Story: God bless you! | ਕਹਾਣੀ : ਰੱਬ ਸੁੱਖ ਰੱਖੇ!
ਟੁੱਟੇ ਪੁਰਾਣੇ ਸਾਈਕਲ ਨੂੰ ਧਰੂਹੀ ਜਾਂਦੇ ਮੁੜ੍ਹਕੇ ਨਾਲ ਗੜੁੱਚ ਦੇਬੂ ਦੇ ਸਾਹਮਣੇ ਮਿਠਾਈ ਦੀ ਦੁਕਾਨ ਦੇਖ ਮਨ ‘ਚ ਆਇਆ ਕਿ ਨਿਆਣਿਆਂ ਲਈ ਥੋੜ੍ਹੀਆਂ ਜਲੇਬੀਆਂ ਲੈ ਲਵਾਂ। ਪਰ ਜਿਉਂ ਹੀ ਉਸਦੇ ਰਾਤੀਂ ਆਟੇ ਖੁਣੋਂ ਖਾਲੀ ਹੋਏ ਭੜੋਲੇ ਕਾਰਨ ਭੁੱਖੇ ਢਿੱਡ ਸੁੱਤੇ ਮਾਸੂਮ ਨਿਆਣਿਆਂ ਨੂੰ ਦੇਖ ਆਪਣੇ-ਆਪ ਨਾਲ ਅੱਜ ਹਰ ਹੀਲੇ ਆਟਾ ਲਿਆਉਣ ਦਾ ਕੀਤਾ ਵਾਅਦਾ ਚੇਤੇ ਆਇਆ ਤਾਂ ਉਸਨੇ ਜਦੇ ਮਿਠਾਈ ਦੀ ਦੁਕਾਨ ਤੋਂ ਚੋਰਾਂ ਵਾਂਗ ਨਜਰਾਂ ਚੁਰਾ ਲਈਆਂ।
Story: God bless you!
”ਰੱਬ ਸੁੱਖ ਰੱਖੇ ਜੇ ਕੱਲ੍ਹ ਫਿਰ ਦਿਹਾੜੀ ਮਿਲ ਗਈ ਤਾਂ ਨਿਆਣਿਆਂ ਲਈ ਜਲੇਬੀਆਂ ਵੀ ਲੈ ਜਾਵਾਂਗਾ।” ਆਪਣੇ-ਆਪ ਨਾਲ ਗੱਲਾਂ ਕਰਨ ‘ਚ ਮਸ਼ਰੂਫ ਦੇਬੂ ਦਾ ਧਿਆਨ ਉਦੋਂ ਭੰਗ ਹੋਇਆ ਜਦੋਂ ਚੌਂਕ ‘ਚ ਖੜ੍ਹੇ ਤਕੜੇ ਜੁੱਸੇ ਦੇ ਮੁਲਾਜ਼ਮ ਨੇ ਉਸਨੂੰ ਘੇਰਦਿਆਂ ਰੌਅਬ ਨਾਲ ਆਖਿਆ, ”ਰੋਕ… ਆ ਇੱਧਰ ਸਾਇਡ ‘ਤੇ, ਕੱਢ ਪੰਜ ਸੌ ਰੁਪਏ।” ”ਪ…ਪੰਜ ਸੌ ਕਾਹਦੇ ਜੀ…?” ਦੇਬੂ ਭਮੱਤਰਿਆ ਜਿਹਾ ਬੋਲਿਆ। ”ਓ ਤੂੰ ਮਾਸਕ ਨ੍ਹੀਂ ਪਾਇਆ ਉਸਦਾ ਚਲਾਨ।” ”ਮ…ਮੈਨੂੰ ਪਤਾ ਨ੍ਹੀਂ ਸੀ ਜੀ ਪ… ਪਹਿਲੀ ਗਲਤੀ ਐ … ਜੀ ਮੁਆਫ…।” ਹੱਥ ਬੰਨ੍ਹਦਿਆਂ ਤੁਤਲਾਉਂਦੀ ਜੁਬਾਨ ਨਾਲ ਦੇਬੂ ਨੇ ਲੇਲ੍ਹੜੀ ਜਿਹੀ ਕੱਢੀ। ”ਕੋਈ ਨਾ ਹੁਣ ਪਤਾ ਲੱਗ ਜਾਊ।”
ਆਖਦਿਆਂ ਅਧਿਕਾਰੀ ਨੇ ਅੱਖ ਦੇ ਫੋਰ ਨਾਲ ਚਲਾਨ ਕੱਟ ਦੇਬੂ ਦੇ ਹੱਥ ‘ਤੇ ਟਿਕਾ ਦਿੱਤਾ, ਜਿਸਨੂੰ ਦੇਖ ਦੇਬੂ ਦੇ ਹੋਸ਼ ਫਾਖਤਾ ਤੇ ਉਸਦਾ ਚਿਹਰਾ ਇੱਕਦਮ ਪੀਲਾ ਜਰਦ ਹੋ ਗਿਆ। ਕੋਈ ਵਾਹ ਨਾ ਚੱਲਦੀ ਦੇਖ ਅਣਮੰਨੇ ਮਨ ਨਾਲ ਦੇਬੂ ਨੇ ਆਪਣੇ ਘਸੇ-ਫਟੇ ਕੁੜਤੇ ਦੇ ਖੀਸੇ ‘ਚੋਂ ਪੈਸੇ ਕੱਢ ਕੰਬਦੇ ਹੱਥ ਨਾਲ ਅਧਿਕਾਰੀ ਵੱਲ ਵਧਾ ਦਿੱਤੇ। ”ਇਹ ਤਾਂ ਸਾਢੇ ਤਿੰਨ ਸੌ ਨੇ ਓਏ, ਪੂਰਾ ਪੰਜ ਸੌ ਲਿਆ, ਨਹੀਂ ਤਾਂ…।”
Story: God bless you!
ਅਧਿਕਾਰੀ ਤਿੜ ਕੇ ਬੋਲਿਆ ਤਾਂ ਕੋਲ ਖੜ੍ਹੇ ਦੂਜੇ ਮੁਲਾਜ਼ਮ ਦੇਬੂ ਵੱਲ ਉੱਲਰੇ। ”ਜਨਾਬ, ਡੇਢ ਮਹੀਨੇ ਦੀ ਲੰਮੀ ਤਾਲਾਬੰਦੀ ਤੋਂ ਬਾਅਦ ਅੱਜ ਪਹਿਲੇ ਦਿਨ ਭੁੱਖਣ-ਭਾਣੇ ਮਿੱਟੀ ਨਾਲ ਮਿੱਟੀ ਹੋ ਕੇ ਦਿਨ ਭਰ ਕੀਤੀ ਦਿਹਾੜੀ ਦੇ ਆਹ ਮਸੀਂ ਸਾਢੇ ਤਿੰਨ ਸੌ ਮਿਲੇ ਸੀ। ”ਮ… ਮੈਂ… ਤਾਂ… ਆਟਾ… ਜਲੇਬੀਆਂ…।” ਤੱਤਾ ਜਿਹਾ ਹਾਉਕਾ ਲੈ ਕੇ ਇੱਕਦਮ ਚੁੱਪ ਹੋਏ ਦੇਬੂ ਤੋਂ ਅੱਗੇ ਕੁੱਝ ਕਹਿ ਨਾ ਹੋਇਆ।
”ਬਾਹਲੇ ਬਹਾਨੇ ਜੇ ਨਾ ਬਣਾ ਅਸੀਂ ਸਭ ਜਾਣਦੇ ਆਂ ਨਾਲੇ ਇਹ ਪੈਸੇ ਅਸੀਂ ਆਪਣੀ ਜੇਬ੍ਹ ‘ਚ ਨ੍ਹੀਂ ਪਾਉਣੇ ਸਰਕਾਰੀ ਖਜਾਨੇ ‘ਚ ਭਰਨੇ ਨੇ, ਕੱਢ ਫਟਾ-ਫਟ ਬਾਕੀ ਦੇ ਪੈਸੇ, ਅਸੀਂ ਹੋਰ ਵੀ ਚਲਾਨ ਕੱਟਣੇ ਨੇ।” ਅਧਿਕਾਰੀ ਨੇ ਚੁਟਕੀ ਵਜਾਉਂਦਿਆਂ ਆਖਿਆ। ”ਰੱਬ ਦੀ ਸਹੁੰ ਜਨਾਬ ਮੈਂ ਕੋਈ ਬਹਾਨਾ ਨ੍ਹੀਂ ਬਣਾ ਰਿਹਾ ਭਾਵੇਂ ਮੇਰੀ ਤਲਾਸ਼ੀ ਲੈ ਲਵੋ ਮੇਰੇ ਕੋਲ ਹੋਰ ਕੋਈ ਪੈਸਾ ਨ੍ਹੀਂ। ਹਾਂ ਮੈਂ ਵਾਅਦਾ ਕਰਦਾਂ ਤੁਹਾਡੇ ਨਾਲ ਕਿ ਰੱਬ ਸੁੱਖ ਰੱਖੇ ਜੇ ਕੱਲ੍ਹ ਦਿਹਾੜੀ ਮਿਲ ਗਈ ਤਾਂ ਮੈਂ ਬਾਕੀ ਦੇ ਡੇਢ ਸੌ…।” ਦੂਜਾ ਵਾਅਦਾ ਕਰਦਿਆਂ ਦੇਬੂ ਦੀ ਲੇਰ ਹੀ ਨਿੱਕਲ ਗਈ।
ਨੀਲ ਕਮਲ ਰਾਣਾ, ਦਿੜ੍ਹਬਾ।
ਮੋ. 98151-71874
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.