ਮੋਗਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਪਟਿਆਲਾ ਵਿਖੇ ਰੋਸ ਮਾਰਚ ‘ਚ ਹੋਏ ਸ਼ਾਮਲ
‘ਮਜ਼ਲੂਮਾਂ ਦੀ ਸਿੱਖਿਆ ਖੋਹ ਕੇ, ਨਸ਼ਿਆਂ ਨੂੰ ਸਸਤੇ ਕਰਦਾ ਹੈ, ਇਹ ਸਰਕਾਰ ਦਾ ਵਿੱਤ ਮੰਤਰੀ, ਦੇਖੋ ਕਿਵੇਂ ਖਜ਼ਾਨੇ ਭਰਦਾ ਹੈ’
ਪਟਿਆਲਾ, ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ
ਸਾਂਝੇ ਅਧਿਆਪਕ ਮੋਰਚਾ ਵੱਲੋਂ ਆਪਣੀ ਤਨਖਾਹ ਕਟੌਤੀ ਖਿਲਾਫ਼ ਚੱਲ ਰਹੇ ਰੋਸ ਧਰਨਿਆਂ ਵਿੱਚ ਹੁਣ ਸਰਕਾਰੀ ਸਕੂਲਾਂ ਦੇ ਬੱਚੇ ਵੀ ਅਧਿਆਪਕਾਂ ਦੇ ਹੱਕ ‘ਚ ਕੁੱਦ ਪਏ ਹਨ। ਇੱਥੋਂ ਤੱਕ ਕਿ ਪਟਿਆਲਾ ਵਿਖੇ ਕੱਢੇ ਗਏ ਰੋਸ ਮਾਰਚ ‘ਚ ਅੱਜ ਮੋਗਾ ਜ਼ਿਲ੍ਹਾ ਦੇ ਸਰਕਾਰੀ ਸਕੂਲਾਂ ਦੇ ਬੱਚੇ ਸ਼ਾਮਲ ਹੋਏ। ਉਕਤ ਬੱਚੇ ਸਰਕਾਰ ਖਿਲਾਫ਼ ਆਪਣੀ ਅਵਾਜ਼ ਬੁਲੰਦ ਕਰ ਰਹੇ ਹਨ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦ ਸ਼ਹਿਰ ਅੰਦਰ ਸਾਂਝਾ ਅਧਿਆਪਕ ਮੋਰਚੇ ਵੱਲੋਂ ਰੱਖਿਆ ਗਿਆ ਮਰਨ ਵਰਤ ਤੇ ਪੱਕਾ ਮੋਰਚਾ ਅੱਜ ਦਸਵੇਂ ਦਿਨ ‘ਚ ਦਾਖਲ ਹੋ ਗਿਆ ਹੈ।
ਅਧਿਆਪਕ ਆਗੂਆਂ ਵੱਲੋਂ ਰੋਜਾਨਾ ਹੀ ਇੱਥੇ ਵੱਖ-ਵੱਖ ਜ਼ਿਲ੍ਹਿਆਂ ਦੇ ਅਧਿਆਪਕਾਂ ਦੀ ਰੋਸ ਧਰਨੇ ‘ਚ ਪੁੱਜਣ ਦੀ ਡਿਊਟੀ ਲਾਈ ਹੈ, ਜਿਸ ਦੇ ਤਹਿਤ ਅੱਜ ਮੋਗਾ ਤੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਅਧਿਆਪਕ ਸ਼ਾਮਲ ਹੋਏ। ਦੁਪਹਿਰ ਤੋਂ ਬਾਅਦ ਅੱਜ ਇਨ੍ਹਾਂ ਅਧਿਆਪਕਾਂ ਵੱਲੋਂ ਬੱਸ ਸਟੈਂਡ ਰੇਲਵੇ ਸਟੇਸ਼ਨ, ਸਰਕਟ ਹਾਊਸ, ਖੰਡਾ ਚੌਂਕ ਆਦਿ ਥਾਵਾਂ ਤੋਂ ਹੁੰਦਾ ਹੋਇਆ ਮੁੜ ਧਰਨੇ ਵਾਲੇ ਸਥਾਨ ਤੱਕ ਰੋਸ ਮਾਰਚ ਕੱਢਿਆ ਗਿਆ।
ਇਸ ਦੌਰਾਨ ਦੇਖਿਆ ਗਿਆ ਕਿ ਅੱਜ ਮੋਗਾ ਜ਼ਿਲ੍ਹੇ ਨਾਲ ਸਬੰਧਿਤ ਸਰਕਾਰੀ ਸਕੂਲਾਂ ਦੇ ਬੱਚੇ ਵੀ ਆਪਣੇ ਅਧਿਆਪਕਾਂ ਦੀ ਹਮਾਇਤ ‘ਤੇ ਪੁੱਜੇ ਹੋਏ ਸਨ ਤੇ ਉਹ ਅਧਿਆਪਕਾਂ ਨਾਲ ਰੋਸ ਮਾਰਚ ਕੱਢ ਰਹੇ ਸਨ। ਇਨ੍ਹਾਂ ਵਿਦਿਆਰਥੀਆਂ ਦੇ ਹੱਥ ‘ਚ ਚੁੱਕੀਆਂ ਗਈਆਂ ਤਖਤੀਆਂ ਸਰਕਾਰ ਨੂੰ ਕਰੜੀ ਚੋਟ ਦਰਸਾ ਰਹੀਆਂ ਸਨ। ਇਨ੍ਹਾਂ ਤਖ਼ਤੀਆਂ ‘ਤੇ ਲਿਖਿਆ ਸੀ ‘ਮਜ਼ਲੂਮਾਂ ਦੀ ਸਿੱਖਿਆ ਖੋਹ ਕੇ, ਨਸ਼ਿਆਂ ਨੂੰ ਸਸਤੇ ਕਰਦਾ ਹੈ, ਇਹ ਸਰਕਾਰ ਦਾ ਵਿੱਤ ਮੰਤਰੀ, ਦੇਖੋ ਕਿਵੇਂ ਖਜ਼ਾਨੇ ਭਰਦਾ ਹੈ।
ਵਿਦਿਆਰਥਣ ਵੱਲੋਂ ਚੁੱਕੀ ਇੱਕ ਤਖਤੀ ‘ਤੇ ਲਿਖਿਆ ਸੀ ‘ਗਲ ਪੈ ਜਾਣ ਜਦੋਂ ਅੱਕੇ ਲੋਕ, ਬੰਬ ਬੰਦੂਕਾਂ ਸਕਣ ਨਾ ਰੋਕ। ਇੱਕ ਵਿਦਿਆਰਥਣ ਤੋਂ ਜਦੋਂ ਰੋਸ ਮਾਰਚ ‘ਚ ਸ਼ਾਮਲ ਹੋਣ ਸਬੰਧੀ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਉਹ ਆਪਣੇ ਮਾਪਿਆਂ ਦੀ ਸਹਿਮਤੀ ਤੋਂ ਬਾਅਦ ਅਧਿਆਪਕਾਂ ਦੇ ਹੱਕ ਵਿੱਚ ਆਈ ਹੈ। ਉਸ ਨੇ ਕਿਹਾ ਕਿ ਸਰਕਾਰ ਨੇ ਜੋ ਅਧਿਆਪਕਾਂ ਦੀ ਤਨਖਾਹ ‘ਚ ਕਟੌਤੀ ਕੀਤੀ ਗਈ ਹੈ, ਇਹ ਸਾਡੇ ਅਧਿਆਪਕਾਂ ਦੇ ਹੱਕਾਂ ‘ਤੇ ਡਾਕਾ ਹੈ।
ਉਸ ਨੇ ਕਿਹਾ ਕਿ ਜਦੋਂ ਸਾਡੇ ਅਧਿਆਪਕ ਹੀ ਮਾਨਸਿਕ ਪੀੜਾ ਵਿੱਚ ਹੋਣਗੇ ਤਾਂ ਉਹ ਸਾਨੂੰ ਕਿਸ ਤਰ੍ਹਾਂ ਪੜ੍ਹਾਈ ਕਰਵਾ ਸਕਣਗੇ, ਇਸ ਲਈ ਉਹ ਅੱਜ ਧਰਨੇ ਵਿੱਚ ਸ਼ਾਮਲ ਹੋਏ ਹਨ। ਕਈ ਵਿਦਿਆਰਥਣਾਂ ਨੇ ਆਪਣੇ ਮੋਢਿਆਂ ‘ਚ ਬੈਗ ਵੀ ਪਾਏ ਹੋਏ ਸਨ। ਅਧਿਆਪਕਾਂ ਦੇ ਧਰਨਿਆਂ ‘ਚ ਵਿਦਿਆਰਥੀਆਂ ਦਾ ਸ਼ਾਮਲ ਹੋਣਾ ਧਰਨਾਕਾਰੀ ਅਧਿਆਪਕਾਂ ਦਾ ਮਨੋਬਲ ਵਧਾ ਰਿਹਾ ਹੈ।
ਇਸ ਮੌਕੇ ਅਧਿਆਪਕ ਆਗੂਆਂ ਡਾ. ਅੰਮ੍ਰਿਤਪਾਲ ਸਿੰਘ, ਹਰਦੀਪ ਸਿੰਘ ਟੋਡਰਪੁਰ, ਦੀਦਾਰ ਸਿੰਘ ਮੁੱਦਕੀ ਤੇ ਸੁਖਰਾਜ ਸਿੰਘ ਕਾਹਲੋ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਠੇਕਾ ਅਧਾਰਿਤ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਥਾਂ ਖਜਾਨੇ ਦਾ ਬਹਾਨਾ ਬਣਾ ਕੇ ਆਪਣਾ ਸਮਾਂ ਟਪਾਉਣ ‘ਤੇ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਅਧਿਆਪਕਾਂ ਨੂੰ ਜੁਆਇਨ ਕਰਵਾਉਣ ਲਈ ਲਾਲਚ ਦੇ ਰਹੀ ਹੈ, ਜਿਸ ਕਾਰਨ ਉਨ੍ਹਾਂ ਦੇ ਸਾਥੀ ਸਰਕਾਰ ਦੇ ਝਾਂਸੇ ‘ਚ ਆ ਰਹੇ ਹਨ। ਆਗੂਆਂ ਨੇ ਕਿਹਾ ਕਿ ਉਹ ਆਪਣਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।