ਅਸਮ ’ਚ ਤੇਜ਼ ਭੂਚਾਲ ਦੇ ਝਟਕੇ, ਰਿਐਕਟਰ ਸਕੇਲ ’ਤੇ 6.4 ਮਾਪੀ ਗਈ ਤੀਬਰਤਾ
ਏਜੰਸੀ, ਨਵੀਂ ਦਿੱਲੀ। ਅਸਮ ਦੇ ਸੋਨਿਤਪੁਰ ’ਚ ਬੁੱਧਵਾਰ ਸਵੇਰੇ ਭੂਚਾਲ ਦੇ ਤੇਜ ਝਟਕੇ ਮਹਿਸੂਸ ਕੀਤੇ ਗਏ। ਇਸ ਇਲਾਕੇ ’ਚ ਸਵੇਰੇ 7 ਵੱਜ ਕੇ 51 ਮਿੰਟ ’ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਐਕਟਰ ਸਕੇਲ ’ਤੇ ਭੂਚਾਲ ਦੀ ਤੀਬਰਤਾ 6.4 ਮਾਪੀ ਗਈ ਹੈ। ਫਿਲਹਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ।
ਹੁਣ ਤੱਕ ਦੀ ਜਾਣਕਾਰੀ ਅਨੁਸਾਰ, ਅਸਮ ’ਚ ਅੱਧੇ ਘੰਟੇ ਦੇ ਅੰਦਰ ਭੂਚਾਲ ਦੇ ਤਿੰਨ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਵਿੱਚ ਪਹਿਲਾਂ 6.4 ਤੀਬਰਤਾ ਦਾ ਭੂਚਾਲ ਸੀ। ਇਸ ਤੋਂ ਬਾਅਦ 7 ਵੱਜ ਕੇ 58 ਮਿੰਟ ’ਤੇ 4.3 ਤੀਬਰਤਾ ਦਾ ਭੂਚਾਲ ਮਹਿਸੂਸ ਕੀਤਾ ਗਿਆ ਤੇ ਇਸ ਤੋਂ ਬਾਅਦ 8 ਵੱਜ ਕੇ 1 ਮਿੰਟ ’ਤੇ 4.1 ਤੀਬਰਤਾ ਦਾ ਭੂਚਾਲ ਆਇਆ। ਮੁੱਖ ਮੰਤਰੀ ਸਰਵਾਨੰਦ ਸੋਨੇਵਾਲ ਨੇ ਟਵੀਟ ਕੀਤਾ ਹੈ ਕਿ ਹੁਣ ਉਹ ਭੂਚਾਲ ਪ੍ਰਭਾਵਿਤ ਜਿਲ੍ਹਿਆਂ ਦੀ ਜਾਣਕਾਰੀ ਲੈ ਰਹੇ ਹਨ। ਉਨ੍ਹਾਂ ਨੇ ਸਾਰਿਆਂ ਨੂੰ ਸੁਰੱਖਿਅਤ ਰਹਿਣ ਦੀ ਕਾਮਨਾ ਕੀਤੀ।
ਭੂਚਾਲ ਆਉਣ ’ਤੇ ਕੀ ਕਰੀਏ?
- ਭੂਚਾਲ ਆਉਣ ’ਤੇ ਜੇਕਰ ਤੁਸੀਂ ਘਰ ’ਚ ਹੋ ਤਾਂ ਕੋਸ਼ਿਸ਼ ਕਰੋ ਕਿ ਫਰਸ਼ ’ਤੇ ਬੈਠ ਜਾਓ।
- ਜਾਂ ਫਿਰ ਜੇਕਰ ਤੁਹਾਡੇ ਘਰ ’ਚ ਟੇਬਲ ਜਾਂ ਫਰਨੀਚਰ ਹੈ ਤਾਂ ਉਸ ਦੇ ਹੇਠਾਂ ਬੈਠ ਕੇ ਹੱਥ ਨਾਲ ਸਿਰ ਨੂੰ ਢੱਕ ਲੈਣਾ ਚਾਹੀਦਾ ਹੈ।
- ਭੂਚਾਲ ਆਉਣ ਦੌਰਾਨ ਘਰ ਅੰਦਰ ਹੀ ਰਹੋ ਤੇ ਝਟਕੇ ਰੁਕਣ ਤੋਂ ਬਾਅਦ ਹੀ ਬਾਹਰ ਨਿਕਲੋ।
- ਭੂਚਾਲ ਦੌਰਾਨ ਘਰ ਦੇ ਸਾਰੇ ਬਿਜਲੀ ਸਵਿੱਚ ਬੰਦ ਕਰ ਦਿਓ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।