ਕਈ ਵਾਰ ਬਹੁਤ ਨੇੜੇ ਹੁੰਦੇ ਹਨ ਬੇਨਾਮ ਰਿਸ਼ਤੇ

fd

ਕਈ ਵਾਰ ਬਹੁਤ ਨੇੜੇ ਹੁੰਦੇ ਹਨ ਬੇਨਾਮ ਰਿਸ਼ਤੇ

ਆ ਓਏ ਪੁਰਾਣਿਆ ਯਾਰਾ! ਬੜੇ ਦਿਨਾਂ ਬਾਅਦ ਮਿਲਿਆ ਏਂ।’’(Sometimes anonymous relationships are very close) ਅੱਜ ਲੰਮੇ ਵਕਫੇ ਬਾਅਦ ਬਾਈ ਵੀਰੂ ਨੂੰ ਦੇਖਿਆ, ਜੋ ਆਪਣੇ ਇੱਕ ਗੁਆਂਢੀ ਨਾਲ ਸੜਕ ਦੇ ਕਿਨਾਰੇ ਕੁਰਸੀ ’ਤੇ ਬੈਠਾ ਸੀ। ਮੈਂ ਆਪਣਾ ਮੋਟਸਾਈਕਲ ਰੋਕ ਲਿਆ, ਸੋਚਿਆ ਬਾਈ ਨੂੰ ਮਿਲ ਕੇ ਚੱਲਦੇ ਹਾਂ। ਉਹ ਆਪਣੀ ਚਾਰ ਪਾਵਿਆਂ ਵਾਲੀ ਲੋਹੇ ਦੀ ਖੂੰਡੀ ਨਾਲ ਬੜਾ ਔਖਾ ਜਿਹਾ ਹੋ ਕੇ ਮੈਨੂੰ ਮਿਲਣ ਲਈ ਉੱਠਿਆ ਤੇ ਮੈਨੂੰ ਮੋਟਰਸਾਈਕਲ ’ਤੇ ਬੈਠੇ ਨੂੰ ਘੁੱਟ ਕੇ ਜੱਫੀ ਪਾ ਕੇ ਮਿਲਿਆ ਤੇ ਹੁਣ ਮੈਂ ਪਸ਼ੇਮਾਨੀ ਮਹਿਸੂਸ ਕਰ ਰਿਹਾ ਹਾਂ ਕਿ ਭਲਿਆ ਲੋਕਾ, ਉਹ ਤਾਂ ਬਿਮਾਰ ਹੋਣ ਕਰਕੇ ਕੁਰਸੀ ਤੋਂ ਬੜੀ ਮੁਸ਼ਕਲ ਨਾਲ ਉੱਠ ਕੇ ਤੇਰੇ ਤੱਕ ਪਹੁੰਚਿਆ ਸੀ ਤੇ ਜੇ ਤੂੰ ਮੋਟਰਸਾਈਕਲ ਤੋਂ ਉੱਤਰ ਕੇ ਉਸ ਨੂੰ ਮਿਲ ਲੈਂਦਾ, ਤੇਰਾ ਕੁਝ ਘਸਦਾ ਸੀ?

ਖੈਰ! ਮੁਖਤਸਰ ਮੈਂ ਅਰਜ ਕਰਾਂ। 1998-99 ’ਚ ਮੈਨੂੰ ਤਾਸ਼ ਖੇਡਣ ਦੀ ਬੜੀ ਚੱਸ ਰਹਿੰਦੀ ਸੀ। ਪਰ ਜੂਆ ਕਦੇ ਨਹੀਂ ਖੇਡਿਆ। ਸੀਪ ਖੇਡਣੀ। ਉਸ ਸਮੇਂ ਸਾਡੇ ਦਫਤਰ ਦਾ ਸਮਾਂ ਸਵੇਰੇ ਸੱਤ ਵਜੇ ਤੋਂ ਦੁਪਹਿਰ ਡੇਢ ਵਜੇ ਤੱਕ ਹੁੰਦਾ ਸੀ। ਸਵੇਰੇ-ਸਵੇਰੇ ਲੋਕਾਂ ਦੇ ਸੁੱਤੇ-ਸੁੱਤੇ ਦਫਤਰ ਪਹੁੰਚ ਜਾਣਾ ਤੇ ਦੁਪਹਿਰੇ ਦੋ ਵਜੇ ਤੱਕ ਘਰ ਆ ਜਾਣਾ। ਉਦੋਂ ਰੁਝੇਂਵੇ ਘੱਟ ਹੁੰਦੇ ਸਨ। ਦੁਪਹਿਰੇ ਕਿੰਨਾ ਕੁ ਚਿਰ ਸੁੱਤਾ ਜਾ ਸਕਦਾ ਸੀ! ਰੋਟੀ ਖਾ ਕੇ ਤਿੰਨ ਵਾਲੀ ਚਾਹ ਪੀ ਕੇ ਗਲੀ ਦੀ ਨੁੱਕਰ ਵਾਲੀ ਦੁਕਾਨ ਦੇ ਥੜੇ੍ਹ ’ਤੇ ਆ ਬੈਠਣਾ ਤੇ ਇੱਕ ਸੇਵਾ ਮੁਕਤ ਬਜ਼ੁਰਗ ਸਿਪਾਹੀ ਵੀ ਮੇਰੇ ਵਾਂਗ ਵਿਹਲਾ ਹੀ ਹੁੰਦਾ ਸੀ, ਜੋ ਮੇਰਾ ਬਾਬਾ ਵੀ ਲੱਗਦਾ ਸੀ।

ਇੱਕ ਦਿਨ ਕੁਦਰਤੀਂ ਅਸੀਂ ਦੋ-ਤਿੰਨ ਜਣੇ ਵਿਹਲੇ ਬੈਠੇ ਗੱਲਾਂ ਕਰ ਰਹੇ ਸਾਂ। ਉੱਤੋਂ ਬਾਬਾ ਆ ਗਿਆ ਤੇ ਕਹਿਣ ਲੱਗਿਆ, ‘‘ਓ ਮੁੰਡਿਓ, ਵਿਹਲੇ ਬੈਠੇ ਹੋ, ਤਾਸ਼-ਤੂਸ਼ ਖੇਡ ਲਿਆ ਕਰੋ। ਬੱਸ ਫਿਰ ਕੀ ਸੀ, ਜਿਹੜੀ ਦੁਕਾਨ ’ਤੇ ਬੈਠੇ ਸੀ, ਉੱਥੋਂ ਹੀ ਨਵੀਂ ਤਾਸ਼ ਖਰੀਦ ਲਈ ਤੇ ਲੱਗ ਪਏ ਤਾਸ਼ ਖੇਡਣ ਤੇ ਇਹ ਦਸਤੂਰ ਅੱਜ ਤੋਂ ਸਾਲ-ਡੇਢ ਸਾਲ ਪਹਿਲਾਂ ਤੱਕ ਜਾਰੀ ਰਿਹਾ। ਉਦੋਂ ਮੈਨੂੰ ਤਾਸ਼ ਦੀ ਏਨੀ ਬੁਰੀ ਆਦਤ ਸੀ ਕਿ ਕਿਸੇ ਦੇ ਮਰਨੇ ’ਤੇ ਤਾਂ ਕੀ, ਕਿਸੇ ਦੇ ਵਿਆਹ-ਸ਼ਾਦੀ ’ਤੇ ਜਾਣਾ ਵੀ ਮੈਨੂੰ ਔਖਾ ਲੱਗਦਾ। ਪਰ ਬਾਅਦ ਵਿੱਚ ਮੈਂ ਆਪਣੇ ਪਰਿਵਾਰਕ ਤੇ ਦਫਤਰੀ ਰੁਝੇਵਿਆਂ ਕਾਰਨ ਤਾਸ਼ ਖੇਡਣੀ ਉੱਕਾ ਹੀ ਛੱਡ ਗਿਆ।

ਮੈਂ ਤੇ ਵੀਰੂ ਸਿੰਘ, ਅਸੀਂ ਦੋਵੇਂ ਸਾਥੀ ਹੁੰਦੇ। ਇਕੱਲੇ-ਇਕੱਲੇ ਕਿਸੇ ਹੋਰ ਦੇ ਸਾਥ ਵਿਚ ਜਾਂ ਤਾਂ ਅਸੀਂ ਖੇਡਦੇ ਨਾ ਤੇ ਜੇ ਖੇਡਦੇ ਤਾਂ ਹਾਰ ਜਾਂਦੇ। ਵੀਰੂ ਸਿੰਘ ਮੈਥੋਂ ਕੋਈ ਦਸ-ਪੰਦਰਾਂ ਸਾਲ ਵੱਡਾ ਹੋਵੇਗਾ ਤੇ ਉਹ ਮੈਨੂੰ ਲੱਗਦਾ ਵੀ ਵੱਡੇ ਭਰਾਵਾਂ ਵਰਗਾ। ਅਸੀਂ ਬਿਨਾਂ ਕਿਸੇ ਇਸ਼ਾਰੇ ਜਾਂ ਬੇਈਮਾਨੀ ਤੋਂ ਖੇਡਦੇ ਤੇ ਜਿੱਤਦੇ ਵੀ। ਕਦੇ ਪੱਤਾ ਨਾ ਪੈਂਦਾ ਤਾਂ ਕਹਿਣਾ ਹੀ ਕੀ ਸੀ। ਸਾਨੂੰ ਇੱਕ-ਦੂਸਰੇ ਦੀ ਖੇਡ ਦਾ ਪੂਰਾ ਭੇਦ ਹੁੰਦਾ ਕਿ ਇੱਕ-ਦੂਸਰੇ ਦੇ ਹੱਥ ਵਿੱਚ ਹੁਣ ਕਿਹੜੇ ਪੱਤੇ ਹਨ, ਅੱਗੋਂ ਸਾਡੀ ਖੇਡ ਕੀ ਹੋਵੇਗੀ ਤੇ ਖੇਡ ਦੇ ਅੰਤ ਵਿੱਚ ਅਸੀਂ ਕਿਸ ਤਰ੍ਹਾਂ ਪਾਸਾ ਪਲਟਣਾ ਹੈ, ਅਸੀਂ ਬਿਨਾਂ ਇਸ਼ਾਰੇ ਤੋਂ ਇੱਕ-ਦੂਸਰੇ ਦੀ ਖੇਡ ਸਮਝਦੇ ਹੁੰਦੇ। ਸਾਡੇ ਇਕੱਠੇ ਖੇਡਣ ਦੀ ਇੱਕ ਸਭ ਤੋਂ ਵੱਡੀ ਵਜ੍ਹਾ ਇਹ ਸੀ ਕਿ ਕਿਸੇ ਸਮੇਂ ਹਾਰ ਜਾਣ ਕਾਰਨ ਅਸੀਂ ਇੱਕ-ਦੂਸਰੇ ਨੂੰ ਦੋਸ਼ ਨਹੀਂ ਦਿੰਦੇ ਸੀ।

ਵੀਰੂ ਸਿੰਘ ਨਾਲ ਮੇਰਾ ਸਨੇਹ ਇਸ ਕਰਕੇ ਵੀ ਹੈ ਕਿ ਉਸ ਦੇ ਪਿੰਡ ਦਾ ਇੱਕ ਪੁਲਿਸ ਮੁਲਾਜ਼ਮ ਮੇਰਾ ਗੁਰਭਾਈ ਹੈ। ਜਦ ਅਸੀਂ ਦੋਵੇਂ ਖੇਡਦੇ ਤਾਂ ਬਹੁਤ ਘੱਟ ਹਰਦੇ ਸਾਂ। ਬਲਕਿ ਅਸੀਂ ਕਈ ਘਾਗ ਖਿਡਾਰੀ ਵੀ ਕਈ ਵਾਰ ਹਰਾਏ ਸਨ, ਜਿਹੜੇ ਤਾਸ਼ ਦੇ ਬਵੰਜਾ ਪੱਤੇ ਯਾਦ ਰੱਖਣ ਦੀ ਸਮਰੱਥਾ ਰੱਖਦੇ ਸਨ, ਕਿਉਂਕਿ ਸੀਪ ਦਾ ਇਹੀ ਸਭ ਤੋਂ ਵੱਡਾ ਫਾਰਮੂਲਾ ਹੁੰਦਾ ਹੈ ਕਿ ਬਵੰਜਾ ਦੇ ਬਵੰਜਾ ਪੱਤੇ ਯਾਦ ਰੱਖੇ ਜਾਣ ਤੇ ਸਾਥੀ ਦੀ ਖੇਡ ਸਮਝੀ ਜਾਵੇ।

ਤਾਸ਼ ਤਾਂ ਤਾਸ਼, ਵੀਰੂ ਸਿੰਘ ਨਾਲ ਹੁਣ ਵੀ ਮੇਰਾ ਓਹੀ ਸਨੇਹ ਹੈ। ਗੱਲ ਰਮਜ਼ਾਂ ਸਮਝਣ ਦੀ ਹੈ, ਚੰਗੇ-ਮਾੜੇ ਸਮੇਂ ਵਿੱਚ ਇੱਕ-ਦੂਸਰੇ ਦਾ ਸਾਥ ਦੇਣ ਦੀ ਹੈ, ਜਿੰਦਗੀ ਵਿਚ ਨੁਕਸਾਨ ਹੋਣ ਕਾਰਨ ਇੱਕ-ਦੂਸਰੇ ਨੂੰ ਦੋਸ਼ ਦੇਣ ਦੀ ਬਜਾਏ ਉਸ ਦਾ ਹੱਲ ਕੱਢਣ ਦੀ ਹੈ। ਇਹੀ ਨੁਕਤੇ ਸਾਡੀ ਜ਼ਿੰਦਗੀ ਵਿੱਚ ਹਾਰ ਦਾ ਅੰਕੜਾ ਘਟਾ ਸਕਦੇ ਹਨ।

ਮੋ. 99889-95533

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ