Bathinda Gold Robbery: (ਸੁਖਜੀਤ ਮਾਨ) ਬਠਿੰਡਾ। ਬਠਿੰਡਾ ਦੇ ਸ਼ਾਂਤ ਨਗਰ ’ਚੋਂ ਇਸੇ ਵਰ੍ਹੇ ਅਪ੍ਰੈਲ ਮਹੀਨੇ ’ਚ ਹੋਈ ਚੋਰੀ ਦਾ ਖੁਰਾ ਖੋਜ ਲੱਭਦਿਆਂ ਬਠਿੰਡਾ ਪੁਲਿਸ ਨੇ ਬਿਹਾਰ ਵਿੱਚੋਂ ਦੋ ਜਣਿਆਂ ਨੂੰ ਕਾਬੂ ਕਰਕੇ ਚੋਰੀ ਹੋਇਆ ਕੁਝ ਸੋਨਾ ਤੇ ਕੁਝ ਵੇਚੇ ਸੋਨੇ ਦੀ ਰਾਸ਼ੀ ਬਰਾਮਦ ਕੀਤੀ ਹੈ । ਚੋਰੀ ਦੀ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲਿਆਂ ਤੱਕ ਪਹੁੰਚਣ ਲਈ ਬਠਿੰਡਾ ਪੁਲਿਸ ਦੀ ਮੱਦਦ ਬਿਹਾਰ ਪੁਲਿਸ ਵੱਲੋਂ ਵੀ ਕੀਤੀ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਜਣਿਆਂ ਪਤੀ-ਪਤਨੀ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਕਿ ਦੋ ਜਣਿਆਂ ਦੀ ਗ੍ਰਿਫਤਾਰੀ ਬਾਕੀ ਹੈ ।
ਇਸ ਸਬੰਧੀ ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਚਰਨਜੀਤ ਕੌਰ ਪਤਨੀ ਗਮਦੂਰ ਸਿੰਘ ਵਾਸੀ ਮਕਾਨ ਨੰਬਰ 183ਏ/1 ਸਾਂਤ ਨਗਰ ਬਠਿੰਡਾ ਨੇ ਥਾਣਾ ਸਿਵਲ ਲਾਈਨ ਪੁਲਿਸ ਕੋਲ ਆਪਣਾ ਬਿਆਨ ਲਿਖਾਇਆ ਸੀ ਕਿ ਉਹ ਆਪਣੇ ਬਜ਼ੁਰਗ ਮਾਤਾ-ਪਿਤਾ ਸਮੇਤ ਸ਼ਾਂਤ ਨਗਰ ਵਿਖੇ ਰਹਿੰਦੀ ਹੈ । ਉਹ ਆਪ ਸਵੇਰੇ ਹੀ ਰਾਮਪੁਰਾ ਸਕੂਲ ਵਿਖੇ ਚਲੀ ਜਾਂਦੀ ਹੈ ਅਤੇ ਬਾਅਦ ਵਿੱਚ ਉਨ੍ਹਾਂ ਦੇ ਮਾਤਾ-ਪਿਤਾ ਦੀ ਦੇਖ-ਰੇਖ ਨੌਕਰ ਕਰਦੇ ਹਨ। ਉਸਨੇ ਦੱਸਿਆ ਕਿ 9 ਅਪ੍ਰੈਲ 2025 ਨੂੰ ਉਨ੍ਹਾਂ ਦੇ ਘਰ ਆਖ਼ਰੀ ਵਾਰ ਰਤਨੀ ਪਤਨੀ ਰੋਸ਼ਨ ਵਾਸੀ ਦਰਬੰਗਾ ਆਈ ਤੇ ਬਿਨ੍ਹਾਂ ਦੱਸੇ ਪੁੱਛੇ ਚਲੀ ਗਈ। ਬਾਅਦ ਵਿੱਚ ਘਰ ਵਿੱਚ ਚੈਕਿੰਗ ਕਰਨ ਤੇ ਘਰ ਵਿੱਚ ਅਲਮਾਰੀ ਵਿੱਚ ਪਏ 04 ਸੋਨੇ ਦੇ ਕੜੇ, 3 ਸੋਨੇ ਦੇ ਸੈਟ, 3 ਜੋੜੀਆਂ ਕੰਨਾਂ ਦੀਆਂ ਬਾਲੀਆਂ, 3 ਸੋਨੇ ਦੀਆਂ ਚੈਨਾਂ ਅਤੇ ਹੋਰ ਸੋਨੇ ਦੇ ਗਹਿਣੇ ਗਾਇਬ ਸਨ।
ਇਹ ਵੀ ਪੜ੍ਹੋ: Punjab News: ਮੁੱਖ ਮੰਤਰੀ ਨੇ ਸ੍ਰੀ ਨਾਂਦੇੜ ਸਾਹਿਬ ਲਈ 500 ਮਹਿਲਾ ਸਰਪੰਚਾਂ ਤੇ ਪੰਚਾਂ ਦੇ ਪਹਿਲੇ ਵਫ਼ਦ ਨੂੰ ਕੀਤਾ ਰਵਾ…
ਪੁਲਿਸ ਨੇ ਇਸ ਸਬੰਧ ’ਚ ਰਤਨੀ (ਜੋ ਘਰ ’ਚ ਕੰਮ ਕਰਦੀ ਸੀ) ਅਤੇ ਰੋਸ਼ਨ ਕੁਮਾਰ ਪੁੱਤਰ ਵਿਨੋਦ ਮਾਹਤੋਂ ਵਾਸੀ ਸਮਧਨੀਆ, ਥਾਣਾ ਜਾਲੇ, ਜ਼ਿਲ੍ਹਾ ਦਰਬੰਗਾ (ਬਿਹਾਰ) ਉਪਰ ਉਕਤ ਗਹਿਣੇ ਚੋਰੀ ਕਰਕੇ ਲੈ ਕੇ ਜਾਣ ’ਤੇ ਮੁਕੱਦਮਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਰੌਸ਼ਨ ਕੁਮਾਰ ਅਤੇ ਰਤਨੀ ਦੇਵੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਹਨਾਂ ਕੋਲੋਂ 317 ਗ੍ਰਾਮ ਚਾਂਦੀ ਦੀਆਂ ਪੰਜੇਬਾਂ, 85 ਗ੍ਰਾਮ ਦਾ ਸੋਨੇ ਦਾ ਹਾਰ, 70 ਗ੍ਰਾਮ ਸੋਨੇ ਦੇ ਕੜਿਆਂ ਦੀ ਜੋੜੀ ਤੋਂ ਇਲਾਵਾ 5 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੁੱਲ ਚੋਰੀ ਹੋਏ ਸਮਾਨ ਦੀ ਕੀਮਤ ਕਰੀਬ 22 ਲੱਖ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਵਾਰਦਾਤ ਨਾਲ ਸਬੰਧਿਤ ਦਵਿੰਦਰ ਕੁਮਾਰ ਚੁੰਬਰ ਵਾਸੀ ਸੈਦੋ ਕੇ ਅਤੇ ਰਤਨੀ ਦੇਵੀ ਦੀ ਮਾਤਾ ਸਵਿੱਤਰੀ ਦੇਵੀ ਦੀ ਗ੍ਰਿਫ਼ਤਾਰੀ ਹੋਣੀ ਹਾਲੇ ਬਾਕੀ ਹੈ। Bathinda Gold Robbery
ਮੁੱਖ ਮੁਲਜ਼ਮ ਨੇ ਮਾਨਯੋਗ ਹਾਈਕੋਰਟ ਤੋਂ ਲੈ ਲਈ ਸੀ ਪਹਿਲਾਂ ਹੀ ਜ਼ਮਾਨਤ
ਐਸ ਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਮਹਿਲਾ ਰਤਨੀ ਨੇ ਕੇਸ ਦਰਜ ਹੋਣ ਤੋਂ ਬਾਅਦ ਹੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚੋਂ ਜਮਾਨਤ ਲੈ ਲਈ ਸੀ। ਮਾਣਯੋਗ ਹਾਈਕੋਰਟ ਦੇ ਹੁਕਮ ਨਾਲ ਹੀ ਰਤਨੀ ਨੂੰ ਇਸ ਕੇਸ ਦੀ ਤਫਤੀਸ਼ ਵਿੱਚ ਸ਼ਾਮਿਲ ਕੀਤਾ ਗਿਆ ਹੈ। ਅਗਲੀ ਕਾਰਵਾਈ ਸਬੰਧੀ ਉਹਨਾਂ ਦੱਸਿਆ ਕਿ ਉਹ ਮਾਣਯੋਗ ਅਦਾਲਤ ਵਿੱਚ ਪੇਸ਼ ਹੋ ਕੇ ਜਮਾਨਤ ਰੱਦ ਕਰਵਾਉਣ ਦੀ ਅਪੀਲ ਕਰਨਗੇ।