Punjab Police clears Shambhu: ‘ਆਮ’ ਸਰਕਾਰ ਦਾ ਖਾਸ ਐਕਸ਼ਨ, ਇੱਕ ਘੰਟੇ ’ਚ ਖੋਲ੍ਹੇ ਰਾਹ

Punjab Police clears Shambhu
Punjab Police clears Shambhu: ‘ਆਮ’ ਸਰਕਾਰ ਦਾ ਖਾਸ ਐਕਸ਼ਨ, ਇੱਕ ਘੰਟੇ ’ਚ ਖੋਲ੍ਹੇ ਰਾਹ

Punjab Police clears Shambhu: ਸਰਕਾਰ ਦਾ ਕਿਸਾਨਾਂ ਨੂੰ ਚਕਮਾ, ਬਾਰਡਰ ਕਰਾਏ ਖਾਲੀ

Punjab Police clears Shambhu: ਚੰਡੀਗੜ੍ਹ (ਅਸ਼ਵਨੀ ਚਾਵਲਾ)। ਕੇਂਦਰ ਸਰਕਾਰ ਅਤੇ ਕਿਸਾਨਾਂ ਵਿੱਚ ਬੁੱਧਵਾਰ ਨੂੰ ਹੋਈ 7ਵੇਂ ਦੌਰ ਦੀ ਮੀਟਿੰਗ ਵੀ ਬੇਸਿੱਟਾ ਰਹੀ ਹੈ, ਜਿਸ ਤੋਂ ਬਾਅਦ ਸ਼ਾਮ ਨੂੰ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਚਕਮਾ ਦਿੰਦੇ ਹੋਏ ਵੱਡਾ ਐਕਸ਼ਨ ਕਰ ਦਿੱਤਾ ਪੰਜਾਬ ਪੁਲਿਸ ਨੇ ਜਿੱਥੇ ਮੁਹਾਲੀ ਵਿੱਚ ਦਾਖ਼ਲ ਹੁੰਦੇ ਸਾਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਸਮੇਤ 2 ਦਰਜ਼ਨ ਦੇ ਕਰੀਬ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਉੱਥੇ ਨਾਲ ਹੀ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਦੇ ਸਹਾਰੇ ਸੈਂਕੜੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈਂਦਿਆਂ ਦੋਵੇਂ ਬਾਰਡਰ ਖਾਲੀ ਕਰਵਾ ਦਿੱਤੇ ਗਏ ਇਸ ਦੇ ਨਾਲ ਪੰਜਾਬ ਭਰ ਵਿੱਚ ਪੁਲਿਸ ਨੂੰ ਵੀ ਅਲਰਟ ’ਤੇ ਰਹਿਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ, ਤਾਂਕਿ ਕਿਸੇ ਵੀ ਅਣਸੁਖਾਵੀਂ ਘਟਨਾ ਲਈ ਉਹ ਤਿਆਰ ਬਰ ਤਿਆਰ ਰਹਿਣ।

Read Also : Farmers Protest: ਸ਼ੰਭੂ-ਖਨੌਰੀ ਬਾਰਡਰ ’ਤੇ ਵੱਡਾ ਐਕਸ਼ਨ, ਕਿਸਾਨ ਲਏ ਹਿਰਾਸਤ ’ਚ

ਚੰਡੀਗੜ੍ਹ ਵਿਖੇ ਕੇਂਦਰੀ ਸਰਕਾਰ ਦੇ ਮੰਤਰੀ ਸ਼ਿਵਰਾਜ ਚੌਹਾਨ, ਪਿਊਸ਼ ਗੋਇਲ ਅਤੇ ਪ੍ਰਲਾਦ ਜੋਸ਼ੀ ਵੱਲੋਂ ਕਿਸਾਨਾਂ ਨਾਲ ਮੀਟਿੰਗ ਰੱਖੀ ਹੋਈ ਸੀ ਅਤੇ ਇਸ ਮੀਟਿੰਗ ਵਿੱਚ ਕੇਂਦਰੀ ਅਧਿਕਾਰੀਆਂ ਦੇ ਨਾਲ-ਨਾਲ ਪੰਜਾਬ ਸਰਕਾਰ ਦੇ ਅਧਿਕਾਰੀ ਅਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੀ ਸ਼ਾਮਲ ਹੋਏ ਸਨ।

Punjab Police clears Shambhu

ਚੰਡੀਗੜ੍ਹ ਵਿਖੇ ਲਗਭਗ 4 ਘੰਟੇ ਚੱਲੀ ਮੀਟਿੰਗ ਤੋਂ ਬਾਅਦ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਵੱਲੋਂ ਐਲਾਨ ਕੀਤਾ ਗਿਆ ਕਿ ਅੱਜ ਦੀ ਮੀਟਿੰਗ ਕਾਫ਼ੀ ਜ਼ਿਆਦਾ ਚੰਗੇ ਮਾਹੌਲ ਵਿੱਚ ਹੋਈ ਹੈ ਅਤੇ ਅਗਲੀ ਮੀਟਿੰਗ 4 ਮਈ ਨੂੰ ਕਿਸਾਨਾਂ ਦੇ ਨਾਲ ਮੁੜ ਕੀਤੀ ਜਾਵੇਗੀ। ਇਸ ਤੋਂ ਬਾਅਦ ਕਿਸਾਨ ਆਗੂਆਂ ਵੱਲੋਂ ਵੀ ਆਪਣੇ ਆਪਣੇ ਬਿਆਨ ਦਿੱਤੇ ਗਏ ਕਿ ਕੇਂਦਰ ਸਰਕਾਰ ਨਾਲ ਮੀਟਿੰਗ ਕਾਫ਼ੀ ਚੰਗੀ ਰਹੀ ਹੈ ਅਤੇ ਅਗਲੀ ਮੀਟਿੰਗ ਵਿੱਚ ਮੁੜ ਤੋਂ 4 ਮਈ ਨੂੰ ਇਕੱਠੇ ਹੋਣਗੇ।

ਮੀਟਿੰਗ ਖ਼ਤਮ ਹੋਣ ਤੋਂ ਬਾਅਦ ਜਿਉਂ ਹੀ ਸਰਵਣ ਸਿੰਘ ਪੰਧੇਰ ਜ਼ੀਰਕਪੁਰ ਅਤੇ ਜਗਜੀਤ ਸਿੰਘ ਡੱਲੇਵਾਲ ਮੁਹਾਲੀ ਵਿੱਚ ਦਾਖਲ ਹੋਏ ਤਾਂ ਪਹਿਲਾਂ ਤੋਂ ਤੈਨਾਤ ਪੰਜਾਬ ਪੁਲਿਸ ਇਨ੍ਹਾਂ ਆਗੂਆਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਆਪਣੇ ਨਾਲ ਲੈ ਗਈ, ਜਿਸ ਤੋਂ ਬਾਅਦ ਬਾਕੀ ਕਿਸਾਨ ਆਗੂਆਂ ਨੂੰ ਵੀ ਇੱਕ-ਇੱਕ ਕਰਕੇ ਗ੍ਰਿਫ਼ਤਾਰ ਕਰਨਾ ਸ਼ੁਰੂ ਕਰ ਦਿੱਤਾ। ਗ੍ਰਿਫ਼ਤਾਰੀਆਂ ਦੇ ਰੋਸ ਵਿੱਚ ਕਿਸਾਨ ਆਗੂਆਂ ਅਤੇ ਕਿਸਾਨਾਂ ਵੱਲੋਂ ਮੁਹਾਲੀ ਵਿਖੇ ਜੰਮ ਕੇ ਹੰਗਾਮਾ ਕੀਤਾ ਤੇ ਪੁਲਿਸ ਨਾਲ ਧੱਕਾਮੁੱਕੀ ਕੀਤੀ ਗਈ, ਜਿਸ ਤੋਂ ਬਾਅਦ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਨਾਲ ਹੀ ਗ੍ਰਿਫ਼ਤਾਰ ਕਰ ਲਿਆ ਗਿਆ।

ਇਨ੍ਹਾਂ ਗ੍ਰਿਫ਼ਤਾਰੀਆਂ ਦੇ ਨਾਲ ਹੀ ਸ਼ੰਭੂ ਅਤੇ ਖਨੌਰੀ ਬਾਰਡਰ ਨੂੰ ਜਾਂਦੀਆਂ ਸਾਰੀਆਂ ਸੜਕਾਂ ਨੂੰ ਪੰਜਾਬ ਪੁਲਿਸ ਨੇ ਜਾਮ ਕਰ ਦਿੱਤਾ ਤਾਂ ਕਿ ਹੋਰ ਕਿਸਾਨ ਉਸ ਪਾਸੇ ਨਾ ਜਾਣ ਤੇ ਬਾਅਦ ’ਚ ਦੇਰ ਸ਼ਾਮ ਵੱਡੀ ਗਿਣਤੀ ਪੁਲਿਸ ਬਲ ਦੀ ਸਹਾਇਤਾ ਨਾਲ ਦੋਵੇਂ ਬਾਰਡਰ ਤੋਂ ਸੈਂਕੜਿਆਂ ਦੀ ਗਿਣਤੀ ’ਚ ਕਿਸਾਨਾਂ ਨੂੰ ਹਿਰਾਸਤ ’ਚ ਲੈਂਦਿਆਂ ਖਾਲੀ ਕਰਵਾ ਦਿੱਤਾ ਗਿਆ ਪੁਲਿਸ ਵੱਲੋਂ ਬੁਲਡੋਜਰਾਂ ਦੀ ਸਹਾਇਤਾਂ ਨਾਲ ਧਰਨੇ ਵਾਲੀਆਂ ਥਾਵਾਂ ’ਤੇ ਬਣੇ ਮੋਰਚਿਆਂ ਨੂੰ ਚੁੱਕ ਦਿੱਤਾ ਗਿਆ ਹੈ ਇਸ ਕਾਰਵਾਈ ਦੌਰਾਨ ਪੁਲਿਸ ਵੱਲੋਂ ਜ਼ਿਆਦਾ ਬਲ ਦਾ ਪ੍ਰਯੋਗ ਨਹੀਂ ਕੀਤਾ ਗਿਆ ਤੇ ਕਿਸਾਨ ਪੁਲਿਸ ਦੀ ਚਿਤਾਵਨੀ ਤੋਂ ਬਾਅਦ ਖੁਦ ਹੀ ਪੁਲਿਸ ਦੀਆਂ ਗੱਡੀਆਂ ’ਚ ਜਾ ਕੇ ਬੈਠ ਗਏ।

ਸੰਗਰੂਰ ਅਤੇ ਪਟਿਆਲਾ ਜ਼ਿਲੇ੍ਹ ਦੇ ਡਾਕਟਰ ਤੇ ਹਸਪਤਾਲ ਅਲਰਟ ’ਤੇ

ਪੰਜਾਬ ਪੁਲਿਸ ਵੱਲੋਂ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਸੰਗਰੂਰ ਅਤੇ ਪਟਿਆਲਾ ਜ਼ਿਲ੍ਹੇ ਦੇ ਹਸਪਤਾਲਾਂ ਤੇ ਡਾਕਟਰਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ ਤਾਂ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਅਣਸੁਖ਼ਾਵੀਂ ਘਟਨਾ ਵਾਪਰਦੀ ਹੈ ਤਾਂ ਸਿਹਤ ਸੇਵਾਵਾਂ ਮੌਕੇ ’ਤੇ ਦਿੱਤੀ ਜਾ ਸਕੇ। ਹਾਲਾਂਕਿ ਇਸ ਅਲਰਟ ਸਬੰਧੀ ਸਿਹਤ ਵਿਭਾਗ ਦੇ ਅਧਿਕਾਰੀ ਕੁਝ ਵੀ ਕਹਿਣ ਤੋਂ ਸਾਫ਼ ਇਨਕਾਰ ਕਰ ਰਹੇ ਹਨ ਪਰ ਸੂਤਰ ਪੁਸ਼ਟੀ ਕਰ ਰਹੇ ਹਨ ਕਿ ਦੇਰ ਸ਼ਾਮ ਹੀ ਦੋਵਾਂ ਜ਼ਿਲ੍ਹਿਆਂ ਦੇ ਹਸਪਤਾਲ ਅਤੇ ਡਾਕਟਰਾਂ ਨੂੰ ਅਲਰਟ ਕਰ ਦਿੱਤਾ ਗਿਆ ਸੀ ਅਤੇ ਸਾਰੇ ਡਾਕਟਰ ਐਮਰਜੈਂਸੀ ਸੇਵਾਵਾਂ ਦੇਣ ਲਈ ਆਪਣੇ-ਆਪਣੇ ਹਸਪਤਾਲ ਵੀ ਪੁੱਜ ਗਏ ਸਨ।

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਵੀ ਇਸ ’ਤੇ ਦਿੱਤੀ ਪ੍ਰਤੀਕਿਰਿਆ

ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਵਿਚਕਾਰ ਬੁੱਧਵਾਰ ਨੂੰ 7ਵੇਂ ਦੌਰ ਦੀ ਗੱਲਬਾਤ ਹੋਈ। ਸਰਕਾਰੀ ਵਫ਼ਦ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀ ਮੌਜੂਦ ਸਨ। ਕਿਸਾਨ ਆਗੂ ਮੰਤਰੀਆਂ ਨਾਲ ਗੱਲ ਕਰਕੇ ਵਾਪਸ ਆ ਰਹੇ ਸਨ। ਫਿਰ ਮੋਹਾਲੀ ਵਿਖੇ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਵਿੱਚ ਸਰਵਣ ਸਿੰਘ ਪੰਧੇਰ, ਅਭਿਮਨਿਊ ਕੋਹਾੜ, ਜਗਜੀਤ ਸਿੰਘ ਡੱਲੇਵਾਲ, ਸੁਖਵਿੰਦਰ ਕੌਰ, ਕਾਕਾ ਸਿੰਘ ਕੋਟੜਾ ਅਤੇ ਮਨਜੀਤ ਰਾਏ ਸਮੇਤ ਕਈ ਹੋਰ ਕਿਸਾਨ ਆਗੂ ਸ਼ਾਮਲ ਹਨ।

ਦੂਜੇ ਪਾਸੇ, ਸ਼ੰਭੂ ਅਤੇ ਖਨੌਰੀ ਸਰਹੱਦ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ। ਇਸ ਮੌਕੇ ਪੁਲਿਸ ਨੇ ਖਨੌਰੀ ਬਾਰਡਰ ਖਾਲੀ ਕਰਵਾ ਲਿਆ ਹੈ। ਪੁਲਿਸ ਨੇ ਕਿਸਾਨਾਂ ਵੱਲੋਂ ਬਾਰਡਰ ਉਤੇ ਲਾਏ ਹੋਰਡਿੰਗ ਉਤਾਰ ਦਿੱਤੇ ਹਨ ਅਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਉਥੋਂ ਹੱਟਾ ਦਿੱਤਾ ਗਿਆ ਹੈ। ਸ਼ੰਭੂ ਸਰਹੱਦ ’ਤੇ ਕਿਸਾਨਾਂ ਵੱਲੋਂ ਲਗਾਇਆ ਗਿਆ ਸਟੇਜ ਪੁਲਿਸ ਵੱਲੋਂ ਹਟਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਕਾਰਵਾਈ ਜਾਰੀ ਹੈ।

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਵੀ ਇਸ ’ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਰਹੱਦ ’ਤੇ ਚੱਲ ਰਹੇ ਅੰਦੋਲਨ ਦੌਰਾਨ ਇੱਕ ਪਾਸੇ ਸਰਕਾਰ ਕਿਸਾਨ ਸੰਗਠਨਾਂ ਨਾਲ ਗੱਲਬਾਤ ਕਰ ਰਹੀ ਹੈ ਅਤੇ ਦੂਜੇ ਪਾਸੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ। ਅਸੀਂ ਪੰਜਾਬ ਸਰਕਾਰ ਦੀ ਇਸ ਕਾਰਵਾਈ ਦੀ ਸਖ਼ਤ ਨਿੰਦਾ ਕਰਦੇ ਹਾਂ। ਸਾਰੀਆਂ ਕਿਸਾਨ ਜਥੇਬੰਦੀਆਂ ਹਰ ਸੰਘਰਸ਼ ਲਈ ਤਿਆਰ ਹਨ।