ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਅਤੇ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲੇ ਵਿਅਕਤੀਆਂ ਦਾ ਪਹਿਲਾਂ ਹੋਏਗਾ ਟੀਕਾਕਰਨ

Corona Vaccination Sachkahoon

ਅਸ਼ਵਨੀ ਚਾਵਲਾ, ਚੰਡੀਗੜ੍ਹ । ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਐਲਾਨ ਕੀਤਾ ਕਿ ਪੰਜਾਬ ਤੋਂ ਪੜ੍ਹਾਈ ਲਈ ਵਿਦੇਸ਼ ਜਾਣ ਦੇ ਇਛੁੱਕ ਵਿਦਿਆਰਥੀਆਂ ਨੂੰ ਹੁਣ 18-45 ਉਮਰ ਗਰੁੱਪ ਦੇ ਟੀਕਾਕਰਨ ਦੀ ਪ੍ਰਕਿਰਿਆ ਵਿਚ ਪਹਿਲ ਦਿੱਤੀ ਜਾਵੇਗੀ। ਇੱਕ ਉੱਚ ਪੱਧਰੀ ਵਰਚੁਅਲ ਕੋਵਿਡ ਸਮੀਖਿਆ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਜ਼ਿਲਿ੍ਹਆਂ ਨੂੰ 10 ਫੀਸਦੀ ਖੁਰਾਕਾਂ ਦੀ ਵਰਤੋਂ 18-45 ਉਮਰ ਵਰਗ ਦੀਆਂ ਤਰਜੀਹੀ ਸ਼੍ਰੇਣੀਆਂ ਲਈ ਕਰਨ ਦੀ ਆਗਿਆ ਦੇਣ। ਉਨ੍ਹਾਂ ਕਿਹਾ ਕਿ ਇਸ ਸੂਚੀ ਵਿੱਚ ਵਿਦੇਸ਼ ਜਾਣ ਦੇ ਇਛੁੱਕ ਵਿਦਿਆਰਥੀਆਂ ਤੋਂ ਇਲਾਵਾ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲੇ ਵਿਅਕਤੀਆਂ ਅਤੇ ਹੋਰ ਜ਼ਰੂਰੀ ਤਰਜੀਹੀ ਸਮੂਹਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਸਬੰਧਤ ਵਿਭਾਗਾਂ ਨੂੰ ਵੀ ਕਿਹਾ ਕਿ ਉਹ ਵੈਕਸੀਨ ਦੀ ਉਪਲੱਬਧਤਾ ਦੇ ਆਧਾਰ ’ਤੇ ਇਸ ਉਮਰ ਵਰਗ ਵਿੱਚ ਸੂਬਾ ਸਰਕਾਰ ਵੱਲੋਂ ਜਿੰਨਾ ਸ਼੍ਰੇਣੀਆਂ ਨੂੰ ਤਰਜੀਹ ਦਿੱਤੀ ਗਈ ਹੈ, ਨਾਲ ਸਬੰਧਤ ਸਾਰੇ ਵਿਅਕਤੀਆਂ ਦਾ ਸਰਗਰਮੀ ਨਾਲ ਟੀਕਾਕਰਨ ਕੀਤੇ ਜਾਣ ਨੂੰ ਯਕੀਨੀ ਬਣਾਉਣ। ਉਨ੍ਹਾਂ ਜ਼ੋਰ ਦਿੰਦਿਆ ਕਿਹਾ ਕਿ ਇਹ ਵਾਇਰਸ ਦੇ ਫੈਲਾਅ ਦੇ ਜੋਖਮ ਨੂੰ ਘੱਟ ਰੱਖਣ ਲਈ ਜ਼ਰੂਰੀ ਹੈ ਕਿਉਂਕਿ ਸੂਬੇ ਵਿੱਚ ਬੰਦਿਸ਼ਾਂ ’ਚ ਢਿੱਲ ਦਿੱਤੀ ਗਈ ਹੈ।

ਸੂਬੇ ਵੱਲੋਂ ਸ਼ੁਰੂ ਵਿਚ 18-45 ਉਮਰ ਵਰਗ ’ਚ ਉਸਾਰੀ ਕਾਮਿਆਂ, ਸਹਿ-ਰੋਗਾਂ ਵਾਲੇ ਵਿਅਕਤੀਆਂ ਅਤੇ ਸਿਹਤ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਪਹਿਲ ਦਿੱਤੀ ਗਈ ਸੀ ਅਤੇ ਇਨ੍ਹਾਂ ਸ਼੍ਰੇਣੀਆਂ ਵਿਚ 4.3 ਲੱਖ ਵਿਅਕਤੀਆਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਇਸ ਤੋਂ ਬਾਅਦ ਇਸ ਸੂਚੀ ਦਾ ਵਿਸਥਾਰ ਕਰਕੇ ਇਸ ਵਿੱਚ ਦੁਕਾਨਦਾਰਾਂ ਅਤੇ ਉਨ੍ਹਾਂ ਦੇ ਸਟਾਫ, ਪ੍ਰਾਹੁਣਚਾਰੀ ਉਦਯੋਗ ਵਿੱਚ ਕੰਮ ਕਰਦੇ ਸਟਾਫ (ਹੋਟਲ, ਰੈਸਟੋਰੈਂਟ, ਮੈਰਿਜ ਪੈਲੇਸ, ਕੇਟਰਰਜ਼), ਰਸੋਈਏ, ਵੇਟਰ ਆਦਿ, ਉਦਯੋਗਿਕ ਕਾਮੇ, ਰੇਹੜੀ-ਫੜ੍ਹੀ ਵਾਲਿਆਂ, ਹੋਰ ਫੇਰੀ ਲਾਉਣ ਵਾਲੇ ਖ਼ਾਸਕਰ ਜਿਹੜੇ ਖਾਣ-ਪੀਣ ਵਾਲੀਆਂ ਚੀਜ਼ਾਂ-ਜੂਸ, ਚਾਟ, ਫਲ ਆਦਿ ਵੇਚਦੇ ਹਨ, ਡਿਲਿਵਰੀ ਏਜੰਟ, ਐਲ.ਪੀ.ਜੀ. ਵੰਡਣ ਵਾਲੇ ਵਿਅਕਤੀ, ਬੱਸ ਡਰਾਈਵਰ, ਕੰਡਕਟਰ, ਆਟੋ/ਕੈਬ ਡਰਾਈਵਰ, ਅਤੇ ਸਥਾਨਕ ਸਰਕਾਰਾਂ ਦੇ ਆਗੂਆਂ (ਮੇਅਰ, ਕੌਂਸਲਰ, ਸਰਪੰਚ, ਪੰਚ) ਨੂੰ ਸ਼ਾਮਲ ਕੀਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।