ਪੰਜਾਬੀ ਸ਼ਬਦਾਂ ਨੂੰ ਲਿਖਣ ਅਤੇ ਬੋਲਣ ਦੀ ਬਣੀ ਵੱਡੀ ਸਮੱਸਿਆ
ਵਿਭਾਗ ਵੱਲੋਂ ਪੰਜਾਬੀ ਦੇ ਗੁਣਾਤਮਕ ਸੁਧਾਰ ਅਤੇ ਵਿਦਿਆਰਥੀਆਂ ਦੇ ਸ਼ਬਦ ਕੋਸ਼ ਵਧਾਉਣ ਸਬੰਧੀ ਲਈ ਦਿੱਤੇ ਆਦੇਸ਼
ਪਟਿਆਲਾ, ਖੁਸ਼ਵੀਰ ਸਿੰਘ ਤੂਰ
ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੇ ਪੰਜਾਬੀ ਵਿਸ਼ੇ ਅੰਦਰ ਚੰਗੀ ਪਕੜ ਨਾ ਹੋਣ ਕਾਰਨ ਚਿੰਤਤ ਹੈ। ਵੱਡੀ ਗਿਣਤੀ ਵਿਦਿਆਰਥੀ ਆਮ ਪੰਜਾਬੀ ਭਾਸ਼ਾ ਵਿੱਚ ਬੋਲੇ ਅਤੇ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਲਿਖ ਨਹੀਂ ਪਾ ਰਹੇ, ਜਿਸ ਕਾਰਨ ਵਿਭਾਗ ਵੱਲੋਂ ਪੰਜਾਬੀ ਦੇ ਗੁਣਾਤਮਕ ਸੁਧਾਰ ਅਤੇ ਵਿਦਿਆਰਥੀਆਂ ਦੇ ਸ਼ਬਦ ਕੋਸ ਵਧਾਉਣ ਸਬੰਧੀ ਸਕੂਲਾਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਤਾਂ ਜੋ ਵਿਦਿਆਰਥੀਆਂ ਨੂੰ ਪੰਜਾਬੀ ਵਿਸ਼ੇ ਅੰਦਰ ਕੋਈ ਮੁਸ਼ਕਲ ਨਾ ਆਵੇ।
ਜਾਣਕਾਰੀ ਅਨੁਸਾਰ ਡਾਇਰੈਕਟਰ ਐਸਈਆਰਟੀ ਵੱਲੋਂ ਸਮੂਹ ਜ਼ਿਲ੍ਹਾ ਸਿੱÎਖਿਆ ਅਫਸਰਾਂ, ਡਾਈਟ ਪ੍ਰਿੰਸੀਪਲਾਂ, ਸਕੂਲ ਮੁਖੀਆਂ, ਸਮੂਹ ਪੰਜਾਬੀ ਅਧਿਆਪਕਾਂ ਨੂੰ ਪੱਤਰ ਭੇਜ ਕੇ ਹਿਦਾਇਤ ਦਿੱਤੀ ਗਈ ਹੈ ਕਿ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਪੰਜਾਬੀ ਵਿਸ਼ੇ ਦੇ ਗੁਣਾਤਮਕ ਸੁਧਾਰ ਲਈ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ , ਪ੍ਰੋਗਰਾਮ ਤਹਿਤ ਪੰਜਾਬੀ ਵਿਸ਼ੇ ਨੂੰ ਪ੍ਰਫੁੱਲਿਤ ਕਰਨ ਲਈ ਸਕੂਲਾਂ ਅੰਦਰ ਪੰਜਾਬੀ ਪੜ੍ਹਾ ਰਹੇ ਅਧਿਆਪਕਾਂ ਦੀ ਸਫਲ ਟ੍ਰੇਨਿੰਗ ਕਰਵਾਈ ਗਈ ਹੈ। ਇਸ ਉਪਰੰਤ ਛੇਵੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਬੇਸਲਾਇਨ ਕਰਵਾਇਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਟ੍ਰੇਨਿੰਗ ਦੌਰਾਨ ਸਾਹਮਣੇ ਆਇਆ ਹੈ ਕਿ ਵੱਡੀ ਗਿਣਤੀ ਵਿਦਿਆਰਥੀ ਪੰਜਾਬੀ ਭਾਸ਼ਾ ਵਾਲੇ ਆਮ ਬੋਲੇ ਜਾਣ ਵਾਲੇ ਸ਼ਬਦ ਵੀ ਠੀਕ ਤਰ੍ਹਾਂ ਨਹੀਂ ਲਿਖ ਪਾ ਰਹੇ। ਇਸ ਲਈ ਸੁਝਾਅ ਹੈ ਕਿ ਵਿਦਿਆਰਥੀਆਂ ਨੂੰ ਸਕੂਲ ਦੇ ਵਾਤਾਵਰਨ ਵਿੱਚੋਂ ਹੀ ਵਿਦਿਆਰਥੀਆਂ ਦੇ ਆਲੇ-ਦੁਆਲੇ ਸਕੂਲ ਕੈਂਪਸ ਵਿੱਚ ਹੀ ਸੈਂਕੜੇ ਸ਼ਬਦਾਂ ਦਾ ਸ਼ਬਦਕੋਸ਼ ਮੌਜੂਦ ਹੁੰਦਾ ਹੈ। ਇਸ ਤਰ੍ਹਾਂ ਵਿਦਿਆਰਥੀ ਆਪਣੇ ਆਲੇ-ਦੁਆਲੇ ਵਿੱਚੋਂ ਹੀ ਬਹੁਤੇ ਸ਼ਬਦਾਂ ਦਾ ਸ਼ੁੱਧ ਉਚਾਰਨ ਸਿੱਖ ਸਕਦੇ ਹਨ।
ਉਨ੍ਹਾਂ ਪੱਤਰ ‘ਚ ਕਿਹਾ ਹੈ ਕਿ ਸਕੂਲ ਮੁਖੀ ਪੰਜਾਬੀ ਅਧਿਆਪਕ ਦੀ ਸਹਾਇਤਾਂ ਨਾਲ ਸਕੂਲ ਵਿੱਚ ‘ਕੰਧ ਪੱਤਰਿਕਾ’ ਵੀ ਸ਼ੁਰੂ ਕਰਵਾ ਸਕਦੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਮੌਲਿਕ ਲਿਖਤਾਂ ਲਿਖਣ ਲਈ ਉਤਸ਼ਾਹਿਤ ਕੀਤਾ ਜਾ ਸਕੇ।
ਹਰੇਕ ਵਿਦਿਆਰਥੀ ਨੂੰ ਵਿਭਾਗ ਵੱਲੋਂ ਮੁਹਾਰਨੀ ਕਾਰਡ ਮੁਹੱਈਆ ਕਰਵਾਏ ਗਏ ਹਨ। ਇਸ ਨੂੰ ਵਿਦਿਆਰਥੀਆਂ ਨੂੰ ਪੰਜਾਬੀ ਪੀਰੀਅਡ ਦੇ ਪਹਿਲੇ ਪੰਜ ਮਿੰਟ ਪਹਾੜਿਆਂ ਵਾਂਗ ਉੱਚੀ ਪੜ੍ਹਨ ਲਈ ਪ੍ਰੇਰਿਤ ਕੀਤਾ ਜਾ ਸਕੇ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਛੋਟੇ ਛੋਟੇ ਸ਼ਬਦ ਮੁਕਾਬਲੇ ਬਾਲ ਸਭਾ ਵਿੱਚ ਕਰਵਾਏ ਜਾ ਸਕਦੇ ਹਨ, ਜਿਸ ਤੋਂ ਬਾਅਦ ਜਲਦ ਹੀ ਮੁੱਖ ਦਫ਼ਤਰ ਵੱਲੋਂ ਸਕੂਲ ਪੱਧਰ, ਬਲਾਕ ਪੱਧਰ, ਜ਼ਿਲ੍ਹਾ ਪੱਧਰ ਅਤੇ ਰਾਜ ਪੱਧਰ ‘ਤੇ ਸ਼ਬਦਕੋਸ਼ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਦੇ ਨਾਲ ਹੀ ਸਕੂਲ ਮੁਖੀ ਅਤੇ ਪੰਜਾਬੀ ਪੜ੍ਹਾਉਂਦੇ ਅਧਿਆਪਕ ਵਿਦਿਆਰਥੀਆਂ ਨੂੰ ਪੜ੍ਹਨ, ਸਮਝਣ ਅਤੇ ਪੰਜਾਬੀ ਸੱਭਿਆਚਾਰ ਨੂੰ ਸਮਝਣ ਅਤੇ ਜੀਵਨ ਵਿੱਚ ਲਾਗੂ ਕਰਨ ਲਈ ਮਹਾਨ ਕਵੀਆਂ ਦੀਆਂ ਲਿਖਤਾਂ ਪੜ੍ਹਨ ਲਈ ਪ੍ਰੇਰਿਤ ਕਰਨ ਅਤੇ ਸਮੇਂ ਸਮੇਂ ਦੇ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਵਿੱਚੋਂ ਕਿਤਾਬਾਂ ਦਿੱਤੀਆਂ ਜਾਣ। ਇਨ੍ਹਾਂ ਕਿਤਾਬਾਂ ਵਿੱਚੋਂ ਹਫ਼ਤੇ ਵਿੱਚ ਇੱਕ ਵਾਰ ਕੋਈ ਪੈਰ੍ਹਾਂ ਜਾਂ ਬਿਰਤਾਂਤ ਸਾਂਝਾ ਕਰਨ ਲਈ ਆਖਿਆ ਜਾਵੇ।
ਵਿਭਾਗ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਸਿਲੇਬਸ ਦੇ ਨਾਲ ਨਾਲ ਚੱਲ ਰਹੇ ਪਾਠਾਂ ‘ਚ ਲਏ ਗਏ ਸ਼ਬਦਾਂ ਦਾ ਅਭਿਆਸ ਕਰਵਾਇਆ ਜਾਵੇ ਅਤੇ ਨਾਲ ਹੀ ਸ਼ਬਦਾਬਲੀ ਦਾ ਟੈਸਟ ਲਿਆ ਜਾਵੇ।
ਪੰਜਾਬੀ ‘ਚੋਂ ਹੋ ਰਹੇ ਨੇ ਹਜ਼ਾਰਾਂ ਬੱਚੇ ਫੇਲ੍ਹ
ਇੱਧਰ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੂੰ ਆਪਣੀ ਮਾਤਾ ਭਾਸ਼ਾ ਲਿਖਣ ‘ਚ ਆ ਰਹੀ ਮੁਸ਼ਕਲ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਬੱਚੇ ਪੰਜਾਬੀ ਭਾਸ਼ਾ ਅੰਦਰ ਹੀ ਕਮਜ਼ੋਰ ਹਨ ਤਾਂ ਫਿਰ ਹੋਰਨਾਂ ਭਾਸ਼ਾਵਾਂ ਦਾ ਕੀ ਹਾਲ ਹੋਵੇਗਾ। ਦੱਸਣਯੋਗ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਦਸਵੀਂ ਜਮਾਤ ਦੇ ਨਤੀਜਿਆਂ ਅੰਦਰ ਇਕੱਲੇ ਪੰਜਾਬੀ ਵਿਸ਼ੇ ਅੰਦਰ ਹੀ ਹਜ਼ਾਰਾਂ ਦੀ ਗਿਣਤੀ ‘ਚ ਵਿਦਿਆਰਥੀ ਫੇਲ੍ਹ ਹੋ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।