Ludhiana News: ਰਾਜ ਪੱਧਰੀ ਸਮਾਗਮ ’ਚ ਚਾਰ ਜ਼ਿਲ੍ਹਿਆਂ ਦੇ ਡੀਸੀ ਸਨਮਾਨਿਤ

National Voters Day
 ਲੁਧਿਆਣਾ ਡਿਪਟੀ ਕਮਿਸ਼ਨਰਾਂ ਨੂੰ ਸਨਮਾਨਿਤ ਕਰਦੇ ਹੋਏ ਵਧੀਕ ਮੁੱਖ ਚੋਣ ਅਫ਼ਸਰ ਹਰੀਸ਼ ਨਈਅਰ।

ਪੰਜਾਬ ਚੋਣ ਕੁਇਜ਼- 2025 ਦੇ ਜੇਤੂ ਸੁਮਿਤ ਨਰੂਲਾ ਮੋਗਾ ਦਾ ਲੈਪਟਾਪ ਨਾਲ ਸਨਮਾਨ

Ludhiana News: (ਜਸਵੀਰ ਸਿੰਘ ਗਹਿਲ) ਲੁਧਿਆਣਾ। 15ਵੇਂ ਰਾਸ਼ਟਰੀ ਵੋਟਰ ਦਿਵਸ ਦਾ ਰਾਜ ਪੱਧਰੀ ਸਮਾਗਮ ਲੁਧਿਆਣਾ ਵਿੱਚ ਕਰਵਾਇਆ ਗਿਆ। ਇਸ ਵਿੱਚ ਮਿਸਾਲੀ ਚੋਣ ਸੇਵਾਵਾਂ ਲਈ ਚਾਰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਸਣੇ ਯੁਵਕ ਸੇਵਾਵਾਂ ਦੇ ਡਾਇਰੈਕਟਰ ਤੇ ਹੋਰਾਂ ਨੂੰ ਪੁਰਸਕਾਰਾਂ ਨਾਲ ਨਿਵਾਜਿਆ ਗਿਆ।  ਵਧੀਕ ਮੁੱਖ ਚੋਣ ਅਫ਼ਸਰ ਹਰੀਸ਼ ਨਈਅਰ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਵਿੱਚ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਸੰਯੁਕਤ ਮੁੱਖ ਚੋਣ ਅਫ਼ਸਰ ਸਕੱਤਰ ਸਿੰਘ ਬੱਲ, ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ, ਕੁਲਪ੍ਰੀਤ ਸਿੰਘ ਅਤੇ ਹੋਰ ਵੀ ਮੌਜੂਦ ਸਨ।

ਇਗ ਵੀ ਪੜ੍ਹੋ: Punjab News: ਪੰਜਾਬ ਦੇ ਇਸ ਜ਼ਿਲ੍ਹੇ ’ਚ ਦੋ ਦਿਨਾਂ ਲਈ ਸਖ਼ਤ ਆਦੇਸ਼ ਜਾਰੀ

ਸਮਾਗਮ ਦੀ ਸ਼ੁਰੂਆਤ ਇੱਕ ਬਾਈਕ ਰੈਲੀ ਨਾਲ ਹੋਈ ਜਿਸ ਵਿੱਚ ਸੈਂਕੜੇ ਨੌਜਵਾਨਾਂ ਨੇ ਹਾਰਲੇ ਡੇਵਿਡਸਨ ਅਤੇ ਹੋਰ ਸੁਪਰ-ਬਾਈਕਾਂ ’ਤੇ ਸਵਾਰ ਹੋ ਕੇ ਲੋਕਾਂ ਵਿੱਚ ਵੋਟ ਦੇ ਅਧਿਕਾਰ ਦਾ ਸੰਦੇਸ਼ ਦਿੱਤਾ। ਇਸ ਉਪਰੰਤ ਚੋਣ ਅਧਿਕਾਰੀਆਂ ਨੂੰ ਲੋਕ ਸਭਾ ਚੋਣਾਂ 2024 ਦੌਰਾਨ ਮਿਸਾਲੀ ਸੇਵਾਵਾਂ ਲਈ ਡਿਪਟੀ ਕਮਿਸ਼ਨਰ ਮਾਨਸਾ ਕੁਲਵੰਤ ਸਿੰਘ, ਡਿਪਟੀ ਕਮਿਸ਼ਨਰ ਲੁਧਿਆਣਾ ਜਤਿੰਦਰ ਜੋਰਵਾਲ, ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਡਾਇਰੈਕਟਰ ਯੁਵਕ ਸੇਵਾਵਾਂ ਹਰਪ੍ਰੀਤ ਸਿੰਘ ਸੂਦਨ, ਆਈ.ਏ.ਐਸ., ਸਹਾਇਕ ਕਮਿਸ਼ਨਰ ਕ੍ਰਿਤਿਕਾ ਗੋਇਲ ਨੂੰ ਸਨਮਾਨਿਤ ਕੀਤਾ ਗਿਆ। Ludhiana News

ਗੋਇਲ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਪੁਰਸਕਾਰ ਪ੍ਰਾਪਤ ਕੀਤਾ, ਵਧੀਕ ਡਿਪਟੀ ਕਮਿਸ਼ਨਰ ਰੋਪੜ ਪੂਜਾ ਸਿਆਲ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਕੁਲਪ੍ਰੀਤ ਸਿੰਘ, ਮੋਗਾ ਸਵੀਪ ਨੋਡਲ ਅਫਸਰ ਸ਼ੁਭੀ ਆਂਗਰਾ, ਫਿਰੋਜ਼ਪੁਰ ਚੋਣ ਤਹਿਸੀਲਦਾਰ ਚੰਦ ਪ੍ਰਕਾਸ਼, ਪੀ.ਡਬਲਯੂ.ਡੀ ਸਾਈਕਲਿਸਟ ਮਨਮੋਹਨ ਸਿੰਘ, ਬੈਸਟ ਈ.ਆਰ.ਓ ਕੁਲਦੀਪ ਬਾਵਾ, ਬੈਸਟ ਸਵੀਪ ਨੋਡਲ ਅਫਸਰ ਹਰਜੋਤ ਸਿੰਘ, ਬੈਸਟ ਬੀ.ਐਲ.ਓ. ਕਰਮਜੀਤ ਕੌਰ ਅਤੇ ਹੋਰਾਂ ਵੱਲੋਂ ਵੀ ਪੁਰਸਕਾਰ ਪ੍ਰਾਪਤ ਕੀਤਾ ਗਿਆ।

ਸੁਮਿਤ ਨਰੂਲਾ ਮੋਗਾ ਨੂੰ ਲੈਪਟਾਪ ਮਿਲਿਆ | Ludhiana News

ਇਸ ਤੋਂ ਇਲਾਵਾ ਪੰਜਾਬ ਚੋਣ ਕੁਇਜ਼- 2025 ਦੇ ਜੇਤੂਆਂ ਵਿੱਚ ਸੁਮਿਤ ਨਰੂਲਾ ਮੋਗਾ ਨੂੰ ਲੈਪਟਾਪ, ਪਟਿਆਲਾ ਤੋਂ ਗੁਰਲੀਨ ਕੌਰ ਅਤੇ ਮੋਹਾਲੀ ਤੋਂ ਲਵਿਸ਼ ਨੂੰ ਮੁੱਖ ਮਹਿਮਾਨ ਦੁਆਰਾ ਟੈਬਲੇਟ ਅਤੇ ਸਮਾਰਟ ਵਾਚ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦਾ ਇੱਕ ਵੀਡੀਓ ਸੰਦੇਸ਼ ਵੀ ਚਲਾਇਆ ਗਿਆ। ਇਸ ਸਮਾਗਮ ਦੌਰਾਨ ਇਲੈਕਟੋਰਲ ਲਿਟਰੇਸੀ ਕਲੱਬ ਪੋਰਟਲ ਵੀ ਲਾਂਚ ਕੀਤਾ ਗਿਆ ਅਤੇ ਸਵੀਪ ਕੌਫੀ ਟੇਬਲ ਬੁੱਕ ਵੀ ਜਾਰੀ ਕੀਤੀ ਗਈ। ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਐਪਿਕ ਕਾਰਡ ਵੀ ਦਿੱਤੇ ਗਏ। ਪੋਸਟਰ ਮੇਕਿੰਗ, ਮਹਿੰਦੀ, ਭਾਸ਼ਣ ਮੁਕਾਬਲਿਆਂ ਦੇ ਜੇਤੂਆਂ ਨੂੰ ਵੀ ਸਨਮਾਨਿਤ ਕੀਤਾ ਗਿਆ।