Three in One MSG Bhandare: ਪਰਮਾਤਮਾ ਸ੍ਰਿਸ਼ਟੀ ਦੇ ਕਣ-ਕਣ ਵਿੱਚ ਹੈ ਅਤੇ ਉਹ ਮਨੁੱਖਾਂ ਨੂੰ ਉਹਨਾਂ ਦੇ ਮੂਲ (ਪਰਮਾਤਮਾ) ਨਾਲ ਜੋੜਨ ਤੇ ਰੱਬੀ ਗੁਣਾਂ ਨਾਲ ਭਰਪੂਰ ਕਰਨ ਲਈ ਸੰਤ ਸਤਿਗੁਰੂ ਧਰਤੀ ’ਤੇ ਭੇਜਦਾ ਹੈ। ਰੱਬੀ ਤਾਕਤ ਦੇ ਮਾਲਕ ਹੋਣ ਕਾਰਨ ਸਤਿਗੁਰੂ ਰੂਪੀ ਜੋਤ ਸਦਾ ਰੌਸ਼ਨ ਰਹਿੰਦੀ ਹੈ, ਭਾਵੇਂ ਉਹ ਕੁਦਰਤ ਦੇ ਅਸੂਲਾਂ ਅਨੁਸਾਰ ਪੰਜ ਭੌਤਿਕ ਚੋਲਾ ਬਦਲਦੇ ਹਨ ਪਰ ਉਨ੍ਹਾਂ ਦਾ ਉਹੀ ਨੂਰ ਸਦਾ ਰੂਹਾਂ ਨੂੰ ਰੁਸ਼ਨਾਉਂਦਾ ਰਹਿੰਦਾ ਹੈ। ਸਤਿਗੁਰੂ ਸਦਾ ਹੈ, ਉਹ ਰੂਹਾਨੀ ਜੋਤ ਕਿਧਰੇ ਜਾਂਦੀ ਹੀ ਨਹੀਂ। ਜੋ ਜਾਂਦਾ ਹੀ ਨਹੀਂ, ਫਿਰ ਸੋਗ ਕਾਹਦਾ? ਸਤਿਗੁਰੂ ਤਾਂ ਦੋਵਾਂ ਜਹਾਨਾਂ ਦਾ ਮਾਲਕ ਹੈ। ਸਤਿਗੁਰੂ ਕਿਸੇ ਵੀ ਬਾਡੀ ’ਚ ਹੋਵੇ, ਮੌਜ਼ੂਦਾ ਬਾਡੀ ਰਾਹੀਂ ਹਰ ਸਮੇਂ ਝਲਕਾਰੇ ਦੇਵੇ, ਪੁਰਾਣੇ ਸਮੇਂ ਦੇ ਬਚਨ ਵੀ ਯਾਦ ਕਰਵਾਏ, ਪੁਰਾਣੇ ਸਮੇਂ ਹੋਏ ਬਚਨਾਂ ਨੂੰ ਪੂਰਾ ਵੀ ਕਰੇ ਤੇ ਕਹਿ ਕੇ ਪੂਰਾ ਕਰੇ ਜਾਂ ਪੂਰਾ ਕਰਕੇ ਦੱਸ ਵੀ ਦੇਵੇ, ਤਾਂ ਬਾਡੀ ਦੇ ਭੇਦ ਦੀ ਗੁੰਜਾਇਸ਼ ਦੂਰ-ਦੂਰ ਤੱਕ ਵੀ ਨਹੀਂ ਫੜਕਦੀ।
ਡੇਰਾ ਸੱਚਾ ਸੌਦਾ ਰੂਹਾਨੀਅਤ ਦੇ ਨੂਰ ਦਾ ਅਜਿਹਾ ਪਰਬਤ ਹੈ ਜਿੱਥੋਂ ਨੂਰ ਦੀਆਂ ਵਗਦੀਆਂ ਨਦੀਆਂ ’ਚੋਂ ਉਠਦੀਆਂ ਛੱਲਾਂ ਮਾਨਵਤਾ ’ਚ ਸਤਿਗੁਰੂ ਦੇ ਪਿਆਰ ਦੀਆਂ ਲਹਿਰਾਂ ਛੇੜ ਰਹੀਆਂ ਹਨ। ਸਤਿਗੁਰੂ (ਮੌਜ਼ੂਦਾ ਬਾਡੀ) ਨਾਲ ਤੇ ਦੂਜੀ ਬਾਡੀ ਨਾਲ ਓਹੀ ਪਿਆਰ ਜੋ ਪਹਿਲੀ ਬਾਡੀ ਨਾਲ ਸੀ। ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਤੋਂ ਨਾਮ ਸ਼ਬਦ ਲੈ ਚੁੱਕੇ ਸ਼ਰਧਾਲੂ ਜਦੋਂ ਪੂਜਨੀਕ ਹਜ਼ੂਰ ਪਿਤਾ ਜੀ ਨਾਲ ਗੱਲਬਾਤ ਕਰਦੇ ਹਨ, ਤਾਂ ਉਹਨਾਂ ਦਾ ਅਨੁਭਵ ਇਹੀ ਹੁੰਦਾ ਹੈ ਕਿ ਉਹ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨਾਲ ਹੀ ਗੱਲ ਕਰ ਰਹੇ ਹਨ, ਉਨ੍ਹਾਂ ਦੇ ਰੂ-ਬ-ਰੂ ਬੈਠੇ ਹਨ।
Three in One MSG Bhandare
ਇਸੇ ਤਰ੍ਹਾਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਚਿਤਾਏ ਸਤਿਸੰਗੀ ਦਾ ਦਰਬਾਰ ’ਚ ਆਉਣਾ, ਰਹਿਣਾ, ਸੇਵਾ ਕਰਨਾ ਅਤੇ ਪੂਜਨੀਕ ਗੁਰੂ ਜੀ ਨਾਲ ਗੱਲਬਾਤ ਕਰਨ ਦਾ ਅੰਦਾਜ਼ ਵੀ ਅਜਿਹਾ ਹੁੰਦਾ ਹੈ। ਹਰ ਕੋਈ ਇਹੀ ਕਹਿੰਦਾ ਹੈ ਕਿ ਸਾਨੂੰ ਤਾਂ ਕੋਈ ਫਰਕ ਹੀ ਮਹਿਸੂਸ ਨਹੀਂ ਹੁੰਦਾ ਸਗੋਂ ਸਾਖਸ਼ਾਤ ਪੂਜਨੀਕ ਹਜ਼ੂਰ ਪਿਤਾ ਜੀ ਦੇ ਰੂਪ ’ਚ ਪੂਜਨੀਕ ਸਾਈਂ ਜੀ, ਪੂਜਨੀਕ ਪਰਮ ਪਿਤਾ ਜੀ ਸਾਡੇ ਨਾਲ ਬਚਨ-ਬਿਲਾਸ ਕਰ ਰਹੇ ਹਨ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਪੁਰਾਣੇ ਸਮੇਂ ਤੋਂ ਜੁੜੇ ਸਤਿਸੰਗੀਆਂ ਨੂੰ ਕਈ ਵਾਰ ਅਜਿਹੇ ਬਚਨ ਫ਼ਰਮਾਉਂਦੇ ਹਨ ਜੋ ਉਹਨਾਂ ਨੂੰ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਤੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਫ਼ਰਮਾਏ ਸਨ।
ਅਜਿਹੇ ਮਾਹੌਲ ਨੂੰ ਵੇਖ ਕੇ ‘ਥ੍ਰੀ-ਇੰਨ ਵਨ’ ਸਬੰਧੀ ਕੋਈ ਭੁਲੇਖਾ ਨਹੀਂ ਰਹਿ ਜਾਂਦਾ। ਰੂਹਾਨੀਅਤ ਦੀ ਇਹ ਵੱਡੀ ਸੱਚਾਈ ਕਲਿਯੁੱਗ ਦੇ ਜੀਵਾਂ ’ਤੇ ਪਰਮਾਤਮਾ ਦਾ ਮਹਾਂ ਪਰਉਪਕਾਰ ਹੈ। ਇਸ ਕਲਿਯੁੱਗ ਅੰਦਰ ਜੀਵ ਆਪਣੇ ਮਨ ਅਤੇ ਮਨਮਤੇ ਲੋਕਾਂ ਦੀਆਂ ਭੈੜੀਆਂ ਚਾਲਾਂ ’ਚ ਆ ਜਾਂਦੇ ਹਨ ਪਰ ਰੂਹਾਨੀਅਤ ਦੇ ਸਮੁੰਦਰ ਡੇਰਾ ਸੱਚਾ ਸੌਦਾ ਨੇ ਹਰ ਸਤਿਸੰਗੀ ਦਾ ਅੰਦਰੋਂ-ਬਾਹਰੋਂ ਆਪਣੇ ਗੁਰੂ ਨਾਲ ਪਿਆਰ ਦਾ ਸੱਚਾ ਰਿਸ਼ਤਾ ਇਸ ਤਰ੍ਹਾਂ ਮਜ਼ਬੂਤ ਕੀਤਾ ਹੈ ਕਿ ਕੋਈ ਵੀ ਮੁਸ਼ਕਲ ਉਹਨਾਂ ਨੂੰ ਮਾਨਵਤਾ ਦੇ ਰਾਹ ਤੋਂ ਭਟਕਾ ਨਹੀਂ ਸਕਦੀ। ਇਸੇ ਰੂਹਾਨੀਅਤ ਦੀ ਥ੍ਰੀ-ਇੰਨ-ਵੰਨ ਜੋਤ ਦਾ ਹੀ ਪ੍ਰਕਾਸ਼ ਹੈ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪੰਜ-ਪੰਜ ਪੀੜ੍ਹੀਆਂ ਤੋਂ ਡੇਰੇ ਨਾਲ ਜੁੜੇ ਹੋਏ ਹਨ ਤੇ ਮਨੁੱਖਤਾ ਦੀ ਸੇਵਾ ਦੀਆਂ ਨਵੀਆਂ ਸਿਖਰਾਂ ਛੋਹ ਰਹੇ ਹਨ। ਇਹ ਜੋਤ ਸੇਵਾਦਾਰਾਂ ਨੂੰ ‘ਖਾਨਦਾਨੀ ਸੇਵਾਦਾਰ’ ਬਣਾਉਣ ਦਾ ਮਾਣ ਬਖਸ਼ਦੀ ਹੈ।
Read Also : ਥ੍ਰੀ-ਇਨ ਵਨ ਐੱਮਐੱਸਜੀ ਭੰਡਾਰੇ ਨੂੰ ਲੈ ਕੇ ਸਾਧ-ਸੰਗਤ ’ਚ ਉਤਸ਼ਾਹ
ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪਰਮਾਤਮਾ ਦੇ ਹੁਕਮ ਅਨੁਸਾਰ ਸੱਚੇ ਸਤਿਗੁਰੂ ਸਾਈਂ ਸਾਵਣ ਸ਼ਾਹ ਜੀ ਮਹਾਰਾਜ ਦੀਆਂ ਬੇਅੰਤ ਬਖਸ਼ਿਸ਼ਾਂ ਦਾ ਖ਼ਜਾਨਾ ਲਿਆ ਕੇ ਅਪਰੈਲ 1948 ’ਚ ਸਰਸਾ ਵਿਖੇ ਰੂਹਾਨੀਅਤ ਦੇ ਇਲਾਹੀ ਕੇਂਦਰ ਡੇਰਾ ਸੱਚਾ ਸੌਦਾ ਦੀ ਨੀਂਹ ਰੱਖੀ। ਆਪ ਜੀ ਨੇ ਸਿੱਧੀ-ਸਾਦੀ ਭਾਸ਼ਾ ਤੇ ਆਪਣੇ ਇਲਾਹੀ ਚੋਜਾਂ (ਖੇਲ੍ਹਾਂ) ਨਾਲ ਲੋਕਾਂ ਨੂੰ ਰਾਮ, ਅੱਲ੍ਹਾ, ਵਾਹਿਗੁਰੂ, ਗੌਡ ਦੇ ਨਾਮ ਨਾਲ ਜੋੜਿਆ ਅਤੇ ਸਰਵਧਰਮ ਸਤਿਸੰਗ ਲਾ ਕੇ ਸਾਰੇ ਧਰਮਾਂ ਨੂੰ ਇੱਥ ਥਾਂ ਬਿਠਾਇਆ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕੀਤਾ। ਆਪ ਜੀ ਨੇ ਲੋਕਾਂ ਨੂੰ ਨਸ਼ਿਆਂ, ਅੰਧ-ਵਿਸ਼ਵਾਸਾਂ, ਊਚ-ਨੀਚ ਜਿਹੀਆਂ ਬੁਰਾਈਆਂ ਤੋਂ ਦੂਰ ਕਰਕੇ ਬਰਾਬਰਤਾ, ਪਿਆਰ, ਅਮਨ-ਅਮਾਨ ਤੇ ਭਾਈਚਾਰਕ ਸਾਂਝ ਵਾਲੇ ਸਮਾਜ ਦੇ ਨਿਰਮਾਣ ਦੇ ਰਾਹ ਤੋਰਿਆ।
Three in One MSG Bhandare
ਅਸਲ ’ਚ ਰੂਹਾਨੀਅਤ ’ਚ ਵਿਸ਼ਵਾਸ ਦੀ ਨਿਰੰਤਰਤਾ ਜ਼ਰੂਰੀ ਹੈ। ਨਿਰੰਤਰ ਵਿਸ਼ਵਾਸ ਹੀ ਦਿ੍ਰੜ੍ਹ ਵਿਸ਼ਵਾਸ ਦੀ ਨੀਂਹ ਹੈ। ਥ੍ਰੀ ਇਨ ਵਨ ਦੀ ਹਕੀਕਤ ਸ਼ਰਧਾਲੂ ਨੂੰ ਹਮੇਸ਼ਾ ਚੜ੍ਹਦੀ ਕਲਾ ’ਚ ਰੱਖਦੀ ਹੈ ਕਿ ਉਸ ਦਾ ਸਤਿਗੁਰੂ ਨਾ ਕਦੇ ਦੂਰ ਸੀ, ਨਾ ਦੂਰ ਹੈ ਅਤੇ ਨਾ ਕਦੇ ਦੂਰ ਹੋਵੇਗਾ। ਸਤਿਗੁਰੂ ਨੂੰ ਅੰਗ-ਸੰਗ ਵੇਖ ਕੇ ਸ਼ਰਧਾਲੂ ਰੂਹਾਨੀਅਤ ਦੀ ਤਰੱਕੀ ਦੀਆਂ ਪੌੜੀਆਂ ਤੇਜ਼ ਰਫ਼ਤਾਰ ਨਾਲ ਚੜ੍ਹਦਾ ਹੈ। ਅੱਜ ਪਵਿੱਤਰ ਥ੍ਰੀ ਇਨ ਵੰਨ ਭੰਡਾਰਾ ਸਾਧ-ਸੰਗਤ ਉਤਸ਼ਾਹ ਨਾਲ ਮਨਾ ਰਹੀ ਹੈ।
Three in One MSG Bhandare
ਥ੍ਰੀ ਇਨ ਵੰਨ ਬਣਦਿਆਂ ਹੀ ਐੱਮਐੱਸਜੀ ਬਣ ਗਏ। ਇੱਕ ਨੂਰਾਨੀ ਜੋਤ ਨੂੰ ਦੋ ਨਹੀਂ ਕਿਹਾ ਜਾ ਸਕਦਾ। ਨੂਰ ਤਾਂ ਨੂਰ ਹੈ, ਨੂਰ ਇੱਕ ਹੀ ਹੈ। ਨੂਰ ਆਦਿ ਜੁਗਾਦਿ ਤੋਂ ਇੱਕ ਹੀ ਹੈ। ਚੰਨ, ਤਾਰੇ, ਸੂਰਜ ਹਜ਼ਾਰਾਂ-ਲੱਖਾਂ ਹੋ ਸਕਦੇ ਹਨ ਪਰ ਰੱਬੀ ਨੂਰ ਨੂੰ ਇੱਕ ਤੋਂ ਵੱਧ ਕਲਪਿਆ ਵੀ ਨਹੀਂ ਜਾ ਸਕਦਾ। ਗੱਲ ਮੁੱਕਦੀ ਕਿ ਉਸੇ ਇੱਕ ਨੂਰ ਤੋਂ ਹੀ ਸਾਰੀ ਸ੍ਰਿਸ਼ਟੀ ਦੀ ਸਾਜਨਾ ਹੋਈ ਹੈ। ਪਰਮਾਤਮਾ ਇੱਕ ਹੈ ਤਾਂ ਉਸ ਦੀ ਭੇਜੀ ਰੂਹਾਨੀਅਤ ਦੀ ਜੋਤ ਵੀ ਤਾਂ ਇੱਕ ਹੀ ਰਹਿਣੀ ਹੈ।
ਪਰਮਾਤਮਾ ਦੇ ਅਟੱਲ ਨਿਯਮਾਂ ਅਨੁਸਾਰ ਪੂਜਨੀਕ ਬੇਪਰਵਾਹ ਸਾਈਂ ਜੀ ਨੇ 18 ਅਪਰੈਲ 1960 ਨੂੰ ਆਪਣਾ ਪੰਜ ਭੌਤਿਕ ਚੋਲਾ ਜ਼ਰੂਰ ਬਦਲ ਲਿਆ ਪਰ ਇਲਾਹੀ ਜੋਤ ਨਾ ਸਿਰਫ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਰੂਪ ’ਚ ਦੁਨੀਆ ਨੂੰ ਰੌਸ਼ਨ ਕਰਨ ਲੱਗੀ ਸਗੋਂ ਸੱਤ ਸਾਲਾਂ ਬਾਅਦ ਤੀਜੀ ਬਾਡੀ ਦੇ ਰੂਪ ’ਚ ਵੀ ਆਉਣ ਦੇ ਬਚਨ ਫ਼ਰਮਾ ਦਿੱਤੇ।
Three in One MSG Bhandare
ਇਸੇ ਤਰ੍ਹਾਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਵੀ ਬੇਪਰਵਾਹ ਸਾਈਂ ਜੀ ਦੇ ਬਚਨਾਂ ਦੇ ਅਨੁਰੂਪ ਹੀ ਸਟੇਜ ਲਾਉਣ ਦੀ ਦਿਸ਼ਾ ਦੱਸ ਕੇ ਤਿੰਨੇ ਬਾਡੀਆਂ ਦੇ ਇੱਕੋ ਜੋਤ ਹੋਣ ਦੇ ਇਲਾਹੀ ਹੁਕਮ ’ਤੇ ਮੋਹਰ ਲਾ ਦਿੱਤੀ। ਪਹਿਲੀ ਬਾਡੀ ’ਚ ਜਾਂ ਦੂਜੀ ਬਾਡੀ ’ਚ ਕੀਤੇ ਬਚਨ ਸਹਿਜ ਹੀ ਤੀਜੀ ਬਾਡੀ ’ਚ ਪੂਰੇ ਹੁੰਦੇ ਵੇਖ ਕੇ ਰੂਹਾਂ ਦੇ ਅੰਦਰ ਰੱਬੀ ਅਨੰਦ ਦੀਆਂ ਲਹਿਰਾਂ ਝੂਮ ਉਠਦੀਆਂ ਹਨ।
ਪਵਿੱਤਰ ਬਚਨ- ਨੇਜੀਆ ਤੋਂ ਸਰਸਾ ਤੱਕ ਸੰਗਤ ਹੀ ਸੰਗਤ ਹੋਵੇਗੀ, ਥਾਲੀ ਸੁੱਟੋਗੇ ਤਾਂ ਥੱਲੇ ਨਹੀਂ ਡਿੱਗੇਗੀ, ਸੱਚਾ ਸੌਦਾ ਦਿਨ ਦੁੱਗਣੀ-ਰਾਤ ਚੌਗੁਣੀ ਤਰੱਕੀ ਕਰੇਗਾ, ਟਿੱਬਿਆਂ ’ਤੇ ਬਾਗ-ਬਹਾਰਾਂ ਹੋਣਗੀਆਂ, ਸੱਚਖੰਡ ਦਾ ਨਮੂਨਾ ਬਣੇਗਾ। ਇਹ ਬਚਨ ਐੱਮਐੱਸਜੀ ਨੇ ਫ਼ਰਮਾਏ, ਬਚਨਾਂ ’ਚ ਵਾਧਾ ਵੀ ਐੱਮਐੱਸਜੀ ਨੇ ਕੀਤਾ ਤੇ ਇਨ੍ਹਾਂ ਨੂੰ ਪੂਰਾ ਵੀ ਐੱਮਐੱਸਜੀ ਨੇ ਹੀ ਕੀਤਾ।
ਐੱਮਐੱਸਜੀ ਦੇ ਇੱਕ ਹੀ ਇਲਾਹੀ ਤਾਕਤ ਹੋਣ ਦਾ ਅਤੇ ਇੱਕ ਹੀ ਨਿਸ਼ਾਨਾ ਹੋਣ ਦੀ ਮਿਸਾਲ ਹੈ ਕਿ ਅੱਜ ਸੱਤ ਕਰੋੜ ਸ਼ਰਧਾਲੂਆਂ ਦਾ ਸਮੁੰਦਰ ਐੱਮਐੱਸਜੀ ਦਾ ਕੋਟਿਨ-ਕੋਟਿ ਸ਼ੁਕਰਗੁਜ਼ਾਰ ਹੈ, ਜਿਨ੍ਹਾਂ ਦੀ ਪ੍ਰੇਰਨਾ ਨਾਲ ਸ਼ਰਧਾਲੂ ਨੇਕੀ ਦੇ ਰਾਹ ਚੱਲ ਕੇ ਮਨੁੱਖਤਾ ਦੇ ਭਲੇ ਲਈ ਜੁਟੇ ਰਹਿੰਦੇ ਹਨ।
‘ਥ੍ਰੀ-ਇੰਨ-ਵਨ’ ਦਾ ਮਹਾਂਪਰਉਪਕਾਰ ਹੀ ਅੱਜ ਹਰ ਪਾਸੇ ਵਾਤਾਵਰਨ ਨੂੰ ਐੱਮਐੱਸਜੀ ਦੀਆਂ ਰੂਹਾਨੀ ਸੁਗੰਧੀਆਂ ਨਾਲ ਭਰਪੂਰ ਕਰ ਰਿਹਾ ਹੈ। ਇਸ ਰੂਹਾਨੀ ਨਜ਼ਾਰਿਆਂ ਨਾਲ ਸਰੋਬਾਰ ਡੇਰਾ ਸੱਚਾ ਸੌਦਾ ਦੀ ਸੱਤ ਕਰੋੜ ਸਾਧ-ਸੰਗਤ 18 ਅਪਰੈਲ ਨੂੰ ਥ੍ਰੀ-ਇਨ ਵੰਨ ਐੱਮਐੱਸਜੀ ਭੰਡਾਰਾ ਮਨਾ ਰਹੀ ਹੈ।
ਸੰਪਾਦਕ














