ਐਸਐਸਪੀ ਨੇ ਮੂੰਹ ਹਨ੍ਹੇਰੇ ਕੀਤੀ ਬਠਿੰਡਾ ਜ਼ੇਲ੍ਹ ’ਚ ਰੇਡ, ਗੈਂਗਸਟਰਾਂ ਕੋਲੋਂ ਫੋਨ ਤੇ ਨਸ਼ਾ ਬਰਾਮਦ
(ਸੁਖਜੀਤ ਮਾਨ) ਬਠਿੰਡਾ। ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਵੱਲੋਂ ਵਰਤੀ ਜਾ ਰਹੀ ਮੁਸਤੈਦੀ ਤਹਿਤ ਅੱਜ ਸਵਰੇ 6:30 ਵਜੇ ਹੀ ਐਸਐਸਪੀ ਦੀ ਅਗਵਾਈ ’ਚ ਭਾਰੀ ਪੁਲਿਸ ਬਲ ਨੇ ਕੇਂਦਰੀ ਜੇਲ੍ਹ ਬਠਿੰਡਾ ’ਚ ਰੇਡ ਕੀਤੀ ਇਸ ਰੇਡ (Raid in Bathinda Jail) ਦੌਰਾਨ ਵੱਖ-ਵੱਖ ਬੈਰਕਾਂ ਦੀ ਚੈਕਿੰਗ ਦੌਰਾਨ ਇੱਕ ਗੈਂਗਸਟਰ ਕੋਲੋਂ ਮੋਬਾਇਲ ਫੋਨ ਅਤੇ ਇੱਕ ਕੋਲੋਂ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ।
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸਐਸਪੀ ਬਠਿੰਡਾ ਅਮਨੀਤ ਕੋਂਡਲ ਨੇ ਦੱਸਿਆ ਕਿ 20 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਵਿੱਢੀ ਮੁਹਿੰਮ ਤਹਿਤ ਮਾੜੇ ਅਨਸਰਾਂ, ਨਸ਼ਾ ਤਸਕਰਾਂ ਅਤੇ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਦੀਆਂ ਅਪਰਾਧਿਕ ਅਤੇ ਹੋਰ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਅੱਜ ਉਨ੍ਹਾਂ ਸਮੇਤ ਹੋਰ ਪੁਲਿਸ ਅਧਿਕਾਰੀਆਂ ਨਾਲ ਹੋਮੀਸਾਈਡ ਅਤੇ ਫਰਾਂਸਿਕ ਬਠਿੰਡਾ ਅਧੀਨ 8 ਵੱਖ-ਵੱਖ ਚੈਕਿੰਗ ਟੀਮਾਂ ਬਣਾ ਕੇ ਸਵੇਰੇ 6.30 ਵਜੇ ਸੈਂਟਰਲ ਜੇਲ੍ਹ ਬਠਿੰਡਾ ਦੇ ਸਾਰੇ ਸਕਿਊਰਟੀ ਜੋਨਾਂ ਅਤੇ ਬੈਰਕਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਹਰ ਇੱਕ ਟੀਮ ਦਾ ਇੰਚਾਰਜ ਐੱਸ.ਐੱਚ.ਓ ਨੂੰ ਲਗਾਇਆ ਗਿਆ ਅਤੇ ਟੀਮ ਦੀ ਸੁਪਰਵੀਜ਼ਨ ਡੀ.ਐਸ.ਪੀਜ਼ ਵੱਲੋਂ ਕੀਤੀ ਗਈ। ਟੀਮਾਂ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਸੈਂਟਰਲ ਜੇਲ੍ਹ ਬਠਿੰਡਾ ਵਿਖੇ ਬੰਦ ਕੈਦੀ-ਗੈਂਗਸਟਰ ਬਲਜਿੰਦਰ ਸਿੰਘ ਉਰਫ ਬਿੱਲਾ ਕੋਲੋਂ ਇੱਕ ਸਮਾਰਟ ਫੋਨ ਅਤੇ ਕੈਦੀ-ਗਂੈਗਸਟਰ ਕਿਰਪਾਲ ਸਿੰਘ ਕੋਲੋਂ ਗਾਂਜਾ ਅਤੇ ਤੰਬਾਕੂ ਬਰਾਮਦ ਕੀਤਾ ਗਿਆ।
ਐਸਐਸਪੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਕਈ ਹੋਰ ਵੀ ਇਤਰਾਜਯੋਗ ਵਸਤੂਆਂ ਜਿਵੇਂ ਲੋਹੇ ਦੀਆਂ ਪੱਤੀਆਂ, ਦੇਸੀ ਔਜਾਰ ਆਦਿ ਵੀ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਜਿੰਨ੍ਹਾਂ ਕੈਦੀਆਂ ਕੋਲੋਂ ਇਹ ਸਾਮਾਨ ਮਿਲਿਆ ਹੈ ਉਨ੍ਹਾਂ ਖਿਲਾਫ਼ ਥਾਣਾ ਕੈਂਟ ਵਿਖੇ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ