Bathinda News: ਰੱਸੀ ਟੱਪਦੇ ਹੋਏ 289 ਦਾ ਪਹਾੜਾ 100 ਲਾਈਨਾਂ ਤੱਕ 83 ਸੈਕਿੰਡ ਵਿੱਚ ਸੁਣਾਇਆ, ਪਹਿਲਾਂ ਵੀ ਬਣਾਏ ਹਨ 3 ਰਿਕਾਰਡ
Bathinda News: ਰਾਮਪੁਰਾ ਫੂਲ (ਵਿਸ਼ਾਲ ਸਿੰਗਲਾ)। ਰਾਮਪੁਰਾ ਫੂਲ ਦੇ ਸੇਂਟ ਜੇਵੀਅਰ ਸਕੂਲ ਦੀ ਅੱਠਵੀਂ ਕਲਾਸ ਦੀ ਵਿਦਿਆਰਥਣ ਕਰਿਸ਼ਮਾ ਨੂਰ ਨੇ ਰੱਸੀ ਟੱਪਦੇ ਹੋਏ ਤੇਜ਼ ਗਤੀ ਨਾਲ 3 ਅੰਕਾਂ ਦਾ ਪਹਾੜਾ 100 ਲਾਈਨਾਂ ਤੱਕ ਸੁਣਾ ਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ।
ਕਰਿਸ਼ਮਾ ਦੇ ਇਸ ਵਿਲੱਖਣ ਰਿਕਾਰਡ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਉਸ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ । ਵਰਨਣਯੋਗ ਹੈ ਕਿ ਇਸ ਤੋ ਪਹਿਲਾਂ ਵੀ ਕਰਸ਼ਿਮਾ ਨੇ ਤੇਜ ਗਤੀ ਟਾਇਪਿੰਗ ਵਿੱਚ 3 ਰਿਕਾਰਡ ਬਣਾਏ ਹਨ । ਸ਼ਾਰਪ ਬ੍ਰੇਨਸ ਸੰਸਥਾ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਦੱਸਿਆ ਕਰਿਸ਼ਮਾ ਨੂਰ ਪੁੱਤਰੀ ਰਾਜ ਕੁਮਾਰ ਨੇ ਰੱਸੀ ਟੱਪਦੇ ਹੋਏ 289 ਦਾ ਪਹਾੜਾ 100 ਲਾਈਨਾਂ ਤੱਕ ਸਿਰਫ 83 ਸੈਕਿੰਡ ਵਿੱਚ ਸੁਣਾ ਕੇ ਇਹ ਰਿਕਾਰਡ ਕਾਇਮ ਕੀਤਾ ਹੈ ।
Bathinda News
ਉਸ ਨੇ ਇਸ ਦੀ ਤਿਆਰੀ ਅਬੈਕਸ ਵਿਧੀ ਦੇ ਨਾਲ ਆਪਣੀ ਦਿਮਾਗ ਸ਼ਕਤੀ ਅਤੇ ਸਪੀਡ ਨੂੰ ਵਧਾ ਕੇ ਕੀਤਾ ਹੈ। ਇੰਡੀਆ ਬੁੱਕ ਆਫ ਰਿਕਾਰਡ ਨੇ ਇਸ ਦੀ ਪੁਸ਼ਟੀ ਕਰਦਿਆਂ ਉਸ ਨੂੰ ਸਰਟੀਫਿਕੇਟ ਅਤੇ ਮੈਡਲ ਪ੍ਰਦਾਨ ਕੀਤਾ ਹੈ । ਰਾਮਪੁਰਾ ਫੂਲ ਸਬ ਡਿਵੀਜਨ ਦੇ ਐੱਸਡੀਅੱੈਮ ਸੁਨੀਲ ਫੋਗਾਟ ਆਈਏਐੱਸ ਨੇ ਕਰਿਸ਼ਮਾ ਨੂੰ ਆਪਣੇ ਦਫਤਰ ਵਿੱਚ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ । ਉਨ੍ਹਾਂ ਕਿਹਾ ਕਿ ਇਹ ਸਮੁੱਚੀ ਸਬ ਡਿਵੀਜਨ ਅਤੇ ਜ਼ਿਲ੍ਹੇ ਦੇ ਲਈ ਮਾਣ ਵਾਲੀ ਗੱਲ ਹੈ ।
Read Also : ਮੁੱਖ ਮੰਤਰੀ ਨੇ ਦੇਸ਼ ਦੇ ਬਦਲਾਅ ਲਈ ਆਖੀ ਵੱਡੀ ਗੱਲ, 11 ਸਾਲਾਂ ‘ਚ ਹੋਇਆ ਰਿਕਾਰਡ
ਕਰਿਸ਼ਮਾ ਨੇ ਜਦੋਂ ਉਨ੍ਹਾਂ ਨੂੰ ਆਪਣੇ ਇਸ ਰਿਕਾਰਡ ਦਾ ਲਾਈਵ ਡੈਮੋ ਦਿੱਤਾ ਤਾਂ ਉਹ ਵੀ ਹੈਰਾਨ ਹੋ ਗਏ । ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਦਿਮਾਗੀ ਸ਼ਕਤੀ ਅਤੇ ਇਕਾਗਰਤਾ ਵਾਲੇ ਬੱਚਿਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਬਹੁਤ ਫਾਇਦਾ ਮਿਲੇਗਾ । ਉਨ੍ਹਾਂ ਹੋਰਾਂ ਵਿਦਿਆਰਥੀਆਂ ਨੂੰ ਵੀ ਕਰਿਸ਼ਮਾ ਤੋ ਪ੍ਰੇਰਣਾ ਲੈਣ ਲਈ ਕਿਹਾ। ਸੇਂਟ ਜੇਵੀਅਰ ਸਕੂਲ ਦੇ ਪ੍ਰਿੰਸੀਪਲ ਫਾਦਰ ਯੂਲੇਲੀਓ ਫਰਨਾਂਡਿਜ, ਮੈਨੇਜ਼ਰ ਐਡਰਿਓ ਫਰਨਾਂਡਿਜ ਅਤੇ ਕੋਆਡੀਨੇਟਰ ਪ੍ਰੇਮਲਤਾ ਨੇ ਵੀ ਕਰਿਸ਼ਮਾ ਨੂਰ ਅਤੇ ਸ਼ਾਰਪ ਬ੍ਰੇਨਸ ਸੰਸਥਾ ਨੂੰ ਇਸ ਰਿਕਾਰਡ ਦੇ ਲਈ ਵਧਾਈ ਦਿੱਤੀ ਹੈ।














