ਆਰਥਿਕ ਬਦਹਾਲੀ ਦੇ ਸਮੁੰਦਰ ’ਚ ਸ੍ਰੀਲੰਕਾ
ਇਨ੍ਹੀਂ ਦਿਨੀਂ ਸ੍ਰੀਲੰਕਾ ਵੱਡੇ ਆਰਥਿਕ ਸੰਕਟ ’ਚੋਂ ਲੰਘ ਰਿਹਾ ਹੈ ਹਾਲਾਤ ਨੂੰ ਦੇਖਦਿਆਂ ਜੇਕਰ 2022 ’ਚ ਸ੍ਰੀਲੰਕਾ ਖੁਦ ਨੂੰ ਦੀਵਾਲੀਆ ਐਲਾਨ ਕਰ ਦੇਵੇ ਤਾਂ ਭਾਰਤ ਸਮੇਤ ਵਿਸ਼ਵ ਦੇ ਸ਼ਾਇਦ ਹੀ ਕਿਸੇ ਦੇਸ਼ ਨੂੰ ਹੈਰਾਨੀ ਹੋਵੇ ਜ਼ਿਕਰਯੋਗ ਹੈ ਕਿ ਸ੍ਰੀਲੰਕਾ ਨੂੰ ਦੋ ਸਕੇ ਭਰਾ ਚਲਾ ਰਹੇ ਹਨ ਜਿਸ ’ਚ ਮਹਿੰਦਰਾ ਰਾਜਪਕਸ਼ੇ ਪ੍ਰਧਾਨ ਮੰਤਰੀ ਅਤੇ ਗੋਟਬਾਇਆ ਰਾਜਪਕਸ਼ੇ ਰਾਸ਼ਟਰਪਤੀ ਦੀ ਕੁਰਸੀ ਸੰਭਾਲੇ ਹੋਏ ਹਨ ਅਤੇ ਇਨ੍ਹਾਂ ਦੋਵਾਂ ਦਾ ਝੁਕਾਅ ਚੀਨ ਵੱਲ ਮੰਨਿਆ ਜਾਂਦਾ ਰਿਹਾ ਹੈ ਆਰਥਿਕ ਹਾਲਾਤ ਉੱਥੇ ਇਸ ਕਦਰ ਵਿਗੜੇ ਹਨ ਕਿ ਸਰਕਾਰੀ ਪੈਟਰੋਲ ਪੰਪਾਂ ’ਤੇ ਫੌਜ ਤੈਨਾਤ ਕਰ ਦਿੱਤੀ ਗਈ ਹੈ ਅਸਲ ਵਿਚ ਇੱਥੇ ਪੈਟਰੋਲ ਅਤੇ ਡੀਜ਼ਲ ਦੀ ਭਾਰੀ ਕਿੱਲਤ ਦੀ ਵਜ੍ਹਾ ਨਾਲ ਪੈਟਰੋਲ ਪੰਪਾਂ ’ਤੇ ਲੰਮੀਆਂ-ਲੰਮੀਆਂ ਲਾਈਨਾਂ ਲੱਗ ਰਹੀਆਂ ਹਨ ਭੀੜ ਕਿਸੇ ਤਰ੍ਹਾਂ ਦਾ ਹੰਗਾਮਾ ਨਾ ਕਰੇ ਅਤੇ ਲੋਕ ਹਿੰਸਕ ਨਾ ਹੋਣ ਇਸ ਨੂੰ ਧਿਆਨ ’ਚ ਰੱਖਦਿਆਂ ਫੌਜ ਤੈਨਾਤ ਕੀਤੀ ਗਈ ਹੈ ।
ਪੈਟਰੋਲ, ਡੀਜ਼ਲ ਦੀ ਕਿੱਲਤ ਦੇ ਪਿੱਛੇ ਵੀ ਆਰਥਿਕ ਸਥਿਤੀ ਹੀ ਹੈ ਸ੍ਰੀਲੰਕਾ ਦਾ ਵਿਦੇਸ਼ੀ ਮੁਦਰਾ ਭੰਡਾਰ ਕਾਫ਼ੀ ਘਟ ਗਿਆ ਹੈ ਜਿਸ ਦੇ ਚੱਲਦਿਆਂ ਪੈਟਰੋਲ, ਡੀਜ਼ਲ ਦਾ ਆਯਾਤ ਉਸ ਲਈ ਮੁਸ਼ਕਲ ਹੋ ਗਿਆ ਹੈ ਐਨਾ ਹੀ ਨਹੀਂ ਮਹਿੰਗਾਈ ਵੀ ਸਿਖ਼ਰ ’ਤੇ ਹੈ ਹਾਲਾਤ ਜੋ ਰੂਪ ਲੈ ਚੱੁਕੇ ਹਨ ਉਸ ਨੂੰ ਦੇਖਦਿਆਂ ਕਿਸੇ ਦੇਸ਼ ਦਾ ਮੁਸੀਬਤ ’ਚ ਪੈਣਾ ਇਹ ਦੱਸਦਾ ਹੈ ਕਿ ਜੇਕਰ ਦੇਸ਼ ਸਾਧਣ ਅਤੇ ਚਲਾਉਣ ਸਬੰਧੀ ਚੌਕਸ ਨਹੀਂ ਹਨ ਅਤੇ ਕਿਸੇ ਦੇ ਚੁੰਗਲ ’ਚ ਫਸ ਰਹੇ ਹੋਣ ਤਾਂ ਅੰਜ਼ਾਮ ਮਾੜਾ ਹੋਵੇਗਾ ਉਂਜ ਸ੍ਰੀਲੰਕਾ ’ਚ ਇਸ ਹਾਲਾਤ ਲਈ ਕੋਰੋਨਾ ਅਤੇ ਚੀਨ ਦੋਵੇਂ ਬਰਾਬਰ ਦੇ ਹਿੱਸੇਦਾਰ ਹਨ ਚੀਨ ਇੱਕ ਅਜਿਹਾ ਦੇਸ਼ ਹੈ ਜੋ ਸ਼ੁੱਭਚਿੰਤਕ ਦੀ ਆੜ ’ਚ ਉਸ ਦੇਸ਼ ਨੂੰ ਹੀ ਕੰਗਾਲ ਕਰ ਦਿੰਦਾ ਹੈ ਜੋ ਉਸ ਤੋਂ ਕਰਜ਼ਾ ਲੈਂਦਾ ਹੈ ਕਿਉਂਕਿ ਚੀਨ ਦਾ ਕਰਜ਼ਾ ਅਤੇ ਉਸ ਦੇਸ਼ ਦੀ ਕੰਗਾਲੀ ਦਿਨ ਦੱੁਗਣੀ ਅਤੇ ਰਾਤ ਚੌਗੁਣੀ ਦੀ ਤਰਜ਼ ’ਤੇ ਬੋਹੜ ਦੇ ਰੁੱਖ ਦਾ ਰੂਪ ਲੈਂਦੀ ਹੈ, ਜਿਸ ਵਿਚ ਪਾਕਿਸਤਾਨ ’ਤੇ ਚੜ੍ਹਿਆ ਕਰਜ਼ਾ ਵੀ ਇਸ ਗੱਲ ਨੂੰ ਪੁਖਤਾ ਕਰਦਾ ਹੈ ਅਤੇ ਇਨ੍ਹੀਂ ਦਿਨੀਂ ਕੰਗਾਲੀ ਦੀ ਰਾਹ ’ਤੇ ਸ੍ਰੀਲੰਕਾ ਵੀ ਇਸ ਗੱਲ ਨੂੰ ਤਸਦੀਕ ਕਰਦਾ ਹੈ।
ਸ੍ਰੀਲੰਕਾ ’ਚ ਅਨਾਜ, ਖੰਡ, ਸਬਜ਼ੀਆਂ ਤੋਂ ਲੈ ਕੇ ਦਵਾਈਆਂ ਦੀ ਕਮੀ ਹੋ ਰਹੀ ਹੈ ਮਹਿੰਗਾਈ ਦੇ ਚੱਲਦਿਆਂ ਲੋਕਾਂ ਦਾ ਖਰਚ ਚਾਰ ਗੁਣਾਂ ਤੱਕ ਵਧ ਗਿਆ ਹੈ ਵਿਦੇਸ਼ੀ ਮੁਦਰਾ ’ਚ ਕਮੀ ਕਾਰਨ ਸ੍ਰੀਲੰਕਾ ਗੁਆਂਢੀ ਦੇਸ਼ਾਂ ਤੋਂ ਇਨ੍ਹਾਂ ਚੀਜਾਂ ਨੂੰ ਖਰੀਦ ਵੀ ਨਹੀਂ ਪਾ ਰਿਹਾ ਹੈ ਐਨਾ ਹੀ ਨਹੀਂ ਹਾਲਾਤ ਐਨੇ ਵਿਗੜ ਚੁੱਕੇ ਹਨ ਕਿ ਦੇਸ਼ ’ਚ ਸਕੂਲ ਵਿਦਿਆਰਥੀਆਂ ਦੀ ਪ੍ਰੀਖਿਆ ਦਾ ਪੇਪਰ ਛਾਪਣ ਲਈ ਕਾਗਜ਼ ਅਤੇ ਸਿਆਹੀ ਤੱਕ ਦੇ ਪੈਸੇ ਨਹੀਂ ਹਨ ਜਿਸ ਦੇ ਚੱਲਦਿਆਂ ਪ੍ਰੀਖਿਆ ਨੂੰ ਰੱਦ ਕਰਨਾ ਪਿਆ ਜ਼ਿਕਰਯੋਗ ਹੈ ਕਿ ਸ੍ਰੀਲੰਕਾ ਦੇ ਮੁਸ਼ਕਲ ਦੌਰ ’ਚ ਭਾਰਤ ਕਈ ਮੌਕਿਆਂ ’ਤੇ ਮੱਦਦ ਕਰ ਰਿਹਾ ਹੈ ਜਨਵਰੀ 2022 ’ਚ ਸ੍ਰੀਲੰਕਾ ਸਥਿਤ ਭਾਰਤੀ ਹਾਈ ਕਮਿਸ਼ਨਰ ਨੇ 90 ਕਰੋੜ ਡਾਲਰ ਦੀ ਮੱਦਦ ਦਾ ਐਲਾਨ ਕੀਤਾ ਸੀ ਜ਼ਰੂਰਤ ਅਨੁਸਾਰ ਇਹ ਮੱਦਦ ਘੱਟ ਕਹੀ ਜਾਵੇਗੀ ਜ਼ਾਹਿਰ ਹੈ ਸ੍ਰੀਲੰਕਾ ਦਾ ਐਨੇ ਨਾਲ ਕੰਮ ਨਹੀਂ ਚੱਲੇਗਾ ਸਥਿਤੀ ਨੂੰ ਦੇਖਦਿਆਂ ਭਾਰਤ ਨੇ ਜਨਵਰੀ ’ਚ ਹੀ 50 ਕਰੋੜ ਡਾਲਰ ਦੀ ਇੱਕ ਹੋਰ ਮੱਦਦ ਦਿੱਤੀ ਤਾਂ ਕਿ ਸ੍ਰੀਲੰਕਾ ਪੈਟਰੋਲੀਅਮ ਉਤਪਾਦ ਖਰੀਦ ਸਕੇ ਉਦੋਂ ਸ੍ਰੀਲੰਕਾ ਦੇ ਅਖਬਾਰਾਂ ’ਚ ਭਾਰਤ ਦੀ ਇਸ ਮੱਦਦ ਨੂੰ ਬਹੁਤ ਤਵੱਜੋਂ ਦਿੱਤੀ ਗਈ ।
ਉੱਥੋਂ ਦੇ ਇੱਕ ਅਖ਼ਬਾਰ ਡੇਲੀ ਮਿਰਰ ’ਚ ਇਹ ਛਪਿਆ ਸੀ ਕਿ ਤੇਲ ਦੇ ਪਿਆਸੇ ਸ੍ਰੀਲੰਕਾ ਨੂੰ ਭਾਰਤ ਨੇ ਦਿੱਤੀ ਲਾਈਫ਼ ਲਾਈਨ ਉਂਜ ਸ੍ਰੀਲੰਕਾ ਨੂੰ ਇਸ ਗਲਤਫਹਿਮੀ ’ਚ ਨਹੀਂ ਰਹਿਣਾ ਚਾਹੀਦਾ ਕਿ ਉਹ ਐਨੀ ਵੱਡੀ ਆਰਥਿਕ ਤਕਲੀਫ਼ ਦਾ ਨਿਪਟਾਰਾ ਭਾਰਤ ਦੇ ਭਰੋਸੇ ਕਰ ਲਵੇਗਾ ਜਿਸ ਆਰਥਿਕ ਸਥਿਤੀ ਦੇ ਖਰਾਬ ਦੌਰ ’ਚੋਂ ਸ੍ਰੀਲੰਕਾ ਲੰਘ ਰਿਹਾ ਹੈ ਉਸ ਨੂੰ ਇਹ ਨਸੀਹਤ ਦੇਣਾ ਠੀਕ ਰਹੇਗਾ ਕਿ ਇਸ ਲਈ ਇੱਕ ਸਥਾਈ ਹੱਲ ਵੱਲ ਕਦਮ ਵਧਾਵੇ ਜਿਸ ਲਈ ਕੌਮਾਂਤਰੀ ਮੁਦਰਾ ਕੋਸ਼ ਨਾਲ ਗੱਲ ਕਰਨੀ ਚਾਹੀਦੀ ਹੈ ਹਾਲਾਂਕਿ ਉਹ ਇਸ ’ਤੇ ਪਹਿਲ ਕਰ ਚੁੱਕਾ ਹੈ ਜ਼ਿਕਰਯੋਗ ਹੈ ਕਿ ਸਾਲਾਂ ਪਹਿਲਾਂ ਗਰੀਸ ਆਰਥਿਕ ਕਠਿਨਾਈਆਂ ਨਾਲ ਜੂਝ ਰਿਹਾ ਸੀ ਅਤੇ ਡਿਫਾਲਟਰ ਦੀ ਕਗਾਰ ’ਤੇ ਖੜ੍ਹਾ ਸੀ ਉਦੋਂ ਉਸ ਨੇ ਵੀ ਤਮਾਮ ਕੋਸ਼ਿਸ਼ਾਂ ਤੋਂ ਬਾਅਦ ਖੁਦ ਨੂੰ ਮੁਕਤ ਕਰਨ ਦਾ ਰਸਤਾ ਬਣਾ ਲਿਆ ਸੀ ਉਸ ਦੌਰਾਨ ਵੀ ਗਰੀਸ ਨੇ ਕੌਮਾਂਤਰੀ ਮੁਦਰਾ ਕੋਸ਼ ਤੋਂ ਬੇਲ ਆਊਟ ਪੈਕੇਜ਼ ਦੀ ਮੰਗ ਕੀਤੀ ਸੀ ਹਾਲਾਂਕਿ ਸ੍ਰੀਲੰਕਾ ਅਤੇ ਗਰੀਸ ਦੀ ਸਥਿਤੀ ਬਹੁਤ ਵੱਖ ਹੈ ਗਰੀਸ ਯੂਰਪੀ ਸੰਘ ਦਾ ਹਿੱਸਾ ਹੈ ਅਜਿਹੇ ’ਚ ਉਸ ਦੀ ਖਰਾਬ ਆਰਥਿਕ ਸਥਿਤੀ ਸਮੇਂ ਕਈ ਹੋਰ ਸ਼ੁੱਭਚਿੰਤਕ ਸਨ ।
ਸ੍ਰੀਲੰਕਾ ਨੂੰ ਇਨ੍ਹੀਂ ਦਿਨੀਂ ਅਨਾਜ, ਤੇਲ ਅਤੇ ਦਵਾਈਆਂ ਦੀ ਖਰੀਦ ਲਈ ਕਰਜ਼ਾ ਲੈਣਾ ਪੈ ਰਿਹਾ ਹੈ ਭਾਰਤ ਨੇ ਇੱਕ ਅਰਬ ਡਾਲਰ ਦਾ ਕਰਜ਼ ਦੇਣ ਦਾ ਵਾਅਦਾ ਕੀਤਾ ਹੈ ਚੀਨ ਵੀ ਸ੍ਰੀਲੰਕਾ ਨੂੰ ਢਾਈ ਅਰਬ ਡਾਲਰ ਦਾ ਕਰਜ਼ਾ ਦੇ ਸਕਦਾ ਹੈ ਸਪੱਸ਼ਟ ਕਰ ਦੇਈਏ ਕਿ 1948 ’ਚ ਅਜ਼ਾਦ ਹੋਣ ਤੋਂ ਬਾਅਦ ਸ੍ਰੀਲੰਕਾ ਸਭ ਤੋਂ ਭਿਆਨਕ ਆਰਥਿਕ ਸੰਕਟ ਦਾ ਸਾਹਮਣਾ ਵਰਤਮਾਨ ’ਚ ਕਰ ਰਿਹਾ ਹੈ।
ਸ੍ਰੀਲੰਕਾ ’ਚ ਵਸਤੂਆਂ ਦੀ ਖਰੀਦਦਾਰੀ ਸਬੰਧੀ ਸਥਿਤੀ ਐਨੀ ਖਰਾਬ ਹੈ ਕਿ ਪੈਟਰੋਲ ਅਤੇ ਕੈਰੋਸੀਨ ਦੀ ਲਾਈਨ ’ਚ ਖੜ੍ਹੇ ਲੋਕਾਂ ’ਚੋਂ ਕਈ ਮਰ ਚੁੱਕੇ ਹਨ ਰਸੋਈ ਗੈਸ ਲਈ ਵੀ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਭਾਰੀ ਬਿਜਲੀ ਸੰਕਟ ਦਾ ਸਾਹਮਣਾ ਵੀ ਹਿੰਦ ਮਹਾਂਸਾਗਰ ਦਾ ਇਹ ਦੀਪ ਕਰ ਰਿਹਾ ਹੈ ਮਾਰਚ ਦੀ ਸ਼ੁਰੂਆਤ ’ਚ ਸਰਕਾਰ ਨੇ ਜ਼ਿਆਦਾ ਤੋਂ ਜ਼ਿਆਦਾ ਸਾਢੇ ਸੱਤ ਘੰਟੇ ਤੱਕ ਬਿਜਲੀ ਕਟੌਤੀ ਦਾ ਐਲਾਨ ਵੀ ਕੀਤਾ ਸੀ ਅੰਕੜੇ ਦੱਸਦੇ ਹਨ ਕਿ ਸ੍ਰੀਲੰਕਾ ਦਾ ਵਿਦੇਸ਼ੀ ਮੁਦਰਾ ਭੰਡਾਰ, ਜੋ ਜਨਵਰੀ 2022 ’ਚ ਕਰੀਬ 25 ਫੀਸਦੀ ਘਟ ਕੇ 2.36 ਅਰਬ ਡਾਲਰ ਰਹਿ ਗਿਆ ਸੀ ਅੰਦਾਜ਼ੇ ਇਹ ਵੀ ਹਨ ਕਿ 24 ਫਰਵਰੀ ਤੋਂ ਸ਼ੁਰੂ ਰੂਸ ਅਤੇ ਯੂਕਰੇਨ ਦੀ ਲੜਾਈ ਦੇ ਚੱਲਦਿਆਂ ਸ੍ਰੀਲੰਕਾਈ ਅਰਥਵਿਵਸਥਾ ਦੀ ਹਾਲਤ ਬਦਤਰ ਹੋ ਸਕਦੀ ਹੈ ਦਰਅਸਲ ਰੂਸ ਸ੍ਰੀਲੰਕਾ ਦੀ ਚਾਹ ਦਾ ਸਭ ਤੋਂ ਵੱਡਾ ਆਯਾਤਕ ਹੈ ਜੋ ਜੰਗ ਦੇ ਚੱਲਦਿਆਂ ਇਸ ’ਚ ਵੀ ਅੜਿੱਕਾ ਆ ਗਿਆ ਹੈ ।
ਸਵਾਲ ਇਹ ੳੱੁਠਦਾ ਹੈ ਕਿ ਜੋ ਸ੍ਰੀਲੰਕਾ 7 ਦਹਾਕਿਆਂ ਤੋਂ ਜਿਆਦਾ ਸਮੇਂ ਤੋਂ ਲਗਭਗ ਆਪਣੀ ਆਰਥਿਕ ਸਥਿਤੀ ਨੂੰ ਸੰਜੋਏ ਹੋਏ ਸੰਜਮੀ ਤੌਰ ’ਤੇ ਅੱਗੇ ਵਧ ਰਿਹਾ ਸੀ ਆਖ਼ਰ ਉਸ ਨੂੰ ਕਿਸ ਦੀ ਨਜ਼ਰ ਲੱਗ ਗਈ ਸ੍ਰੀਲੰਕਾ ਦੀ ਇਸ ਸਥਿਤੀ ਲਈ ਆਖ਼ਰਕਾਰ ਕੌਣ ਜਿੰਮੇਵਾਰ ਹੈ ਸਰਕਾਰ ਦੇ ਗਲਤ ਫੈਸਲੇ ਵੀ ਉਸ ਨੂੰ ਇਸ ਹਾਲਤ ’ਚ ਲਿਆਉਣ ਲਈ ਜਿੰਮੇਵਾਰ ਹਨ ਨਵੰਬਰ 2019 ’ਚ ਰਾਸ਼ਟਰਪਤੀ ਗੋਟਬਾਇਆ ਦੀ ਤਾਜ਼ਪੋਸ਼ੀ ਹੋਈ ਅਤੇ ਮਹਿੰਦਰਾ ਰਾਜਪਕਸ਼ੇ ਪ੍ਰਧਾਨ ਮੰਤਰੀ ਬਣੇ ਨਵੀਂ ਚੁਣੀ ਸਰਕਾਰ ਨੇ ਲੋਕਾਂ ਦੀ ਖਰਚ ਕਰਨ ਦੀ ਸਮਰੱਥਾ ਨੂੰ ਵਧਾਉਣ ਦੇ ਚੱਲਦਿਆਂ ਟੈਕਸ ਘੱਟ ਕਰ ਦਿੱਤਾ ਜਾਹਿਰ ਹੈ ਇਸ ਨਾਲ ਮਾਲੀਏ ’ਤੇ ਪ੍ਰਭਾਵ ਪਿਆ ਐਨਾ ਹੀ ਨਹੀਂ ਰਸਾਇਣਿਕ ਖਾਦਾਂ ਨਾਲ ਖੇਤੀ ਬੰਦ ਕਰਨ ਦਾ ਆਦੇਸ਼ ਵੀ ਖਤਰਨਾਕ ਸਿੱਧ ਹੋਇਆ ਇਸ ਨਾਲ ਫਸਲ ਉਤਪਾਦਨ ’ਚ ਗਿਰਾਵਟ ਆਈ ਅਤੇ ਕਰਜ਼ੇ ਦੀ ਮਾਤਰਾ ਵਧ ਗਈ ਸਪੱਸ਼ਟ ਹੈ ਕਿ ਚੀਨ ਤੋਂ ਸ੍ਰੀਲੰਕਾ ਨੇ 5 ਅਰਬ ਡਾਲਰ ਦਾ ਕਰਜ਼ਾ ਲਿਆ ਹੈ ਇਸ ਤੋਂ ਇਲਾਵਾ ਭਾਰਤ ਅਤੇ ਜਾਪਾਨ ਵਰਗੇ ਦੇਸ਼ਾਂ ਦਾ ਵੀ ਇਸ ’ਤੇ ਕਾਫ਼ੀ ਕਰਜ਼ਾ ਹੈ ।
2022 ਦੀ ਇੱਕ ਰਿਪੋਰਟ ਅਨੁਸਾਰ, ਸ੍ਰੀਲੰਕਾ ਨੂੰ 7 ਅਰਬ ਡਾਲਰ ਦਾ ਕਰਜ਼ਾ ਚੁਕਾਉਣਾ ਹੈ ਅਤੇ ਮੌਜੂਦਾ ਹਾਲਾਤ ’ਚ ਇਹ ਡਿਫਾਲਟਰ ਦੀ ਕਤਾਰ ’ਚ ਹੈ ਹਾਲਾਂਕਿ ਸ੍ਰੀਲੰਕਾਈ ਸਰਕਾਰ ਨੇ ਕੌਮਾਂਤਰੀ ਮੁਦਰਾ ਕੋਸ਼ ਨੂੰ ਬੇਲ ਆਊਟ ਪੈਕੇਜ਼ ਦੀ ਅਪੀਲ ਵੀ ਕੀਤੀ ਹੈ ਜੇਕਰ ਇੱਥੋਂ ਨਿਰਾਸ਼ਾ ਮਿਲੀ ਤਾਂ ਸ੍ਰੀਲੰਕਾ ਹੋਰ ਡਾਵਾਂਡੋਲ ਹੋ ਸਕਦਾ ਹੈ ਉਕਤ ਤੋਂ ਇਹ ਸਾਫ਼ ਹੈ ਕਿ ਸ੍ਰੀਲੰਕਾ ਦਾ ਖ਼ਜ਼ਾਨਾ ਖਾਲੀ ਹੋ ਗਿਆ ਹੈ ਪਹਿਲਾਂ ਕੋਵਿਡ ਮਹਾਂਮਾਰੀ, ਸੈਰ-ਸਪਾਟਾ ਉਦਯੋਗ ਦੀ ਤਬਾਹੀ, ਵਧਦੇ ਸਰਕਾਰੀ ਕਰਜ਼ੇ ਅਤੇ ਟੈਕਸ ’ਚ ਜਾਰੀ ਕਟੌਤੀ ਦੇ ਚੱਲਦਿਆਂ ਖਜ਼ਾਨਾ ਖਾਲੀ ਹੋਇਆ ਅਤੇ ਨਾਲ ਹੀ ਕਰਜ਼ੇ ਦੇ ਭੁਗਤਾਨ ਦਾ ਦਬਾਅ ਲਗਾਤਾਰ ਵਧਦੇ ਰਹਿਣ ਨਾਲ ਹੀ ਵਿਦੇਸ਼ੀ ਮੁਦਰਾ ਭੰਡਾਰ ਇਤਿਹਾਸਕ ਗਿਰਾਵਟ ਦੇ ਪੱਧਰ ਤੱਕ ਪਹੁੰਚਣਾ ਇਸ ਦੀ ਬਰਬਾਦੀ ਦੇ ਕਾਰਨ ਹਨ ਉਂਜ ਸ੍ਰੀਲੰਕਾ ਨੂੰ ਚੀਨ ਦੀ ਗੋਦ ਹਮੇਸ਼ਾ ਪਸੰਦ ਰਹੀ ਜਦੋਂਕਿ ਭਾਰਤ ਗੁਆਂਢੀ ਧਰਮ ਨਿਭਾਉਂਦਾ ਰਿਹਾ ਹੁਣ ਉਸ ਨੂੰ ਖਾਮਿਆਜ਼ਾ ਭੁਗਤਣਾ ਪੈ ਰਿਹਾ ਹੈ ਜੇਕਰ ਉਹ ਦੀਵਾਲੀਆ ਹੁੰਦਾ ਹੈ ਤਾਂ ਇਸ ਦਾ ਕਸੂਰਵਾਰ ਚੀਨ ਨੂੰ ਹੀ ਕਿਹਾ ਜਾਵੇਗਾ।
ਡਾ. ਸੁਸ਼ੀਲ ਕੁਮਾਰ ਸਿੰਘ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ