ਸ਼ਹਿਰ ਵਿੱਚੋਂ ਦੀ ਕੀਤਾ ਰੋਸ ਪ੍ਰਦਰਸ਼ਨ
ਸੰਗਰੂਰ, (ਗੁਰਪ੍ਰੀਤ ਸਿੰਘ/ਸੱਚ ਕਹੂੰ ਨਿਊਜ਼)। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਪੰਚਾਇਤੀ ਰਿਜ਼ਰਵ ਕੋਟੇ ਦੀ ਜ਼ਮੀਨ ਘੱਟ ਰੇਟ ਤੇ ਸਾਂਝੇ ਤੌਰ ਤੇ ਲੈਣ ਆਦਿ ਮੰਗਾਂ ਦੀ ਪ੍ਰਾਪਤੀ ਲਈ ਸੰਗਰੂਰ ਸ਼ਹਿਰ ਵਿੱਚ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਕੇ ਡੀਸੀ ਦਫ਼ਤਰ ਮੂਹਰੇ ਧਰਨਾ ਲਾਇਆ ਗਿਆ।
ਸੰਗਰੂਰ, ਸੁਨਾਮ, ਧੂਰੀ, ਭਵਾਨੀਗੜ੍ਹ ਬਲਾਕ ਦੇ ਜਿਨ੍ਹਾਂ ਪਿੰਡਾਂ ਦੀ ਅਜੇ ਬੋਲੀ ਹੋਣੀ ਰਹਿੰਦੀ ਹੈ, ਉਨ੍ਹਾਂ ਪਿੰਡਾਂ ਤੋਂ ਪਹੁੰਚੇ ਸਮੂਹ ਦਲਿਤ ਮਜ਼ਦੂਰ ਭਾਈਚਾਰੇ ਸਮੇਤ ਵੱਡੀ ਗਿਣਤੀ ਵਿੱਚ ਪਹੁੰਚੀਆਂ ਔਰਤਾਂ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਜ਼ਿਲ੍ਹਾ ਪ੍ਰਧਾਨ ਨਰਿੰਦਰ ਨਿੰਦੀ, ਜ਼ਿਲ੍ਹਾ ਆਗੂ ਧਰਮਪਾਲ ਸਿੰਘ ਨੇ ਕਿਹਾ ਕਿ ਪੰਚਾਇਤ ਰਿਜਰਵ ਕੋਟੇ ਦੀ ਜ਼ਮੀਨ ਘੱਟ ਰੇਟ ਤੇ ਸਾਂਝੇ ਤੌਰ ਤੇ ਹਰ ਹਾਲਤ ਵਿੱਚ ਲੈ ਕੇ ਰਹਾਂਗੇ, ਕਿਉਂਕਿ ਜ਼ਮੀਨ ਸਾਡੇ ਮਾਣ ਸਨਮਾਨ ਦਾ ਪ੍ਰਤੀਕ ਹੈ।
ਪਿੰਡਾਂ ਵਿੱਚ ਕਈ ਕਈ ਵਾਰ ਬੋਲੀਆਂ ਰੱਦ ਹੋ ਚੁੱਕੀਆਂ ਹਨ, ਸਮੂਹ ਦਲਿਤ ਭਾਈਚਾਰੇ ਦਸਤਖਤ ਅੰਗੂਠੇ ਲਗਵਾ ਕੇ ਸਬੰਧਿਤ ਬੀਡੀਪੀਓ ਨੂੰ ਮੰਗ ਪੱਤਰ ਦੇ ਚੁਕੇ ਹਨ, ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਸਮੂਹ ਦਲਿਤ ਮਜ਼ਦੂਰ ਭਾਈਚਾਰਾ ਇਹ ਜ਼ਮੀਨ ਘੱਟ ਰੇਟ ਤੇ ਸਾਂਝੇ ਤੌਰ ‘ਤੇ ਇਸ ਕਰਕੇ ਲੈਣਾ ਚਾਹੁੰਦਾ ਹੈ ਤਾਂ ਜੋ ਦਲਿਤ ਮਜ਼ਦੂਰ ਔਰਤਾਂ ਨੂੰ ਜ਼ਲੀਲ ਨਾ ਹੋਣਾ ਪਵੇ। ਮਜ਼ਦੂਰ ਭਾਈਚਾਰੇ ਸਾਰੇ ਸਾਧਨਾਂ ਤੋਂ ਵਾਂਝਾ ਹੈ। ਕਈ ਪਿੰਡਾਂ ਵਿੱਚ ਦਲਿਤ ਮਜ਼ਦੂਰ ਨੂੰ ਉਪਜਾਊ ਜ਼ਮੀਨ ਨਹੀਂ ਦਿੱਤੀ ਜਾ ਰਹੀ ਨਾ ਹੀ ਪਿੰਡ ਦੇ ਕਈ ਟੱਕਾਂ ਵਿੱਚ ਪਾਣੀ ਦਾ ਪ੍ਰਬੰਧ ਹੈ। ਉਨ੍ਹਾਂ ਐਲਾਨ ਕੀਤਾ ਕਿ ਹਰ ਹਾਲਤ ਵਿੱਚ ਇਹ ਜ਼ਮੀਨਾਂ ਦਲਿਤ ਭਾਈਚਾਰੇ ਨੂੰ ਦਿਵਾਈਆਂ ਜਾਣਗੀਆਂ।