ਸੋਨਾਲੀ ਫੋਗਾਟ ਕੇਸ : ਗੋਆ ਪੁਲਿਸ ਦੀ ਵੱਡੀ ਕਾਰਵਾਈ, ਕਲੱਬ ਦੇ ਮਾਲਿਕ ਨੂੰ ਕੀਤਾ ਗ੍ਰਿਫ਼ਤਾਰ
ਪਣਜੀ (ਸੱਚ ਕਹੂੰ ਬਿਊਰੋ)। ਭਾਜਪਾ ਆਗੂ ਸੋਨਾਲੀ ਫੋਗਾਟ ਦਾ ਅੰਤਿਮ ਸੰਸਕਾਰ ਕੱਲ੍ਹ ਹਰਿਆਣਾ ਦੇ ਹਿਸਾਰ ਵਿੱਚ ਉਨ੍ਹਾਂ ਦੇ ਜੱਦੀ ਘਰ ਵਿੱਚ ਹੋਇਆ। ਇਸ ਦੇ ਨਾਲ ਹੀ ਅੱਜ ਗੋਆ ਤੋਂ ਇਸ ਮਾਮਲੇ ’ਚ ਵੱਡੀ ਖਬਰ ਸਾਹਮਣੇ ਆ ਰਹੀ ਹੈ। ਗੋਆ ਪੁਲਿਸ ਨੇ ਕਰਲੀ ਕਲੱਬ ਦੇ ਮਾਲਕ ਨੂੰ ਗਿ੍ਰਫਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਕਲੱਬ ਦੇ ਬਾਥਰੂਮ ਵਿੱਚੋਂ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੋਸਟਮਾਰਟਮ ਰਿਪੋਰਟ ’ਚ ਇਹ ਗੱਲ ਸਾਹਮਣੇ ਆਈ ਸੀ ਕਿ ਸੋਨਾਲੀ ਫੋਗਾਟ ਦੇ ਸਰੀਰ ’ਤੇ ਸੱਟਾਂ ਦੇ ਕਈ ਨਿਸ਼ਾਨ ਸਨ। ਪੁਲਿਸ ਨੇ ਫੋਗਾਟ ਦੇ ਪੀਏ ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਨੂੰ ਪਹਿਲਾਂ ਹੀ ਗਿ੍ਰਫਤਾਰ ਕਰ ਲਿਆ ਸੀ।
ਪਰਿਵਾਰ ਦੇ ਦੋਸ਼
ਪਰਿਵਾਰ ਦੀ ਸਹਿਮਤੀ ਤੋਂ ਬਾਅਦ ਗੋਆ ’ਚ ਕਰਵਾਏ ਗਏ ਪੋਸਟਮਾਰਟਮ ’ਚ ਸਰੀਰ ’ਤੇ ਕਈ ਸੱਟਾਂ ਦਾ ਜ਼ਿਕਰ ਕੀਤਾ ਗਿਆ ਹੈ। ਸੋਨਾਲੀ ਦੇ ਜੀਜਾ ਅਮਨ ਪੂਨੀਆ ਨੇ ਦੋਸ਼ ਲਾਇਆ ਕਿ ਸੋਨਾਲੀ ਦੀ ਮੌਤ ਪਿੱਛੇ ਸਿਆਸੀ ਸਾਜ਼ਿਸ਼ ਅਤੇ ਨਿੱਜੀ ਸਹਾਇਕ ਸੁਧੀਰ ਅਤੇ ਸੁਖਵਿੰਦਰ ਦਾ ਹੱਥ ਹੈ।
ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਪਰਿਵਾਰ ਲਿਖਤੀ ਰੂਪ ਵਿੱਚ ਮੰਗ ਕਰਦਾ ਹੈ ਤਾਂ ਸੂਬਾ ਸਰਕਾਰ ਸੀਬੀਆਈ ਜਾਂਚ ਲਈ ਤਿਆਰ
ਇਸ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਜੇਕਰ ਸੋਨਾਲੀ ਦਾ ਪਰਿਵਾਰ ਲਿਖਤੀ ਤੌਰ ’ਤੇ ਮੰਗ ਕਰਦਾ ਹੈ ਤਾਂ ਸੂਬਾ ਸਰਕਾਰ ਯਕੀਨੀ ਤੌਰ ’ਤੇ ਉਸ ਦੀ ਮੌਤ ਦੀ ਕੇਂਦਰੀ ਜਾਂਚ ਬਿਊਰੋ ਤੋਂ ਜਾਂਚ ਕਰਵਾਏਗੀ। ਸਰਕਾਰ ਨੂੰ ਜਾਂਚ ਕਰਵਾਉਣ ਵਿੱਚ ਕੋਈ ਇਤਰਾਜ਼ ਨਹੀਂ ਹੈ।
ਭਾਜਪਾ ਆਗੂ ਸੋਨਾਲੀ ਫੋਗਾਟ ਦਾ ਅੰਤਿਮ ਸਸਕਾਰ ਕੱਲ੍ਹ ਹੋਇਆ
ਭਾਰਤੀ ਜਨਤਾ ਪਾਰਟੀ ਦੀ ਨੇਤਾ ਅਤੇ ਟਿਕ-ਟਾਕ ਸਟਾਰ ਸੋਨਾਲੀ ਫੋਗਾਟ ਦਾ ਸ਼ੁੱਕਰਵਾਰ ਨੂੰ ਦੁਪਹਿਰ 12.30 ਵਜੇ ਹਰਿਆਣਾ ਦੇ ਹਿਸਾਰ ’ਚ ਉਨ੍ਹਾਂ ਦੇ ਜੱਦੀ ਸਥਾਨ ’ਤੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਸਵੇਰੇ ਕਰੀਬ 10.15 ਵਜੇ ਸੋਨਾਲੀ ਦੀ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਹਿਸਾਰ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਤੋਂ ਉਸ ਦੇ ਢੰਡੂਰ ਫਾਰਮ ਹਾਊਸ ਲਿਆਂਦਾ ਗਿਆ। ਇਸ ਦੌਰਾਨ ਲੋਕ ‘ਸੋਨਾਲੀ ਅਮਰ ਰਹੇ’ ਅਤੇ ‘ਸੋਨਾਲੀ ਦੇ ਕਾਤਲਾਂ ਨੂੰ ਫਾਂਸੀ ਦਿਓ’ ਦੇ ਨਾਅਰੇ ਲਗਾਉਂਦੇ ਰਹੇ। ਉਨ੍ਹਾਂ ਦੀ ਅੰਤਿਮ ਯਾਤਰਾ ਰਿਸ਼ੀ ਨਗਰ ਸ਼ਮਸ਼ਾਨਘਾਟ ਲਈ ਰਵਾਨਾ ਹੋਈ ਜਿੱਥੇ ਬੇਟੀ ਯਸ਼ੋਧਰਾ ਨੇ ਉਨ੍ਹਾਂ ਦੇ ਸਰੀਰ ਨੂੰ ਮੋਢਾ ਦਿੱਤਾ।
ਸੋਨਾਲੀ ਦੀ ਇਕਲੌਤੀ ਬੇਟੀ ਯਸ਼ੋਧਰਾ ਦੇ ਪਿਤਾ ਦਾ 2016 ’ਚ ਦਿਹਾਂਤ ਹੋ ਗਿਆ ਸੀ। ਸੋਨਾਲੀ ਦੇ ਸਰੀਰ ’ਤੇ ਸਨਮਾਨ ਚਿੰਨ੍ਹ ਵਜੋਂ ਭਾਜਪਾ ਦਾ ਝੰਡਾ ਲਗਾਇਆ ਗਿਆ। ਹਿਸਾਰ ਨਗਰ ਨਿਗਮ ਦੇ ਮੇਅਰ ਗੌਤਮ ਸਰਦਾਨਾ, ਸਾਬਕਾ ਮੰਤਰੀ ਸੰਪਤ ਸਿੰਘ ਤੋਂ ਇਲਾਵਾ ਨਵੀਨ ਜੈਹਿੰਦ ਵੀ ਸੋਨਾਲੀ ਨੂੰ ਸ਼ਰਧਾਂਜਲੀ ਦੇਣ ਲਈ ਸ਼ਮਸ਼ਾਨਘਾਟ ਪਹੁੰਚੇ। ਕੁਝ ਦਿਨ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਕੁਲਦੀਪ ਬਿਸ਼ਨੋਈ ਸੋਨਾਲੀ ਨੂੰ ਸ਼ਰਧਾਂਜਲੀ ਦੇਣ ਲਈ ਸ਼ਮਸ਼ਾਨਘਾਟ ਪਹੁੰਚੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ