ਕੌਮੀ ਖੇਡ ਦਿਵਸ ’ਤੇ ਵਿਸ਼ੇਸ਼ : ਕਿਵੇਂ ਜਿੱਤਾਂਗੇ ਤਮਗੇ : ਨਿਗੂਣੀਆਂ ਤਨਖਾਹਾਂ ’ਤੇ ਠੇਕਾ ਅਧਾਰਿਤ ਕੋਚਾਂ ਸਹਾਰੇ ਚੱਲ ਰਿਹੈ ਖੇਡ ਢਾਂਚਾ
ਬਠਿੰਡਾ, (ਸੁਖਜੀਤ ਮਾਨ) ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਪੰਜਾਬ ’ਚ ਖੇਡ ਸੱਭਿਆਚਾਰ ਪੈਦਾ ਕਰਨ ਦੇ ਵਾਅਦੇ ਕਰਦੀਆਂ ਆ ਰਹੀਆਂ ਹਨ ਪਰ ਹਕੀਕਤ ਇਹ ਹੈ ਕਿ ਖੇਡ ਢਾਂਚਾ ਅੱਗੇ ਵਧਣ ਦੀ ਥਾਂ ਲਗਾਤਾਰ ਪਿਛਾਂਹ ਵੱਲ ਨੂੰ ਗਿਆ ਕੋਚਾਂ ਦੀ ਕਮੀਂ, ਖੇਡ ਸਟੇਡੀਅਮਾਂ ਦੀ ਦੁਰਦਸ਼ਾ, ਸਾਜੋ-ਸਮਾਨ ਦੀ ਘਾਟ ਖਿਡਾਰੀਆਂ ਦੇ ਅਭਿਆਸ ’ਚ ਅੜਿੱਕਾ ਬਣੀ ਖਿਡਾਰੀਆਂ ਦੇ ਖੇਡ ਪੱਧਰ ਨੂੰ ਉੱਚਾ ਚੁੱਕਣ ’ਚ ਸਭ ਤੋਂ ਅਹਿਮ ਯੋਗਦਾਨ ਕੋਚਾਂ ਦਾ ਹੁੰਦਾ ਹੈ ਪਰ ਅਫ਼ਸੋਸ ਪੰਜਾਬ ’ਚ ਰੈਗੂਲਰ ਕੋਚਾਂ ਦੀਆਂ ਆਸਾਮੀਆਂ ਵੱਡੇ ਪੱਧਰ ’ਤੇ ਖਾਲੀ ਪਈਆਂ ਹਨ ਠੇਕਾ ਅਧਾਰਿਤ ਕੋਚ ਨਿਗੂਣੀਆਂ ਤਨਖਾਹਾਂ ’ਤੇ ਬਿਹਤਰ ਨਤੀਜੇ ਦੇਣ ਦੀਆਂ ਕੋਸ਼ਿਸ਼ਾਂ ’ਚ ਜ਼ਰੂਰ ਲੱਗੇ ਹੋਏ ਹਨ
‘ਕੌਮੀ ਖੇਡ ਦਿਵਸ’ ਦੇ ਮੱਦੇਨਜ਼ਰ ‘ਸੱਚ ਕਹੂੰ’ ਨੇ ਜਦੋਂ ਖਿਡਾਰੀਆਂ ਨੂੰ ਕੋਚਿੰਗ ਦੇਣ ਸਬੰਧੀ ਕੋਚਾਂ ਦੀਆਂ ਅਸਾਮੀਆਂ ਦੀ ਸਥਿਤੀ ਪਤਾ ਕਰੀ ਤਾਂ ਹੈਰਾਨੀਜਨਕ ਪਹਿਲੂ ਸਾਹਮਣੇ ਆਏ ਕਿ ਮਾਲਵਾ ਪੱਟੀ ਦੇ ਅੱਧੀ ਦਰਜ਼ਨ ਜਿਲ੍ਹਿਆਂ ’ਚੋਂ ਇੱਕ ਵੀ ਜ਼ਿਲ੍ਹਾ ਅਜਿਹਾ ਨਹੀਂ ਮਿਲਿਆ ਜਿੱਥੇ ਕੋਚਾਂ ਦੀ ਕੋਈ ਘਾਟ ਨਾ ਹੋਵੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿੰਨ੍ਹਾਂ ਦੇ ਰਾਜ ’ਚ ਵਿਸ਼ਵ ਕਬੱਡੀ ਕੱਪ ਕਰਵਾ ਕੇ ‘ਖੇਡਦਾ ਪੰਜਾਬ’ ਹੋਣ ਦੇ ਦਾਅਵੇ ਕੀਤੇ ਗਏ ਉਨ੍ਹਾਂ ਦੇ ਆਪਣੇ ਜੱਦੀ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ’ਚ ਸਿਰਫ 6 ਕੋਚ ਹਨ
ਜਿੰਨ੍ਹਾਂ ’ਚੋਂ 4 ਠੇਕਾ ਅਧਾਰਿਤ ਹਨ ਮੋਗਾ ਜ਼ਿਲ੍ਹੇ ’ਚ ਸਿਰਫ 1 ਰੈਗੂਲਰ ਕੋਚ ਹੈ ਜਦੋਂਕਿ 4 ਠੇਕਾ ਅਧਾਰਿਤ ਹਨ ਬਠਿੰਡਾ ਜ਼ਿਲ੍ਹੇ ਦੇ ਹਾਲਾਤ ਰੈਗੂਲਰ ਕੋਚਾਂ ਪੱਖੋਂ ਕੁੱਝ ਅੱਛੇ ਹਨ ਜ਼ਿਲ੍ਹੇ ’ਚ ਕੁੱਲ 18 ਕੋਚਾਂ ’ਚੋਂ 12 ਰੈਗੂਲਰ ਅਤੇ 6 ਠੇਕਾ ਭਰਤੀ ਵਾਲੇ ਹਨ ਮਾਨਸਾ ਜ਼ਿਲ੍ਹੇ ’ਚ 2 ਕੋਚ ਰੈਗੂਲਰ ਅਤੇ 8 ਠੇਕਾ ਅਧਾਰਿਤ ਆਪਣੀਆਂ ਸੇਵਾਵਾਂ ਦੇ ਰਹੇ ਹਨ ਸਾਹਿਤਕ ਪੱਖੋਂ ਵੱਡੀਆਂ ਮੱਲਾਂ ਮਾਰਨ ਵਾਲਾ ਜ਼ਿਲ੍ਹਾ ਬਰਨਾਲਾ ਖੇਡ ਮੈਦਾਨ ’ਚ ਵੀ ਥਾਪੀਆਂ ਮਾਰ ਸਕਦਾ ਹੈ ਪਰ ਕੋਚਾਂ ਦੀ ਘਾਟ ਇੱਥੇ ਵੀ ਰੜਕਦੀ ਹੈ ਬਰਨਾਲਾ ’ਚ ਸਿਰਫ 1 ਰੈਗੂਲਰ ਕੋਚ ਹੈ ਜਦੋਂਕਿ 4 ਠੇਕਾ ਅਧਾਰਿਤ ਹਨ ਜ਼ਿਲ੍ਹਾ ਫਰੀਦਕੋਟ ’ਚ 8 ਕੋਚ ਰੈਗੂਲਰ ਹਨ ਅਤੇ 5 ਠੇਕਾ ਭਰਤੀ ਵਾਲੇ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਅਤੇ ਫਾਜਿਲਕਾ ’ਚ ਵੀ ਕੋਚਾਂ ਦੀਆਂ ਅਸਾਮੀਆਂ ਪੂਰੀਆਂ ਨਹੀਂ ਫਾਜਿਲਕਾ ’ਚ 3 ਕੋਚ ਰੈਗੂਲਰ ਅਤੇ 4 ਆਊਟ ਸੋਰਸਜ਼ ਹਨ ਜਦੋਂਕਿ ਫਿਰੋਜ਼ਪੁਰ ’ਚ 2 ਰੈਗੂਲਰ ਅਤੇ 5 ਆਊਟ ਸੋਰਸਜ਼ ਹਨ
ਕੋਚਾਂ ਦੀ ਭਰਤੀ ਕੀਤੀ ਜਾ ਰਹੀ ਹੈ : ਖੇਡ ਮੰਤਰੀ
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਖੇਡ ਢਾਂਚੇ ’ਚ ਹਰ ਪੱਖੋਂ ਸੁਧਾਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਕੋਚਾਂ ਦੀ ਭਰਤੀ ਸਬੰਧੀ ਪੀਪੀਐਸੀ ਨੂੰ ਲਿਖ ਕੇ ਦਿੱਤਾ ਹੈ ਜਿਸ ਵੱਲੋਂ ਕੋਚਾਂ ਦੀ ਰੈਗੂਲਰ ਭਰਤੀ ਕੀਤੀ ਜਾਵੇਗੀ
ਬਿਹਤਰ ਹੋਵੇਗੀ ਨਵੀਂ ਖੇਡ ਨੀਤੀ
ਕੁੱਝ ਦਿਨ ਪਹਿਲਾਂ ਬਠਿੰਡਾ ਪੁੱਜੇ ਖੇਡ ਮੰਤਰੀ ਮੀਤ ਹੇਅਰ ਨੂੰ ਜਦੋਂ ‘ ਸੱਚ ਕਹੂੰ’ ਦੇ ਇਸ ਪੱਤਰਕਾਰ ਨੇ ਸੁਝਾਅ ਦਿੱਤਾ ਕਿ ਗੁਆਂਢੀ ਸੂਬੇ ਹਰਿਆਣਾ ਦੀ ਖੇਡ ਨੀਤੀ ਬਹੁਤ ਵਧੀਆ ਹੈ, ਹਰਿਆਣਾ ਆਪਣੇ ਖਿਡਾਰੀਆਂ ਨੂੰ ਪੂਰਾ ਮਾਣ-ਸਨਮਾਨ ਦਿੰਦਾ ਹੈ ਤਾਂ ਪੰਜਾਬ ਦੀ ਖੇਡ ਨੀਤੀ ਵੀ ਹਰਿਆਣਾ ਦੀ ਤਰਜ਼ ’ਤੇ ਹੀ ਬਣੇ ਤਾਂ ਉਨ੍ਹਾਂ ਆਖਿਆ ਕਿ ਨਵੀਂ ਖੇਡ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ, ਪੰਜਾਬ ਦੀ ਖੇਡ ਨੀਤੀ ਹੋਰ ਵੀ ਬਿਹਤਰ ਹੋਵੇਗੀ
ਖੇਡ ਢਾਂਚਾ ਵੀ ਬਣੇ ਚੰਗਾ : ਕੋਚ
ਕੋਚਾਂ ਦੀ ਘਾਟ ਸਬੰਧੀ ਪੁੱਛੇ ਜਾਣ ’ਤੇ ਵੱਖ-ਵੱਖ ਕੋਚਾਂ ਨੇ ਕਿਹਾ ਕਿ ਕੋਚਾਂ ਦੀ ਭਰਤੀ ਦੇ ਨਾਲ-ਨਾਲ ਖੇਡ ਢਾਂਚਾ ਵੀ ਵਧੀਆ ਹੋਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਪਿਛਲੇ ਛੇ ਸਾਲ ਤੋਂ ਖੇਡਾਂ ਸਬੰਧੀ ਕਿਸੇ ਤਰ੍ਹਾਂ ਦੇ ਸਮਾਨ ਦੀ ਖ੍ਰੀਦਦਾਰੀ ਹੀ ਨਹੀਂ ਕੀਤੀ ਗਈ ਜਿਸਦੇ ਸਿੱਟੇ ਵਜੋਂ ਖਿਡਾਰੀਆਂ ਨੂੰ ਅਭਿਆਸ ’ਚ ਮੁਸ਼ਕਿਲ ਆਉਂਦੀ ਹੈ ਉਨ੍ਹਾਂ ਕਿਹਾ ਕਿ ਖੇਡ ਖੇਤਰ ’ਚ ਪ੍ਰਾਪਤੀਆਂ ਲਈ ਖਿਡਾਰੀ ਨੂੰ ਕੋਚ ਅਤੇ ਖੇਡ ਢਾਂਚਾ ਬਿਹਤਰ ਮਿਲੇਗਾ ਤਾਂ ਜਿੱਤਾਂ ਪੱਲੇ ਪੈਣਗੀਆਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ