ਕੋਰੋਨਾ ਪਾਜ਼ਿਟਿਵ ਨੂੰ ਘਰ ‘ਚ ਇਕਾਂਤਵਾਸ ਮੌਕੇ ਰੱਖਣਾ ਪਵੇਗਾ ਖਾਸ ਧਿਆਨ
ਸਰਕਾਰ ਅਤੇ ਸਿਹਤ ਵਿਭਾਗ ਦੇ ਹੁਕਮਾਂ ਮੁਤਾਬਕ ਹੁਣ ਕੋਵਿਡ-19 ਤਹਿਤ ਘਰ ਵਿੱਚ ਇਕਾਂਤਵਾਸ ਦੇ ਨਿਯਮਾਂ ਵਿੱਚ ਢਿੱਲ ਦੇ ਦਿੱਤੀ ਗਈ ਹੈ ਹੁਣ ਕੋਰੋਨਾ ਸੈਂਪਲ ਦੇਣ ਸਮੇਂ ਹੀ ਹਰ ਵਿਅਕਤੀ ਮੌਕੇ ‘ਤੇ ਹੀ ਸਹਿਮਤੀ ਫਾਰਮ ਤੇ ਸਵੈ-ਘੋਸ਼ਣਾ ਰਾਹੀਂ ਘਰ ਵਿੱਚ ਯੋਗ ਜਗ੍ਹਾ, ਸਿਹਤ ਜਾਂਚ ਅਤੇ ਆਪਣੇ ਕੇਅਰ ਟੇਕਰ ਸਬੰਧੀ ਜਾਣਕਾਰੀ ਦੇ ਕੇ ਨਤੀਜਾ ਰਿਪੋਰਟ ਕੋਰੋਨਾ ਪਾਜ਼ਿਟਿਵ ਆਉਣ ‘ਤੇ ਵੀ ਆਪਣੇ ਘਰ ਵਿੱਚ ਹੀ ਇਕਾਂਤਵਾਸ ਰਹਿ ਸਕੇਗਾ। ਆਏ ਦਿਨ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਸਪਤਾਲਾਂ ਅਤੇ ਕੋਵਿਡ ਕੇਅਰ ਸੈਂਟਰਾਂ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਆਡੀਓ-ਵੀਡੀਓ ਨਾਲ ਲੋਕ ਕੋਰੋਨਾ ਪਾਜ਼ਿਟਿਵ ਹੋਣ ਤੋਂ ਨਹੀਂ ਸਗੋਂ ਪਾਜ਼ਿਟਿਵ ਆਉਣ ਤੋਂ ਬਾਅਦ ਆਈਸੋਲੇਸ਼ਨ ਵਾਰਡ ਵਿਚ ਜਾਣ ਤੋਂ ਜ਼ਿਆਦਾ ਘਬਰਾਹਟ ਤੇ ਡਰ ਵਿਚ ਨਜ਼ਰ ਆ ਰਹੇ ਹਨ। ਜਿਸ ਕਾਰਨ ਜ਼ਿਆਦਾਤਰ ਲੋਕ ਕੋਰੋਨਾ ਦਾ ਸੈਂਪਲ ਦੇਣ ਤੋਂ ਹੀ ਟਾਲਾ ਵੱਟਦੇ ਦਿਖਾਈ ਦੇ ਰਹੇ ਹਨ।
ਮਰੀਜ਼ਾਂ ਦੇ ਇਕਾਂਤਵਾਸ ਨਿਯਮਾਂ ਵਿੱਚ ਕੀਤੀ ਸੋਧ ਤਹਿਤ ਹੁਣ ਹਸਪਤਾਲਾਂ ਅਤੇ ਆਈਸੋਲੇਸ਼ਨ ਵਾਰਡ ਵਿਚ ਜਾਣਾ ਪਾਬੰਦੀ ਨਹੀਂ ਹੋਵੇਗੀ, ਪਰ ਇਸ ਦੇ ਸਿੱਟੇ ਵੱਜੋਂ ਹੁਣ ਸ਼ੱਕ ਦੂਰ ਕਰਨ ਲਈ ਆਪਣੇ ਪਰਿਵਾਰਕ ਮੈਂਬਰਾਂ ਅਤੇ ਕਰੀਬੀਆਂ ਦਾ ਜਲਦ ਤੋਂ ਜਲਦ ਨੇੜੇ ਦੇ ਫਲੂ ਕਾਰਨਰ ‘ਤੇ ਕੋਰੋਨਾ ਸੈਂਪਲ ਕਰਵਾਉਣ ਦਾ ਰੁਝਾਨ ਜਰੂਰ ਵਧ ਜਾਵੇਗਾ ਜੋ ਕਿ ਸਮੇਂ ਦੀ ਲੋੜ ਵੀ ਹੈ, ਕੋਰੋਨਾ ਦੀ ਚੇਨ ਤੋੜਨ ਲਈ ਸਰਕਾਰਾਂ ਅਤੇ ਸਿਹਤ ਵਿਭਾਗ ਹਰ ਸੰਭਵ ਉਪਰਾਲਾ ਕਰਦੇ ਨਜ਼ਰ ਆ ਰਹੇ ਹਨ।
ਬਿਨਾ ਕਿਸੇ ਭੇਦ-ਭਾਵ ਦੇ ਹਰ ਜ਼ਿਲ੍ਹੇ ਅੰਦਰ ਕੋਰੋਨਾ ਸੈਂਪਲ ਇਕੱਤਰ ਕਰਨ ਲਈ ਵੱਖ-ਵੱਖ ਫਲੂ ਕਾਰਨਰ ਸਥਾਪਿਤ ਕਰਨਾ, ਐਮਰਜੈਂਸੀ ਮਰੀਜ਼ਾਂ, ਕਿਸੇ ਆਪਰੇਸ਼ਨ ਜਾਂ ਗਰਭਵਤੀ ਔਰਤਾਂ ਲਈ ਕੋਰੋਨਾ ਨਤੀਜੇ ਜਲਦ ਹਾਸਲ ਕਰਨ ਹਿੱਤ ਆਧੁਨਿਕ ਮਸ਼ੀਨਾਂ ਦਾ ਪ੍ਰਬੰਧ, ਕੋਰੋਨਾ ਸੈਂਪਲਾਂ ਦੀ ਜਾਂਚ ਕਰਨ ਲਈ ਵੱਡੀ ਸਮਰੱਥਾ ਵਾਲੀਆਂ ਲੈਬੋਰਟਰੀਆਂ ਅਤੇ ਸਿੱਖਿਅਕ ਅਮਲਾ ਤਾਇਨਾਤ ਹੈ।
ਲੋਕਾਂ ਦਾ ਕੋਰੋਨਾ ਸੈਂਪਲ ਨਾ ਦੇਣਾ ਅਤੇ ਦਿਨੋ-ਦਿਨ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਿੱਚ ਹੋ ਰਿਹਾ ਵਾਧਾ ਚਿੰਤਾ ਦਾ ਵਿਸ਼ਾ ਹੈ। ਪਰ ਹੁਣ ਘਰ ਇਕਾਂਤਵਾਸ ਰਹਿਣ ਸਮੇਂ ਧਿਆਨ ਰੱਖਣਾ ਹੋਵੇਗਾ ਕਿ ਪਾਜ਼ਿਟਿਵ ਆਇਆ ਮਰੀਜ਼ ਬਜ਼ੁਰਗਾਂ, ਬੱਚਿਆਂ, ਗਰਭਵਤੀ ਔਰਤਾਂ ਅਤੇ ਪਹਿਲਾਂ ਕਿਸੇ ਬਿਮਾਰੀ ਨਾਲ ਜੂਝ ਰਹੇ ਵਿਅਕਤੀ ਦੇ ਨਜ਼ਦੀਕ ਨਾ ਹੀ ਜਾਵੇ, ਅਲੱਗ ਕਮਰੇ ਵਿੱਚ ਰਹੇ ਜਿਸ ਨਾਲ ਗੁਸਲਖਾਨਾ ਜੁੜਿਆ ਹੋਵੇ, ਕਮਰੇ ਦੀ ਰੋਜ਼ਾਨਾ ਸਫਾਈ ਹੋਵੇ, ਕਿਸੇ ਨਾਲ ਵੀ ਖਾਣ-ਪੀਣ ਦੀ ਵਰਤੋਂ ਵਾਲੇ ਭਾਂਡੇ, ਕੱਪੜੇ, ਤੌਲੀਆ ਤੇ ਬਿਸਤਰਾ ਵਗੈਰਾ ਸਾਂਝੇ ਨਾ ਕਰੇ, ਕਿਸੇ ਵੀ ਹਾਲਤ ਵਿੱਚ ਕਿਸੇ ਸਮਾਜਿਕ-ਧਾਰਮਿਕ ਇਕੱਠ ਵਿੱਚ ਸ਼ਾਮਿਲ ਨਾ ਹੋਵੇ,
ਆਪਣੇ ਘਰ ਵਿਚ ਹੀ ਸੀਮਤ ਰਹੇ, ਮਾਸਕ ਪਹਿਨ ਕੇ ਰੱਖੇ ਅਤੇ ਵਾਰ-ਵਾਰ ਹੱਥ ਧੋਣਾ ਨਾ ਭੁੱਲੇ, ਸਿਹਤ ਜਾਂਚ ਟੀਮ ਨਾਲ ਰੋਜ਼ਾਨਾ ਤਾਲਮੇਲ ਕਰਕੇ ਆਪਣੀ ਸਿਹਤ ਜਾਂਚ ਯਕੀਨੀ ਬਣਾਏ, ਵਿਟਾਮਿਨ-ਸੀ-ਜ਼ਿੰਕ ਦੀ ਖੁਰਾਕ ਅਤੇ ਆਪਣੀ ਡਾਈਟ ਡਾਕਟਰਾਂ ਦੇ ਦੱਸੇ ਅਨੁਸਾਰ ਹੀ ਲਵੇ, ਜੇ ਖਾਂਸੀ-ਬੁਖਾਰ ਜਾਂ ਸਾਹ ਲੈਣ ‘ਚ ਮੁਸ਼ਕਲ ਆਉਂਦੀ ਹੈ ਤਾਂ ਤੁਰੰਤ ਜ਼ਿਲ੍ਹਾ ਸਿਹਤ ਸੰਸਥਾ ਜਾਂ ਹੈਲਪਲਈਨ ਨੰਬਰ 104 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਘਰ ਇਕਾਂਤਵਾਸ ਕੀਤੇ ਵਿਅਕਤੀ ਦਾ ਫੋਲੋਅੱਪ ਗਠਿਤ ਟੀਮਾਂ ਵੱਲੋਂ ਫੋਨ ਅਤੇ ਨਿੱਜੀ ਤੌਰ ‘ਤੇ ਕੀਤਾ ਜਾਵੇਗਾ ਜੇ ਦੌਰੇ ਦੌਰਾਨ ਟੀਮ ਨੂੰ ਲੱਗਦਾ ਹੈ ਕਿ ਵਿਅਕਤੀ ਦੁਆਰਾ ਸਵੈ-ਘੋਸ਼ਣਾ ਜਾਂ ਸਹਿਮਤੀ ਫਾਰਮ ਵਿੱਚ ਦਰਸਾਏ ਅਨੁਸਾਰ ਘਰ ਵਿੱਚ ਮੌਜੂਦ ਸਹੂਲਤਾਂ ਤੇ ਪ੍ਰਬੰਧ ਯੋਗ ਨਹੀਂ ਹਨ ਤਾਂ ਮਰੀਜ਼ ਵਿਅਕਤੀ ਨੂੰ ਆਈਸੋਲੇਸ਼ਨ ਸੁਵਿਧਾ ਵਿੱਚ ਭੇਜ ਦਿੱਤਾ ਜਾਵੇਗਾ
ਘਰ ਇਕਾਂਤਵਾਸ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਸਖਤੀ ਕਰਦਿਆਂ ਹੁਣ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਜ਼ੁਰਮਾਨਾ 2000/- ਰੁਪਏ ਕਰ ਦਿੱਤਾ ਹੈ। ਇਸ ਲਈ ਘਰ ਇਕਾਂਤਵਾਸ ਵਿੱਚ ਰਹਿੰਦਿਆਂ ਕਦੇ ਵੀ ਅਵੇਸਲੇ ਨਾ ਹੋਵੋ ਤੇ ਕੋਰੋਨਾ ਵਾਇਰਸ ਨੂੰ ਗੰਭੀਰਤਾ ਨਾਲ ਲਓ ਦੂਸਰਿਆਂ ਤੋਂ ਸਮਾਜਿਕ ਦੂਰੀ ਬਣਾ ਕੇ ਰੱਖੋ, ਕਿਉਂਕਿ ਇਹ ਛੂਤ ਦੀ ਬਿਮਾਰੀ ਹੈ ਤੇ ਲਾਗ ਨਾਲ ਫੈਲਦੀ ਹੈ। ਅਫਵਾਹਾਂ ਤੇ ਗਲਤ ਧਾਰਨਾਵਾਂ ਦਾ ਖੰਡਨ ਕਰੋ ਤੇ ਸਹੀ ਜਾਣਕਾਰੀ ਹਾਸਲ ਕਰਨ ਲਈ ਸਰਕਾਰੀ ਐਪ ਜਾਂ ਹੈਲਪਲਾਈਨ ਨੰਬਰ ਹੀ ਵਰਤੋਂ ਵਿੱਚ ਲਿਆਓ।
ਮੀਡੀਆ ਇੰਚਾਰਜ ਕੋਵਿਡ-19,
ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਫਰੀਦਕੋਟ
ਮੋ. 98146-56257
ਡਾ.ਪ੍ਰਭਦੀਪ ਸਿੰਘ ਚਾਵਲਾ,ਬੀ.ਈ.ਈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.