ਦਿੱਲੀ ਵਿਧਾਨ ਸਭਾ ਵਿੱਚ ਸਟਾਰ ਪ੍ਰਚਾਰਕਾ ਦੀ ਲਿਸਟ ‘ਚ ਸ਼ੁਮਾਰ ਸਨ ਨਵਜੋਤ ਸਿੱਧੂ, ਪਰ ਨਹੀਂ ਗਏ ਦਿੱਲੀ
ਪਿਛਲੇ 6 ਮਹੀਨੇ ਤੋਂ ਗਾਇਬ ਹਨ ਸਿਆਸਤ ਦੇ ਗਲਿਆਰੇ ਵਿੱਚੋਂ, ਸਰਗਰਮ ਸਿਆਸਤ ਵਿੱਚੋਂ
ਮੰਤਰੀ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਨਹੀਂ ਆਏ ਕਿਸੇ ਨੂੰ ਨਜ਼ਰ
ਚੰਡੀਗੜ, (ਅਸ਼ਵਨੀ ਚਾਵਲਾ)। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਨਵਜੋਤ ਸਿੰਘ ਸਿੱਧੂ (Navjot Sidhu) ਪ੍ਰਚਾਰ ਦੀ ਬੈਟਿੰਗ ਹੀ ਕਰਦੇ ਨਜ਼ਰ ਨਹੀਂ ਆ ਰਹੇ, ਪੰਜਾਬ ਦੇ ਸਾਰੇ ਮੰਤਰੀਆਂ ਨੂੰ ਇੱਕ ਪਾਸੇ ਛੱਡ ਕੇ ਨਵਜੋਤ ਸਿੱਧੂ ਨੂੰ ਸਟਾਰ ਪ੍ਰਚਾਰਕਾ ਦੀ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਸੀ ਫਿਰ ਵੀ ਸਿੱਧੂ ਪ੍ਰਚਾਰ ਲਈ ਦਿੱਲੀ ਨਹੀਂ ਪੁੱਜੇ। ਹੁਣ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਪ੍ਰਚਾਰ ਨੂੰ ਵੀ ਸਿਰਫ਼ 3 ਦਿਨ ਦਾ ਹੀ ਸਮਾਂ ਰਹਿ ਗਿਆ ਹੈ, ਜਿਸ ਦੌਰਾਨ ਉਨ੍ਹਾਂ ਦੇ ਪ੍ਰਚਾਰ ਵਿੱਚ ਆਉਣ ਦੇ ਕੋਈ ਆਸਾਰ ਵੀ ਨਜ਼ਰ ਨਹੀਂ ਆ ਰਹੇ।
ਜਾਣਕਾਰੀ ਅਨੁਸਾਰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਪ੍ਰਚਾਰ ਕਰਨ ਲਈ ਕਾਂਗਰਸ ਪਾਰਟੀ ਵਲੋਂ 40 ਸਟਾਰ ਪ੍ਰਚਾਰਕਾ ਦੀ ਸੂਚੀ ਜਾਰੀ ਕੀਤੀ ਗਈ ਸੀ। ਪੰਜਾਬ ਵਿੱਚੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਛੱਡ ਕੇ ਸਿਰਫ਼ 2 ਵਿਧਾਇਕਾਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿਸ ਵਿੱਚ ਨਵਜੋਤ ਸਿੱਧੂ ਵੀ ਸ਼ਾਮਲ ਹਨ। ਕਾਂਗਰਸ ਹਾਈ ਕਮਾਨ ਵਲੋਂ ਦਿੱਲੀ ਵਿੱਚ ਪ੍ਰਚਾਰ ਕਰਨ ਲਈ ਨਵਜੋਤ ਸਿੱਧੂ ਨੂੰ ਸੱਦਿਆ ਵੀ ਸੀ। ਇਨਾਂ ਚੋਣਾਂ ਦੇ ਸਟਾਰ ਪ੍ਰਚਾਰਕਾ ਦੀ ਸੂਚੀ ਵਿੱਚ ਨਾਅ ਸ਼ਾਮਲ ਹੋਣ ਤੋਂ ਬਾਅਦ ਇੰਜ ਲਗ ਰਿਹਾ ਸੀ ਕਿ ਨਵਜੋਤ ਚੁੱਪ ਤੋੜ ਕੇ ਸਰਗਰਮ ਸਿਆਸਤ ‘ਚ ਹਿੱਸਾ ਲੈਣਗੇ
ਨਵਜੋਤ ਸਿੱਧੂ ਦੇ ਪ੍ਰਚਾਰ ਕਰਨ ਨਾਲ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਫਾਇਦਾ ਹੋਣ ਦਾ ਵੀ ਅਨੁਮਾਨ ਲਗਾ ਰਹੀਂ ਸੀ ਕਿਉਂਕਿ ਦਿੱਲੀ ਵਿਧਾਨ ਸਭਾ ਦੀਆਂ ਕਈ ਪੰਜਾਬੀ ਸੀਟਾਂ ਹਨ, ਜਿਥੇ ਪੰਜਾਬੀਆਂ ਦਾ ਸਭ ਤੋਂ ਜਿਆਦਾ ਆਧਾਰ ਹੈ। ਪਿਛਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਨਵਜੋਤ ਸਿੱਧੂ ਕਾਂਗਰਸ ਪਾਰਟੀ ਨਹੀਂ ਸਨ, ਜਿਸ ਕਾਰਨ ਦਿੱਲੀ ਵਿਖੇ ਪਹਿਲੀਵਾਰ ਕਾਂਗਰਸ ਪਾਰਟੀ ਲਈ ਪ੍ਰਚਾਰ ਕਰਨ ਲਈ ਨਵਜੋਤ ਸਿੱਧੂ ਨੇ ਪੁੱਜਣਾ ਸੀ ਪਰ ਸਿੱਧੂ ਦਿੱਲੀ ਚੋਣ ਪ੍ਰਚਾਰ ਲਈ ਨਜਰ ਨਹੀਂ ਆਏ। ਦਿੱਲੀ ਵਿਧਾਨ ਸਭਾ ਚੋਣਾਂ ਲਈ 6 ਫਰਵਰੀ ਤੱਕ ਹੀ ਪ੍ਰਚਾਰ ਹੋਣਾ ਹੈ, ਜਿਸ ਕਾਰਨ ਹੁਣ ਸਿਰਫ਼ 3 ਦਿਨ ਦਾ ਹੀ ਸਮਾਂ ਰਹਿ ਗਿਆ ਹੈ, ਇਨਾਂ ਤਿੰਨ ਦਿਨਾਂ ਦੌਰਾਨ ਵੀ ਨਵਜੋਤ ਸਿੱਧੂ ਪ੍ਰਚਾਰ ਕਰਨ ਲਈ ਪੁੱਜਣਗੇ ਜਾਂ ਫਿਰ ਨਹੀਂ, ਇਸ ਸਬੰਧੀ ਕਿਸੇ ਨੂੰ ਵੀ ਕੋਈ ਜਾਣਕਾਰੀ ਨਹੀਂ ਹੈ।
ਸਿੱਧੂ ਨਹੀਂ, ਪਰ ਅਮਰਿੰਦਰ ਸਿੰਘ ਪੁੱਜ ‘ਗੇ ਦਿੱਲੀ, ਪ੍ਰਚਾਰ ‘ਚ ਉੱਤਰੇ
ਨਵਜੋਤ ਸਿੱਧੂ ਤਾਂ ਦਿੱਲੀ ਨਹੀਂ ਗਏ ਪਰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਪ੍ਰਚਾਰ ਲਈ ਦਿੱਲੀ ਵਿਖੇ ਪੁੱਜ ਗਏ ਹਨ। ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਦਿੱਲੀ ਦੀਆਂ ਕਈ ਵਿਧਾਨ ਸਭਾ ਸੀਟਾਂ ‘ਚ ਪ੍ਰਚਾਰ ਅਤੇ ਰੋਡ ਸ਼ੋਅ ਕਰਨ ਦੇ ਨਾਲ ਹੀ 3 ਹੋਰ ਦਿਨ ਦਿੱਲੀ ਵਿਖੇ ਹੀ ਪ੍ਰਚਾਰ ਕਰਨਾ ਹੈ। ਉਹ ਦਿੱਲੀ ਵਿਖੇ 6 ਫਰਵਰੀ ਤੱਕ ਰਹਿਣਗੇ ਅਤੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੋਟਾਂ ਮੰਗਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।