ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home Breaking News NEET Result: ...

    NEET Result: ਮੈਰੀਟੋਰੀਅਸ ਸਕੂਲਾਂ ਦੇ ਪਾੜ੍ਹੇ ਨੀਟ ’ਚ ਛਾਏ ਪਰ ਸਰਕਾਰ ਨੇ ਅਧਿਆਪਕ ਕੀਤੇ ‘ਪਰਾਏ’

    NEET Result
    NEET Result: ਮੈਰੀਟੋਰੀਅਸ ਸਕੂਲਾਂ ਦੇ ਪਾੜ੍ਹੇ ਨੀਟ ’ਚ ਛਾਏ ਪਰ ਸਰਕਾਰ ਨੇ ਅਧਿਆਪਕ ਕੀਤੇ ‘ਪਰਾਏ’

    213 ਵਿਦਿਆਰਥੀਆਂ ਨੇ ਨੀਟ ਪ੍ਰੀਖਿਆ ਕੀਤੀ ਪਾਸ | NEET Result

    NEET Result: ਬਠਿੰਡਾ (ਸੁਖਜੀਤ ਮਾਨ)। ਦੇਸ਼ ਭਰ ਦੇ ਮੈਡੀਕਲ ਕਾਲਜਾਂ ਦੀ ਦਾਖ਼ਲਾ ਪ੍ਰੀਖਿਆ ਨੀਟ 2025 ਪਾਸ ਕਰਨ ਵਾਲੇ ਕੁੱਲ 474 ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚੋਂ 213 ਵਿਦਿਆਰਥੀ ਸਿਰਫ 10 ਮੈਰੀਟੋਰੀਅਸ ਸਕੂਲਾਂ ਦੇ ਹਨ। ਇਹ ਅੰਕੜਾ ਸਰਕਾਰ ਨੂੰ ਪੇਸ਼ ਕਰਕੇ ਮੈਰੀਟੋਰੀਅਸ ਸਕੂਲਾਂ ਦੇ ਸਟਾਫ ਨੇ ਨਿਹੋਰਾ ਮਾਰਿਆ ਹੈ ਕਿ ਉਨ੍ਹਾਂ ਦੇ ਪੜ੍ਹਾਏ ਬੱਚੇ ਮੱਲ੍ਹਾਂ ਮਾਰ ਰਹੇ ਹਨ ਪਰ ਸਰਕਾਰ ਉਨ੍ਹਾਂ ਦੀ ਸਾਰ ਨਹੀਂ ਲੈ ਰਹੀ।

    ਮੈਰੀਟੋਰੀਅਸ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਟੀਨਾ ਨੇ ਆਖਿਆ ਕਿ ਨੀਟ ਪਾਸ ਕਰਨ ਵਾਲੇ ਇਹ ਵਿਦਿਆਰਥੀ ਹੁਣ ਐਮਬੀਬੀਐਸ, ਬੀਡੀਐਸ ਅਤੇ ਬੀਏਐਮਐਸ ਵਰਗੇ ਕੋਰਸਾਂ ਵਿੱਚ ਦਾਖਲਾ ਲੈ ਕੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਮਾਣ ਬਖਸ਼ਣ ਦੇ ਨਾਲ-ਨਾਲ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਨਵੀਂ ਉਡਾਣ ਭਰਨਗੇ। ਇਸ ਤੋਂ ਪਹਿਲਾਂ ਵੀ ਮੈਰੀਟੋਰੀਅਸ ਸਕੂਲਾਂ ਦੇ 135 ਵਿਦਿਆਰਥੀਆਂ ਨੇ ਜੇ.ਈ ਈ ਮੇਨ , ਅਤੇ 21 ਵਿਦਿਆਰਥੀ ਜੇ.ਈ ਈ ਅਡਵਾਂਸਐਡ ਕੁਆਲੀਫਾਈ ਕਰਕੇ ਆਈ .ਆਈ .ਟੀ ਅਤੇ ਐਨ .ਆਈ. ਟੀ ਵਰਗੀਆਂ ਨਾਮੀ ਸੰਸਥਾਵਾਂ ਵਿੱਚ ਦਾਖਲਾ ਲੈਣ ਯੋਗ ਹੋ ਗਏ ਹਨ।

    NEET Result

    ਬਾਰਵੀਂ ਜਮਾਤ ਦੇ ਬੋਰਡ ਨਤੀਜਿਆਂ ਵਿੱਚੋਂ 37 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ਼ ਕਰਵਾਇਆ ਹੈ। ਉਹਨਾਂ ਦਾਅਵਾ ਕੀਤਾ ਹੈ ਕਿ ਪੰਜਾਬ ਦੇ 10 ਮੈਰੀਟੋਰੀਅਸ ਸਕੂਲਾਂ ਨੇ ਇੱਕ ਵਾਰ ਫਿਰ ਸਾਬਤ ਕੀਤਾ ਹੈ ਕਿ ਮਿਹਨਤ ਅਤੇ ਸਮਰਪਣ ਨਾਲ ਵੱਡੇ ਮੁਕਾਮ ਹਾਸਲ ਕੀਤੇ ਜਾ ਸਕਦੇ ਹਨ । ਮੈਰੀਟੋਰੀਅਸ ਸਕੂਲਾਂ ਵਿੱਚ ਪੰਜਾਬ ਦੇ ਆਰਥਿਕਤਾ ਪੱਖੋਂ ਗਰੀਬ ਅਤੇ ਮਾਨਸਿਕ ਪੱਖੋਂ ਮਿਹਨਤੀ ਬੱਚੇ ਵਿੱਦਿਆ ਪ੍ਰਾਪਤ ਕਰ ਰਹੇ ਹਨ।

    Read Also : Punjab News: ਤੀਰਥ ਯਾਤਰਾ ਦੇ ਚੇਅਰਮੈਨ ਨੂੰ ਚਾਹੀਦੈ ਇੱਕ ਸਲਾਹਕਾਰ, ਟੈਂਡਰ ਹੋਇਆ ਜਾਰੀ

    ਇਹਨਾਂ ਸਕੂਲਾਂ ਵਿੱਚ ਉੱਚ-ਯੋਗਤਾ ਤੇ ਤਜ਼ਰਬੇਕਾਰ ਅਧਿਆਪਕਾਂ ਦੀ ਯੋਗ ਅਗਵਾਈ ਸਦਕਾ ਹੀ ਹਰ ਸਾਲ ਦੇਸ਼ ਦੇ ਮਿਆਰੀ ਟੈਸਟਾਂ ਨੂੰ ਸੈਂਕੜੇ ਵਿਦਿਆਰਥੀ ਪਾਸ ਕਰਦੇ ਹਨ। ਵਿਦਿਆਰਥੀ ਬਿਨ੍ਹਾਂ ਕੋਈ ਫ਼ੀਸ ਦਿੱਤੇ ਅਜਿਹੇ ਟੈਸਟ ਪਾਸ ਕਰ ਸਕਣ, ਇਸਦੀ ਮਿਸਾਲ ਮੈਰੀਟੋਰੀਅਸ ਤੋਂ ਬਿਨ੍ਹਾਂ ਕਿਧਰੇ ਹੋਰ ਨਹੀਂ ਮਿਲਦੀ ਇਸ ਸਫ਼ਲਤਾ ਲਈ ਤਜ਼ਰਬੇਕਾਰ ਅਧਿਆਪਕ ਅਤੇ ਮਿਹਨਤੀ ਵਿਦਿਆਰਥੀ ਵਧਾਈ ਦੇ ਪਾਤਰ ਹਨ ।

    ਉਨ੍ਹਾਂ ਕਿਹਾ ਕਿ ਅਜਿਹੇ ਸ਼ਾਨਦਾਰ ਨਤੀਜੇ ਦੇ ਰਹੇ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ ਜੋ ਲਗਭਗ 11 ਸਾਲਾਂ ਤੋਂ ਕੱਚੇ ਹੋਣ ਦਾ ਸੰਤਾਪ ਹੰਢਾ ਰਹੇ ਹਨ, ਉਨ੍ਹਾਂ ਨਾਲ ਸਿੱਖਿਆ ਦੇ ਨਾਂਅ ’ਤੇ ਸੱਤਾ ’ਚ ਆਈ ਪੰਜਾਬ ਸਰਕਾਰ ਨੂੰ ਇਨਸਾਫ ਕਰਨਾ ਚਾਹੀਦਾ ਹੈ। ਮੈਰੀਟੋਰੀਅਸ ਯੂਨੀਅਨ ਦੇ ਜਨਰਲ ਸਕੱਤਰ ਡਾ. ਅਜੈ ਸ਼ਰਮਾ ਨੇ ਕਿਹਾ ਕਿ ਸਰਕਾਰਾਂ ਨੇ ਉਨ੍ਹਾਂ ਦੀ ਮਿਹਨਤ ਦਾ ਮੁੱਲ ਨਹੀਂ ਪਾਇਆ ਮਿਹਨਤ ਦਾ ਮੁੱਲ ਨਾ ਪਾਉਣਾ ਕਿਤੇ ਨਾ ਕਿਤੇ ਸਰਕਾਰ ਦਾ ਮੈਰੀਟੋਰੀਅਸ ਅਧਿਆਪਕਾਂ ਦੇ ਨਾਲ ਕੀਤੇ ਜਾ ਰਹੇ ਵਿਤਕਰੇ ਨੂੰ ਦਰਸਾਉਂਦਾ ਹੈ ਕਿ ਸਿੱਖਿਆ ’ਚ ਬਹੁਮੁੱਲਾ ਯੋਗਦਾਨ ਪਾਉਣ ਵਾਲੇ ਮੈਰੀਟੋਰੀਅਸ ਅਧਿਆਪਕ ਪੰਜਾਬ ਸਰਕਾਰ ਦੇ ਪੱਖਪਾਤੀ ਵਤੀਰੇ ਦਾ ਅੱਗੇ ਵੀ ਸ਼ਿਕਾਰ ਹੁੰਦੇ ਰਹਿਣਗੇ।

    ਦੱਸਣਯੋਗ ਹੈ ਕਿ ਮੈਰੀਟੋਰੀਅਸ ਟੀਚਰਜ਼ ਯੂਨੀਅਨਾਂ ਵੱਲੋਂ ਹੁਣ ਤੱਕ ਅਨੇਕਾਂ ਵਾਰ ਸਰਕਾਰ ਦੇ ਕੈਬਨਿਟ ਮੰਤਰੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ, ਜਿਸ ’ਚ ਉਹਨਾਂ ਦੀਆਂ ਮੰਗਾਂ ਸੁਣ ਕੇ ਛੇਤੀ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਜਾਂਦਾ ਹੈ।