀਕਲਾਂ ਦੇ ਵਿਦਿਆਰਥੀਆਂ ਨੇ ਨੈਸ਼ਨਲ ਐਵਾਰਡੀ ਪ੍ਰਿੰਸੀਪਲ ਗੋਪਾਲ ਕ੍ਰਿਸ਼ਨ ਦੀ ਰਹਿਨਮਾਈ ਹੇਠ ਭਾਗ ਲਿਆ। ਇਸ ਸਬੰਧੀ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਸਾਇੰਸ ਅਤੇ ਮੈੱਥ ਵਿਸ਼ੇ ਦੇ ਸੱਤ ਵੱਖ-ਵੱਖ ਵਿਸ਼ਿਆਂ ਅਧੀਨ ਸਕੂਲ ਵੱਲੋਂ ਤਿਆਰ ਕੀਤੇ ਮਾਡਲਜ਼ ਪਹਿਲੇ ਸਥਾਨ ਰਹੇ। ਬਲਾਕ ਪੱਧਰ ’ਤੇ ਜੇਤੂ ਵਿਦਿਆਰਥੀਆ ਨੇ ਅੱਗੇ ਜ਼ਿਲ੍ਹਾ ਪੱਧਰ ’ਤੇ ਐਲੀਮੈਂਟਰੀ ਅਤੇ ਸੈਕੰਡਰੀ ਗਰੁੱਪ ’ਚ ਭਾਗ ਲੈਂਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਦੱਸਿਆ ਐਲੀਮੈਂਟਰੀ ਗਰੁੱਪ ’ਚ ਅੱਠਵੀਂ ਜਮਾਤ ਦੇ ਵਿਦਿਆਰਥੀ ਹਰਪ੍ਰੀਤ ਸਿੰਘ ਨੇ ਮੈਥ ਵਿਸ਼ੇ ’ਚ ਪਹਿਲਾ ਸਥਾਨ ਪ੍ਰਾਪਤ ਕਰਕੇ ਰਾਜ ਪੱਧਰ ’ਤੇ ਆਪਣੀ ਥਾਂ ਬਣਾਈ। ਇਸ ਵਿਦਿਆਰਥੀ ਨੂੰ ਤਿਆਰੀ ਹਰਵਿੰਦਰ ਕੌਰ ਮੈਥ ਮਿਸਟ੍ਰੈਸ ਵੱਲੋਂ ਕਰਵਾਈ ਗਈ ਸੀ।
ਸਕੂਲ ਦੇ 7 ਵਿਦਿਆਰਥੀਆਂ ਨੇ ਬਲਾਕ ’ਚ ਅਤੇ ਤਿੰਨ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰ ’ਤੇ ਪਹਿਲਾ ਸਥਾਨ ਪ੍ਰਾਪਤ ਕੀਤਾ
ਸੈਕੰਡਰੀ ਗਰੁੱਪ ’ਚ ਵਿਦਿਆਰਥਣ ਸਿਮਰਤ ਕੌਰ ਨੇ ਸਾਇੰਸ ਵਿਸ਼ੇ ’ਚ ਸਬੰਧਿਤ ਮਾਡਲ ਤਿਆਰ ਕਰਕੇ ਪਹਿਲਾ ਸਥਾਨ ਕਰਦਿਆਂ ਰਾਜ ਪੱਧਰ ’ਤੇ ਪ੍ਰਵੇਸ਼ ਕਰਨ ਦਾ ਮਾਣ ਹਾਸਲ ਕੀਤਾ। ਇਸ ਦੇ ਨਾਲ ਹੀ ਸਕੂਲ ਦੀਆਂ ਦੋ ਵਿਦਿਆਰਥਣਾਂ ਖੁਸ਼ਦੀਪ ਸ਼ਰਮਾ ਅਤੇ ਨਵਜੋਤ ਕੌਰ ਨੇ ਸਾਇੰਸ ਵਿਸ਼ੇ ’ਚ ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਵਿਦਿਆਰਥੀਆਂ ਨੂੰ ਤਿਆਰੀ ਅੰਜਨਾ ਜੈਨ, ਪਰਮਿੰਦਰ ਕੌਰ ਅਤੇ ਮੋਨਿਕਾ ਕੁਮਾਰੀ ਅਧਿਆਪਕਾਂ ਵੱਲੋਂ ਕਰਵਾਈ ਗਈ ਸੀ। ਸੈਕੰਡਰੀ ਗਰੁੱਪ ਦੀ ਵਿਦਿਆਰਥਣ ਸੁਖਵੀਰ ਕੌਰ ਨੇ ਮੈਥ ਵਿਸ਼ੇ ’ਚ ਪਹਿਲਾ ਸਥਾਨ ਹਾਸਲ ਕੀਤਾ ਤੇ ਉਹ ਹੁਣ ਰਾਜ ਪੱਧਰ ’ਤੇ ਭਾਗ ਲਵੇਗੀ। Faridkot News
ਇਹ ਵੀ ਪੜ੍ਹੋ: Central Government Scheme: ਪੀਐਮ ਮੋਦੀ ਨੇ ਵੰਡੇ 65 ਲੱਖ ਮਾਲਕੀ ਜਾਇਦਾਦ ਕਾਰਡ
ਇਸ ਵਿਦਿਆਰਥਣ ਨੂੰ ਵੀ ਤਿਆਰ ਹਰਵਿੰਦਰ ਕੌਰ ਮੈਥ ਮਿਸਟ੍ਰੈਸ ਨੇ ਕਰਵਾਈ ਹੈ। ਜੇਤੂ ਵਿਦਿਆਰਥੀਆਂ ਦਾ ਸਕੂਲ ਪਹੁੰਚਣ ’ਤੇ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਨੇ ਸਮੂਹ ਜੇਤੂ ਵਿਦਿਆਰਥੀਆਂ ਤੇ ਤਿਆਰੀ ਕਰਾਉਣ ਵਾਲੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਰਾਜ ਪੱਧਰ ਮੁਕਾਬਲਿਆਂ ਲਈ ਹੋਰ ਸਖ਼ਤ ਮਿਹਨਤ ਕਰਨ ਵਾਸਤੇ ਉਤਸ਼ਾਹਿਤ ਕੀਤਾ। ਇਸ ਮੌਕੇ ਹਰਵਿੰਦਰ ਕੌਰ, ਅੰਜਨਾ ਜੈਨ, ਪਰਮਿੰਦਰ ਕੌਰ, ਮੋਨਿਕਾ ਕੁਮਾਰੀ, ਲੈਕਚਰਾਰ ਸੁਖਦੇਵ ਸਿੰਘ ਗਿੱਲ, ਹਰਦੀਪ ਸਿੰਘ ਹੈਪੀ, ਸਤਨਾਮ ਕੌਰ ਅਤੇ ਮਨਦੀਪ ਕੌਰ ਅਧਿਆਪਕ ਹਾਜ਼ਰ ਸਨ।