(India Vs Pakistan Match) ਅਰਸ਼ਦੀਪ ਨੂੰ ਖ਼ਾਲੀਸਤਾਨ ਕਹਿਣ ਤੋਂ ਨਰਾਜ਼ ਸਰਕਾਰ, ਮੰਤਰੀ ਨੇ ਕਿਹਾ, ਇਹ ਮੰਦਭਾਗਾ, ਅਰਸ਼ਦੀਪ ਸਾਡਾ ਸਿਤਾਰਾ
- ਇੱਕ ਕੈਚ ਤੈਅ ਨਹੀਂ ਕਰੇਗਾ, ਕਿਹੜਾ ਨਹੀਂ ਐ ਦੇਸ਼ ਭਗਤ, ਟਰੋਲ ਕਰਨ ਵਾਲੇ ਛੋਟੀ ਮਾਨਸਿਕਤਾ ਵਾਲੇ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਏਸ਼ੀਆ ਕੱਪ ’ਚ ਭਾਰਤ ਤੇ ਪਾਕਿਸਤਾਨ (India Vs Pakistan Match) ਦਰਮਿਆਨ ਹੋਏ ਮੈਚ ’ਚ ਭਾਰਤੀ ਗੇਂਦਬਾਜ਼ ਅਰਸ਼ਦੀਪ ਤੋਂ ਕੈਚ ਛੁੱਟਣ ਤੋਂ ਬਾਅਦ ਸ਼ੋਸ਼ਲ ਮੀਡੀਆ ’ਤੇ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਕੀਤੇ ਜਾ ਰਹੇ ਹਨ। ਭਾਰਤੀ ਕ੍ਰਿਕਟ ਟੀਮ ਦੇ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਖ਼ਾਲੀਸਤਾਨੀ ਕਹਿਣ ਤੋਂ ਪੰਜਾਬ ਸਰਕਾਰ ਖ਼ਾਸੀ ਨਰਾਜ਼ ਹੋ ਗਈ ਹੈ ਅਤੇ ਇਸ ਮਾਮਲੇ ਵਿੱਚ ਸੋਸ਼ਲ ਮੀਡੀਆ ਰਾਹੀਂ ਭੜਕਾਉ ਬਿਆਨਬਾਜ਼ੀ ਕਰਨ ਵਾਲੇ ਗਲਤ ਅਨਸਰਾਂ ਖ਼ਿਲਾਫ਼ ਕਾਰਵਾਈ ਕਰਨ ਬਾਰੇ ਵੀ ਵਿਚਾਰ ਕਰ ਰਹੀ ਹੈ।
ਪੰਜਾਬ ਸਰਕਾਰ ਅਰਸ਼ਦੀਪ ਨਾਲ ਖੜੀ ਹੈ
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅਰਸ਼ਦੀਪ ਦੀ ਮਾਤਾ ਬਲਜੀਤ ਕੌਰ ਨਾਲ ਫੋਨ ’ਤੇ ਗੱਲਬਾਤ ਕਰਦੇ ਹੋਏ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਉਨਾਂ ਨਾਲ ਖੜੀ ਹੈ ਅਤੇ ਅਰਸ਼ਦੀਪ ਨੂੰ ਹੌਂਸਲਾ ਨਹੀਂ ਛੱਡਣਾ ਚਾਹੀਦਾ ਸਗੋਂ ਹੁਣ ਡੱਟ ਕੇ ਮੁਕਾਬਲਾ ਕਰਦੇ ਹੋਏ ਆਪਣੀ ਖੇਡ ਨਾਲ ਜੁਆਬ ਦੇਣਾ ਚਾਹੀਦਾ ਹੈ। ਅਰਸ਼ਦੀਪ ਦੀ ਮਾਤਾ ਬਲਜੀਤ ਕੌਰ ਇਸ ਸਮੇਂ ਦੁਬਈ ਵਿਖੇ ਅਰਸ਼ਦੀਪ ਦੇ ਨਾਲ ਹੀ ਹਨ।
ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਫੋਨ ’ਤੇ ਗੱਲਬਾਤ ਕਰਦੇ ਹੋਏ ਬਲਜੀਤ ਕੌਰ ਨੇ ਕਿਹਾ ਕਿ ਉਹ ਅਰਸ਼ਦੀਪ ਨਾਲ ਉਨਾਂ ਦੀ ਗੱਲਬਾਤ ਵੀ ਕਰਵਾਉਣ ਅਤੇ ਉਨਾਂ ਨੂੰ ਸੁਨੇਹਾ ਦੇਣ ਕਿ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਸੋਸ਼ਲ ਮੀਡੀਆ ’ਤੇ ਟਰੋਲ ਕਰਨ ਵਾਲੇ ਸਰਟੀਫਿਕੇਟ ਨਹੀਂ ਦੇਣਗੇ ਕਿ ਕਿਹੜਾ ਦੇਸ਼ ਭਗਤ ਹੈ ਅਤੇ ਕਿਹੜਾ ਦੇਸ਼ ਭਗਤ ਨਹੀਂ ਹੈ। ਮੀਤ ਹੇਅਰ ਨੇ ਕਿਹਾ ਕਿ ਇੱਕ ਕੈਚ ਤੈਅ ਨਹੀਂ ਕਰਦਾ ਹੈ ਕਿ ਖਿਡਾਰੀ ਕਿਹੜੇ ਕਿਰਦਾਰ ਵਾਲਾ ਹੈ, ਸਗੋਂ ਇਸ ਪਾਕੀਸਤਾਨ ਦੇ ਨਾਲ ਮੈਚ ਵਿੱਚ ਅਰਸ਼ਦੀਪ ਸਿੰਘ ਦਾ ਪ੍ਰਦਰਸ਼ਨ ਕਾਫ਼ੀ ਚੰਗਾ ਰਿਹਾ ਸੀ ਤਾਂ ਆਖ਼ਰੀ ਓਵਰ ਇਸੇ ਕਰਕੇ ਉਨਾਂ ਨੂੰ ਮਿਲਿਆ ਸੀ।
ਅਰਸ਼ਦੀਪ ਖ਼ਿਲਾਫ਼ ਬੋਲਣ ਵਾਲੇ ਛੋਟੀ ਮਾਨਸਿਕਤਾ ਵਾਲੇ
ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਗੇ ਫੋਨ ’ਤੇ ਕਿਹਾ ਕਿ ਅਰਸ਼ਦੀਪ ਖ਼ਿਲਾਫ਼ ਬੋਲਣ ਵਾਲੇ ਛੋਟੀ ਮਾਨਸਿਕਤਾ ਵਾਲੇ ਹਨ ਅਤੇ ਉਨਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਹੈ, ਕਿਉਂਕਿ ਅਰਸ਼ਦੀਪ ਸਿਰਫ਼ ਪੰਜਾਬ ਦਾ ਨਹੀਂ ਸਗੋਂ ਦੇਸ਼ ਦਾ ਉਹ ਉਭਰਦਾ ਸਿਤਾਰਾ ਹੈ, ਜਿੰਨੇ ਅੱਗੇ ਜਾ ਕੇ ਕਾਫ਼ੀ ਜਿਆਦਾ ਦੇਸ਼ ਦਾ ਨਾਂਅ ਰੋਸ਼ਨ ਕਰਨਾ ਹੈ। ਮੀਤ ਹੇਅਰ ਨੇ ਵਾਅਦਾ ਕੀਤਾ ਕਿ ਜਦੋਂ ਦੁਬਈ ਵਿਖੇ ਮੈਚ ਖ਼ਤਮ ਹੋਣ ਤੋਂ ਬਾਅਦ ਅਰਸ਼ਦੀਪ ਵਾਪਸ ਪੰਜਾਬ ਆਏਗਾ ਤਾਂ ਉਹ ਖ਼ੁਦ ਏਅਰਪੋਰਟ ’ਤੇ ਢੋਲ ਨਾਲ ਉਸ ਦਾ ਸੁਆਗਤ ਕਰਨਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ