ਇਸਲਾਮਾਬਾਦ (ਏਜੰਸੀ)। ਪਾਕਿਸਤਾਨ (Pakistan) ’ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਇੱਥੇ ਇਸਲਾਮਾਬਾਦ ’ਚ ਜਬਰਦਸਤ ਭੂਚਾਲ ਮਹਿਸੂਸ ਕੀਤਾ ਗਿਆ। ਭੂਚਾਲ ਦਾ ਅਸਰ ਰਾਵਲਪਿੰਡੀ ’ਚ ਵੀ ਦੇਖਣ ਨੂੰ ਮਿਲਿਆ ਹੈ। ਭੂਚਾਲ ਕਾਰਨ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਹੈ। ਸਮਾਚਾਰ ਏਜੰਸੀ ਏਐੱਨਆਈ ਮੁਤਾਬਕ ਭੂਚਾਲ ਦੀ ਤੀਬਰਤਾ 4.1 ਸੀ।
ਪਰ ਕੁਝ ਹੋਰ ਏਜੰਸੀਆਂ ਵੱਲੋਂ ਭੂਚਾਲ ਦੀ ਤੀਬਰਤਾ 6.3 ਦੱਸੀ ਗਈ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਭੂਚਾਲ ਦਾ ਕੇਂਦਰ ਤਜਾਕਿਸਤਾਨ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਸ ਭੂਚਾਲ ਦੇ ਝਟਕੇ ਈਰਾਨ ਅਤੇ ਅਫਗਾਨਿਸਤਾਨ ’ਚ ਵੀ ਮਹਿਸੂਸ ਕੀਤੇ ਗਏ ਹਨ। ਮੌਸਮ ਵਿਭਾਗ ਮੁਤਾਬਕ ਭੂਚਾਲ ਦੀ ਡੂੰਘਾਈ 150 ਕਿਲੋਮੀਟਰ ਸੀ ਅਤੇ ਇਸ ਦਾ ਕੇਂਦਰ ਤਜਾਕਿਸਤਾਨ ਵਿੱਚ ਸੀ।
ਵਿਭਾਗ ਨੇ ਇਹ ਵੀ ਦੱਸਿਆ ਕਿ ਤਾਜਾ ਭੂਚਾਲ ਦੇ ਝਟਕੇ ਲਗਭਗ 12:54 ਵਜੇ ਦੇਸ ਵਿੱਚ ਆਏ ਅਤੇ ਇਸਦਾ ਲੰਬਕਾਰ 69.65 ਪੂਰਬ ਅਤੇ 38.65 ਉੱਤਰੀ ਅਕਸਾਂਸ ਸੀ। ਹਾਲਾਂਕਿ, ਯੂਰੋਪੀਅਨ-ਮੈਡੀਟੇਰੀਅਨ ਸੀਸਮੋਲੋਜੀਕਲ ਸੈਂਟਰ ਨੇ ਕਿਹਾ ਕਿ ਭੂਚਾਲ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਅਟਕ ਨੇੜੇ ਆਇਆ ਸੀ। ਰੇਡੀਓ ਪਾਕਿਸਤਾਨ ਨੇ ਦੱਸਿਆ ਕਿ ਕਿਸੇ ਜਾਨੀ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ। ਇਸਲਾਮਾਬਾਦ, ਰਾਵਲਪਿੰਡੀ ਅਤੇ ਦੇਸ ਦੇ ਹੋਰ ਇਲਾਕਿਆਂ ’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।