ਸਤਿਗੁਰੂ ਜੀ ਦੇ ਰੂਹਾਨੀ ਨਜ਼ਾਰੇ
ਸ਼ਾਹ ਮਸਤਾਨਾ ਜੀ ਧਾਮ ਸਰਸਾ ਦੇ ਨਾਲ ਲੱਗਦੇ ਪਿੰਡ ਨਟਾਰ ਦੀ ਭੈਣ ਸਭਰੋ ਡੇਰਾ ਸੱਚਾ ਸੌਦਾ ਦੀ ਵਡਿਆਈ ਸੁਣ ਕੇ ਦਰਬਾਰ ਵਿਚ ਸਤਿਸੰਗ ਸੁਣਨ ਪਹੁੰਚੀ। ਸਤਿਸੰਗ ਵਿਚ ਰਾਮ-ਨਾਮ ਦੀ ਹੀ ਚਰਚਾ ਹੋਈ। ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਸਟੇਜ਼ ’ਤੇ ਪਧਾਰਦਿਆਂ ਹੀ ਚਾਰੇ ਪਾਸੇ ਮਸਤੀ ਛਾ ਗਈ। ਤਿੰਨ ਘੰਟੇ ਚੱਲੇ ਸਤਿਸੰਗ ਵਿਚ ਆਪ ਜੀ ਨੇ ਸਮਝਾਇਆ, ‘‘ਆਪਣੀ ਆਤਮਾ ਨੂੰ ਸਿਮਰਨ ਰੂਪੀ ਖੁਰਾਕ ਦਿਓ ਹਰ ਹਾਲ ਵਿਚ ਖੁਸ਼ ਰਹੋ ਸਭ ਉਪਾਅ ਛੱਡ ਕੇ ਜਿੰਦਾਰਾਮ ਦੀ ਸ਼ਰਨ ਵਿਚ ਰਹੋ’’ ਸੱਚੇ ਫ਼ਕੀਰ ਦੇ ਦਰਸ਼ਨ ਕਰਕੇ ਅਤੇ ਸਤਿਸੰਗ ਸੁਣ ਕੇ ਸਭਰੋ ਨੂੰ ਤਸੱਲੀ ਹੋਈ। ਉਸ ਨੇ ਨਾਮ-ਦਾਨ ਪ੍ਰਾਪਤ ਕੀਤਾ ਅਤੇ ਖੁਸ਼ੀ-ਖੁਸ਼ੀ ਘਰ ਵਾਪਸ ਚਲੀ ਗਈ ਜਦੋਂ ਉਸਦੇ ਪਰਿਵਾਰ ਨੂੰ ਪਤਾ ਲੱਗਾ ਕਿ ਉਹ ਨਾਮ ਲੈ ਆਈ ਹੈ ਤਾਂ ਉਸ ਦੇ ਪਤੀ ਤੇ ਪੁੱਤਰ ਨੇ ਸਭਰੋ ਨਾਲ ਝਗੜਾ ਕੀਤਾ। ਉਸ ਨੂੰ ਤੰਗ ਕਰਨ ਲੱਗੇ ਕਿ ਤੂੰ ਨਾਮ ਕਿਉ ਲਿਆ ਹੈ ਅਗਲੇ ਦਿਨ ਸਭਰੋ ਡੇਰਾ ਸੱਚਾ ਸੌਦਾ ਵਿਚ ਆ ਗਈ। ਮੌਕਾ ਦੇਖ ਕੇ ਦਾਤਾ ਜੀ ਨੂੰ ਬੋਲੀ ਕਿ ਬਾਬਾ ਜੀ, ਆਪ ਜੀ ਨੇ ਜੋ ਨਾਮ ਮੈਨੂੰ ਕੱਲ੍ਹ ਦਿੱਤਾ ਸੀ ਉਹ ਵਾਪਸ ਲੈ ਲਓ ਜੀ ਮੇਰਾ ਪਤੀ, ਮੇਰਾ ਪੁੱਤਰ ਅਤੇ ਮੇਰੀ ਨੂੰਹ ਮੇਰੇ ਨਾਲ ਲੜਦੇ ਹਨ।
ਇਸ ਸਵਾਲ ’ਤੇ ਆਪ ਜੀ ਨੇ ਫ਼ਰਮਾਇਆ, ‘‘ਬੱਲੇ! ਬੱਲੇ! ਇਹ ਤਾਂ ਮੌਜ਼ ਬਣ ਗਈ ਪੁੱਟਰ ਏਦਾਂ ਕਰ, ਨਾਮ-ਸ਼ਬਦ ਤਾਂ ਵਾਪਸ ਨਹੀਂ ਹੋ ਸਕਦਾ ਪਰ ਤੈਨੂੰ ਅੱਠ ਦਿਨ ਤੇਰੀ ਨੂੰਹ, ਤੇਰਾ ਲੜਕਾ, ਤੇਰਾ ਪਤੀ ਜੋ ਵੀ ਕੰਮ ਤੈਨੂੰ ਕਹਿਣ, ਤੂੰ ਭੱਜ-ਭੱਜ ਕੇ ਕਰੀਂ ਅੱਗੋਂ ਨਾ ਬੋਲੀਂ, ਚੁੱਪ ਰਹੀਂ’’ ਹੁਕਮ ਅਨੁਸਾਰ ਸਭਰੋ ਨੇ ਘਰ ਜਾ ਕੇ ਆਪਣੇ ਪਰਿਵਾਰ ਵਾਲਿਆਂ ਨਾਲ ਨਿਮਰਤਾ ਵਾਲਾ ਵਿਹਾਰ ਕਰਨਾ ਸ਼ੁਰੂ ਕਰ ਦਿੱਤਾ। ਸਤਿਗੁਰੂ ਦੀ ਯਾਦ ਵਿਚ ਰਹਿਣ ਲੱਗੀ ਤਿੰਨ-ਚਾਰ ਦਿਨ ਬਾਅਦ ਹੀ ਪਰਿਵਾਰ ਦੇ ਸਾਰੇ ਜੀਅ ਸਭਰੋ ਦੀ ਇੱਜਤ ਕਰਨ ਲੱਗੇ। ਉਸ ਦੇ ਪੁੱਤਰ ਅਤੇ ਨੂੰਹ ਨੇ ਸਵੇਰੇ ਉੱਠ ਕੇ ਉਸ ਦੇ ਪੈਰਾਂ ਨੂੰ ਹੱਥ ਲਾਉਦੇ ਹੋਏ ਕਿਹਾ ਕਿ ਸਾਨੂੰ ਵੀ ਬਾਬਾ ਜੀ ਕੋਲ ਲਿਜਾ ਕੇ ਨਾਮ-ਸ਼ਬਦ ਦੁਆਓ ਬਾਬਾ ਜੀ ਨੇ ਸਾਨੂੰ ਦਰਸ਼ਨ ਦੇ ਕੇ ਸਮਝਾਇਆ ਹੈ ਕਿ ਆਪਣੀ ਮਾਤਾ ਨੂੰ ਬਿਨਾ ਵਜ੍ਹਾ ਤੰਗ ਕਿਉ ਕਰਦੇ ਹੋ? ਤੁਸੀਂ ਸਾਰੇ ਨਾਮ ਲੈ ਲਓ ਸਭਰੋ ਇਹ ਸਭ ਸੁਣ ਕੇ ਬਹੁਤ ਖੁਸ਼ ਹੋਈ। ਸਤਿਗੁਰੂ ਦਾ ਲੱਖ-ਲੱਖ ਧੰਨਵਾਦ ਕਰਨ ਲੱਗੀ। ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਰਹਿਮਤ ਨਾਲ ਸਾਰਾ ਪਰਿਵਾਰ ਸੁਧਰਨ ਲੱਗਾ ਉਹ ਖੁਸ਼ੀ-ਖੁਸ਼ੀ ਇੱਕ ਪਰਾਤ ਬੂੰਦੀ ਲੈ ਕੇ ਦਾਤਾ ਜੀ ਕੋਲ ਆਈ ਉਸ ਸਮੇਂ ਆਪ ਜੀ ਮਜਲਸ ਕਰ ਰਹੇ ਸਨ। ਸਭਰੋ ਨੇ ਕਿਹਾ ‘‘ਬਾਬਾ ਜੀ, ਆਪ ਜੀ ਨੇ ਸਾਡੇ ’ਤੇ ਬੜੀ ਕਿਰਪਾ ਕੀਤੀ ਹੈ ਮੇਰੇ ਪਰਿਵਾਰ ਦੇ ਸਾਰੇ ਜੀਆਂ ਨੇ ਸਦਾ ਲਈ ਬੁਰੀਆਂ ਆਦਤਾਂ ਛੱਡਣ ਦਾ ਮਨ ਬਣਾ ਲਿਆ, ਇਹ ਬੂੰਦੀ ਦਾ ਥਾਲ ਮੈਂ ਇੱਥੇ ਵੰਡਣ ਲਈ ਲਿਆਈ ਹਾਂ।
ਆਪ ਜੀ ਨੇ ਬੂੰਦੀ ਦੇ ਥਾਲ ’ਤੇ ਦਿ੍ਰਸ਼ਟੀ ਪਾਉਦੇ ਹੋਏ ਫ਼ਰਮਾਇਆ, ‘‘ਪੁੱਟਰ! ਇਸ ਬੂੰਦੀ ਨੂੰ ਪਿੰਡ ਲਿਜਾ ਕੇ ਵੰਡ ਦੇਣਾ’’ ਸਭਰੋ ਨੇ ਪਿੰਡ ਨਟਾਰ ਜਾ ਕੇ ਬੂੰਦੀ ਦਾ ਪ੍ਰਸ਼ਾਦ ਪਰਿਵਾਰ ਦੇ ਸਾਰੇ ਜੀਆਂ ਨੂੰ ਅਤੇ ਹੋਰ ਜੋ ਵੀ ਪਿੰਡ ਵਿਚ ਮਿਲਿਆ ਉਸ ਨੂੰ ਵੰਡ ਦਿੱਤਾ ਜਿਸ-ਜਿਸ ਨੇ ਵੀ ਉਹ ਪ੍ਰਸ਼ਾਦ ਖਾਧਾ ਉਹ ਸਾਰੇ ਸਭਰੋ ਕੋਲ ਆਉਣੇ ਸ਼ੁਰੂ ਹੋ ਗਏ ਅਤੇ ਪੁੱਛਦੇ ਕਿ ਹੁਣ ਡੇਰਾ ਸੱਚਾ ਸੌਦਾ ਵਿਚ ਸਤਿਸੰਗ ਕਦੋਂ ਹੋਵੇਗਾ? ਅਸੀਂ ਸਤਿਸੰਗ ਸੁਣਨ ਬਾਬਾ ਜੀ ਕੋਲ ਜਾਣਾ ਹੈ ਸਾਨੂੰ ਨਾਲ ਜ਼ਰੂਰ ਲੈ ਕੇ ਜਾਣਾ। ਅਗਲੇ ਮਹੀਨੇਵਾਰ ਸਤਿਸੰਗ ਵਿਚ ਉਹ ਸਾਰੇ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਸਰਸਾ ਵਿਚ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰੂਹਾਨੀ ਸਤਿਸੰਗ ਸੁਣਨ ਆਏ ਅਤੇ ਪਵਿੱਤਰ ਨਾਮ-ਸ਼ਬਦ ਦੀ ਦਾਤ ਪ੍ਰਾਪਤ ਕਰਕੇ ਆਪਣਾ ਆਵਾਗਮਨ ਦਾ ਚੱਕਰ ਮੁਕਾਇਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ