ਸਾਡੇ ਨਾਲ ਸ਼ਾਮਲ

Follow us

11.3 C
Chandigarh
Friday, January 23, 2026
More
    Home ਸਾਹਿਤ ਕਹਾਣੀਆਂ ਕਹਾਣੀ : ਕੰਡੇ ...

    ਕਹਾਣੀ : ਕੰਡੇ ਦੀ ਨੋਕ ’ਤੇ ਟਿਕੀ ਪੀੜ

    srory

    ਕਹਾਣੀ : ਕੰਡੇ ਦੀ ਨੋਕ ’ਤੇ ਟਿਕੀ ਪੀੜ

    ਬੇਬੇ ਭਗਵਾਨ ਕੌਰ ਨੇ ਅਖੀਰਲਾ ਪੇੜਾ ਵੇਲ ਕੇ ਪਰਾਂਤ ਖੜ੍ਹੀ ਕੀਤੀ ਤਾਂ ਉਹ ਸੋਚਾਂ ਵਿੱਚ ਗੁਆਚ ਗਈ। 10 ਦਸੰਬਰ ਦਾ ਸੂਰਜ ਪਰ੍ਹੇ ਟਾਵਰ ਦੇ ਪਿਛਵਾੜੇ ਛਿਪ ਰਿਹਾ ਸੀ। ਜ਼ਿਆਦਾ ਟਰਾਲੀਆਂ ’ਚ ਟਿਕ-ਟਿਕਾਅ ਹੋ ਚੱਲਿਆ ਸੀ ਪਰ ਕਿਸੇ ਕਿਸੇ ਚੁੱਲ੍ਹੇ ’ਚੋਂ ਅਜੇ ਵੀ ਧੂੰਆਂ ਨਿੱਕਲ ਰਿਹਾ ਸੀ। ਚਾਰ ਪਿੰਡਾਂ ਦੀਆਂ ਟਰਾਲੀਆਂ ਵਾਲਿਆਂ ਦੀ ਰੋਟੀ ਕੱਠੀ ਪੱਕਦੀ ਸੀ।

    ਭਗਵਾਨ ਕੌਰ ਸਾਰਿਆਂ ਤੋਂ ਵੱਡੀ ਹੋਣ ਕਰਕੇ ਸਾਰਿਆਂ ਦੀ ਬੇਬੇ ਸੀ। ਟਰਾਲੀਆਂ ਵਾਲੇ ਚਿਹਰੇ ਸਾਰਾ ਸਾਲ ਬਦਲਦੇ ਰਹੇ ਪਰ ਭਗਵਾਨ ਕੌਰ ਸਾਰਾ ਸਾਲ ਮੋਰਚੇ ਤੇ ਡਟੀ ਰਹੀ। ਰੋਟੀ ਪਕਦੀ ਤਾਂ ਬੇਬੇ ਭਗਵਾਨ ਕੌਰ ਕੜਛੀ ਫੜਦੀ। ਸਾਰੇ ਆਪੋ ਆਪਣੀ ਥਾਲੀ ਚੁੱਕਦੇ, ਬੇਬੇ ਮੂਹਰੇ ਆ ਬਹਿੰਦੇ। ਬੇਬੇ ਥਾਲੀ ਧਰਤੀ ਤੇ ਰਖਾਏ ਬਿਨਾਂ ਥਾਲੀ ਵਿਚ ਸਲੂਣਾ ਨਾ ਪਾਉਂਦੀ। ਉਸ ਦੀ ਟੋਕਾ ਟਾਕੀ ਦਾ ਕੋਈ ਬੁਰਾ ਨਾ ਮਨਾਉਂਦਾ। ਕਈ ਵਾਰ ਲੰਗਰ ਵਰਤਾਉਣ ਦਾ ਕੰਮ ਪੂਰਾ ਹੋਇਆ ਤਾਂ ਬੇਬੇ ਚੁੱਪ ਚਾਪ ਸਿਆਲੂ ਰਾਤਾਂ ਵਿਚ ਰਜਾਈ ਚ ਪੈ ਗਈ। ਕਿਸੇ ਨੂੰ ਕੁੱਝ ਪਤਾ ਨਾ ਲੱਗਾ…!!

    ਬੇਬੇ, ਦੁਖਦੈ ਕੁਛ?, ਉਦੈਕਰਨ ਵਾਲੀ ਬਸੰਤ ਕੁਰ ਨੇ ਢਿਲਕ ਆਈ ਚੁੰਨੀ ਦਾ ਲੜ ਸਿਰ ਤੇ ਕਰਦਿਆਂ ਪੁੱਛਿਆ।
    ਨਾ ਬਸੰਤ ਕੁਰੇ, ਦੁਖਦਾ ਤਾਂ ਕੁਛ ਨਹੀਂ। ਪਤਾ ਨਹੀਂ ਕਿਉਂ ਕਾਲਜੇ ਨੂੰ ਖੋਹ ਜਿਹੀ ਪਈ ਜਾਂਦੀ ਐ। ਐਥੇ ਐਡਾ ਟੱਬਰ ਬਣ ਗਿਆ। ਸਾਰਿਆਂ ਦਾ ਬੇਬੇ-ਬੇਬੇ ਕਰਦਿਆਂ ਦਾ ਜਾਣੀ ਮੂੰਹ ਸੁਕਦੈ। ਸਵੇਰੇ ਆਪਾਂ ਤੁਰ ਜਾਣੈ। ਫਿਰ ਭਾਈ, ਨਦੀ ਨੀਰ ਸੰਜੋਗੀਂ ਮੇਲੇ…. ਬੇਬੇ ਭਗਵਾਨ ਕੌਰ ਨੇ ਗੱਲ ਨੂੰ ਉਂਗਲ ਲਾ ਕੇ ਰਾਹ ਤੇ ਤੋਰ ਲਿਆ।

    ਬੇਬੇ, ਲੱਗਦਾ ਤਾਂ ਮੈਨੂੰ ਵੀ ਇਹੀ ਹੈ ਸਵੇਰੇ ਜਦੋਂ ਆਪਣੀਆਂ ਟਰਾਲੀਆਂ ਹਰਿਆਣੇ ਵਿੱਚੋਂ ਟੱਪਣਗੀਆਂ ਤਾਂ ਸੜਕਾਂ ਚ ਪੱਟੇ ਉਹ ਟੋਏ ਅਤੇ ਰੇਤੇ ਦੇ ਬਣਾਏ ਭਾੜ ਅਤੇ ਜਾਏ ਖਣੀਆਂ ਉਹ ਪਾਣੀ ਵਾਲੀਆਂ ਤੋਪਾਂ ਬੜਾ ਚੇਤੇ ਆਉਣਗੀਆਂ। , ਬਸੰਤ ਕੌਰ ਨੇ ਵੀ ਗੱਲ ਦਾ ਤੋੜਾ ਝਾੜਿਆ,।
    ਤੇ ਏਵੇਂ ਉਹ ਕਿੰਨਾ ਚਿਰ ਈ ਰੁਣ ਝੁਣ ਕਰਦੀਆਂ ਰਹੀਆਂ। ਉਹਨਾਂ ਨੂੰ ਪਤਾ ਨਾ ਲੱਗਾ ਕਿ ਕਦੋਂ ਚੁੱਲ੍ਹੇ ਦੀ ਅੱਗ ਸੌਂ ਗਈ। ਕਦੋਂ ਹਰਿਆਣੇ ਵਾਲੇ ਛੋਹਰਿਆਂ ਦਾ ਟੈਂਪੂ ਟਰਾਲੀਆਂ ਵਿਚ ਦੁੱਧ ਵੰਡ ਕੇ ਮੁੜ ਗਿਆ ਅਤੇ ਕਦੋਂ ਮਲੇਰਕੋਟਲੇ ਵਾਲੇ ਖਾਨਾਂ ਦਾ ਕੈਂਟਰ ਗੋਭੀ ਦੇ ਗੱਟੇ ਟਰਾਲੀਆਂ ਵਿੱਚ ਵੰਡ ਕੇ ਮੁੜ ਗਿਆ।

    ਬੇਬੇ, ਤੁਸੀਂ ਕੀ ਹੀਰ ਛੇੜੀ ਬੈਠੀਆਂ? ਚਲੋ, ਪੈ ਜੋ ਹੁਣ, ਸਵੇਰੇ ਟੈਮ ਨਾਲ ਚੱਲਾਂਗੇ।, ਮਧੀਰ ਵਾਲਾ ਚਰਨਾ ਪਰਲੇ ਪਾਸਿਉਂ ਆਉਂਦਾ ਮੋਬਾਇਲ ਤੇ ਉਂਗਲਾਂ ਮਾਰਦਾ ਬੋਲਿਆ।
    ਬੇਬੇ ਭਗਵਾਨ ਕੌਰ ਤੇ ਬਸੰਤ ਕੌਰ ਉੱਠੀਆਂ। ਪੋਣੇ ਵਿੱਚ ਬਚੀਆਂ ਪਈਆਂ ਦੋ ਰੋਟੀਆਂ ਦੇ ਚਾਰ ਟੋਟੇ ਕੀਤੇ, ਪਰ੍ਹੇ ਫਿਰਦੇ ਨਿੱਕੇ ਕਤੂਰਿਆਂ ਨੂੰ ਪਾਏ ਅਤੇ ਟਰਾਲੀ ਹੇਠ ਵਿਛੇ ਗੱਦਿਆਂ ਤੇ ਪਈਆਂ ਰਜਾਈਆਂ ਵਿਚ ਵੜ ਗਈਆਂ।
    ਜਸਵਿੰਦਰ ਸਿੰਘ ਜਸ, ਪਿੰਡ ਬਾਘੇ ਵਾਲਾ
    ਤਹਿਸੀਲ ਅਤੇ ਜਿਲ੍ਹਾ ਫਾਜਿਲਕਾ
    ਮੋ: 9781925568

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here