ਪਿੰਡ ਧਲੇਵਾਂ ‘ਚ ਅਵਾਰਾ ਕੁੱਤਿਆਂ ਵੱਲੋਂ ਭੇਡਾਂ ‘ਤੇ ਹਮਲਾ, 30 ਦੀ ਮੌਤ

Stray, Dogs, Attacked, Sheeps, Dead

ਪਿੰਡ ਦੇ ਸਰਪੰਚ ਵੱਲੋਂ ਗਰੀਬ ਪਰਿਵਾਰ ਨੂੰ ਸਹਾਇਤਾ ਦੇਣ ਦੀ ਮੰਗ

ਭੀਖੀ (ਡੀ.ਪੀ. ਜਿੰਦਲ)। ਨੇੜਲੇ ਪਿੰਡ ਧਲੇਵਾਂ ਵਿਖੇ ਇੱਕ ਗਰੀਬ ਪਰਿਵਾਰ ‘ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟਿਆ ਜਦੋਂ ਪਰਿਵਾਰ ਵੱਲੋਂ ਵਾੜੇ ਵਿੱਚ ਬੰਦ ਕੀਤੀਆਂ 80 ਦੇ ਕਰੀਬ ਭੇਡਾਂ ‘ਤੇ ਅਵਾਰਾ ਕੁੱਤਿਆ ਨੇ ਹਮਲਾ ਕਰ ਦਿੱਤਾ ਜਿਸ ਨਾਲ 30 ਭੇਡਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ 11 ਭੇਡਾਂ ਗੰਭੀਰ ਜਖਮੀ ਹੋ ਗਈਆਂ ਜੋ ਕਿ ਜੇਰੇ ਇਲਾਜ ਹਨ। ਜਾਣਕਾਰੀ ਅਨੁਸਾਰ ਪਿੰਡ ਧਲੇਵਾਂ ਦੇ ਵਾਰਡ ਨੰ. 7 ਦੇ ਵਾਸੀ ਦਰਸ਼ਨ ਸਿੰਘ ਪੁੱਤਰ ਪਿਆਰਾ ਸਿੰਘ ਜੋ ਕਿ ਭੇਡਾਂ ਪਾਲਣ ਦਾ ਕੰਮ ਕਰਦਾ ਹੈ।ਲੋਹੜੀ ਵਾਲੀ ਸ਼ਾਮ ਆਪਣੀਆਂ 80 ਦੇ ਕਰੀਬ ਭੇਡਾਂ ਨੂੰ ਵਾੜੇ ਵਿੱਚ ਬੰਦ ਕਰਕੇ ਆਪ ਰੋਟੀ ਖਾਣ ਤੋਂ ਬਾਦ ਆਪਣੇ ਘਰ ਵਿੱਚ ਲੋਹੜੀ ਬਾਲ ਲਈ।ਲੋਹੜੀ ਤੋਂ ਬਾਦ ਜਦੋਂ ਰਾਤ ਨੂੰ ਉਹ ਆਪਣੇ ਭੇਡਾਂ ਵਾਲੇ ਵਾੜੇ ਵਿੱਚ ਪੁੱਜਾ ਤਾਂ ਉੱਥੇ ਮੌਜੂਦ ਭੇਡਾਂ ‘ਤੇ ਕੋਈ 20 ਦੇ ਕਰੀਬ ਅਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ ਸੀ।

ਉਸ ਵੱਲੋਂ ਲੋਕਾਂ ਦੀ ਮਦਦ ਨਾਲ ਹਟਾਉਣ ਦਾ ਕੰਮ ਕੀਤਾ ਪ੍ਰੰਤੂ ਅਵਾਰਾ ਕੁੱਤਿਆਂ ਨੇ ਉਸ ‘ਤੇ ਵੀ ਹਮਲਾ ਕਰ ਦਿੱਤਾ ਜਿਸ ਨੇ ਭੱਜ ਕੇ ਜਾਣ ਬਚਾਈ।ਉਨਾਂ ਦੱਸਿਆ ਕਿ ਉਨ੍ਹਾਂ ਪਿੰਡ ਵਾਸੀਆਂ ਦੀ ਮਦਦ ਨਾਲ ਮਸਾਂ ਕੁੱਤਿਆ ਨੂੰ ਭਜਾਇਆ ਪਰ ਉਦੋਂ ਤੱਕ ਉਸਦੀਆਂ 30 ਭੇਡਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ 11 ਭੇਡਾਂ ਗੰਭੀਰ ਜਖਮੀ ਹੋ ਗਈਆਂ।ਲੋਕਾਂ ਅਨੁਸਾਰ ਇਹ ਅਵਾਰਾ ਕੁੱਤੇ ਪਹਿਲਾਂ ਵੀ ਪਿੰਡ ਦੇ ਕਈ ਪਸ਼ੂਆਂ ਦਾ ਨੁਕਸਾਨ ਕਰ ਚੁੱਕੇ ਹਨ। ਪਿੰਡ ਦੇ ਸਰਪੰਚ ਹਰਬੰਸ ਕੌਰ ਨੇ ਜਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਗਰੀਬ ਪਰਿਵਾਰ ਨੂੰ ਯੋਗ ਮੁਆਵਜਾ ਦਿੱਤਾ ਜਾਵੇ ਅਤੇ ਇੰਨਾਂ ਅਵਾਰਾ ਕੁੱਤਿਆ ਦਾ ਹੱਲ ਕੀਤਾ ਜਾਵੇ।