ਛਿੱਕਲੀ
ਡੇਢ ਮਹੀਨੇ ਦੇ ਲਾਕਡਾਊਨ ਤੋਂ ਬਾਅਦ ਅੱਜ ਮਿਲੀ ਢਿੱਲ ‘ਚ ਸ਼ਹਿਰੋਂ ਦਿਹਾੜੀ ਕਰਕੇ ਪਿੰਡ ਮੁੜਦੇ ਜੋਗੇ ਦੀ ਨਿਗ੍ਹਾ ਜਿਉਂ ਹੀ ਚੌਂਕ ‘ਚ ਬਿਨਾ ਮੂੰਹ ਢੱਕੇ ਲੋਕਾਂ ਦੇ ਚਲਾਨ ਕੱਟਦੀ ਪੁਲਿਸ ‘ਤੇ ਪਈ ਉਸ ਨੂੰ ਆਪਣੇ ਦਿਨ ਭਰ ਦੀ ਸਖ਼ਤ ਮਿਹਨਤ ਕਰਕੇ ਕਮਾਏ ਸਾਢੇ ਤਿੰਨ ਸੌ ਰੁਪਏ ਖੁੱਸਦੇ ਜਾਪੇ ਘਰ ਬੇਸਬਰੀ ਨਾਲ ਉਡੀਕ ਰਹੇ ਭੁੱਖਣ ਭਾਣੇ ਨਿਆਣਿਆਂ ਦੇ ਮਾਸੂਮ ਚਿਹਰੇ ਤੇ ਆਟੇ ਖੁਣੋਂ ਖਾਲੀ ਹੋਇਆ ਭੜੋਲਾ ਉਸਦੀਆਂ ਅੱਖਾਂ ਅੱਗੇ ਘੁੰਮ ਗਏ ਤਾਂ ਫੁਰਤੀ ਨਾਲ ਉਸ ਨੇ ਆਪਣਾ ਟੁੱਟਿਆ ਪੁਰਾਣਾ ਜਿਹਾ ਸਾਈਕਲ ਉਲਟ ਦਿਸ਼ਾ ਵੱਲ ਮੋੜਨਾ ਹੀ ਬਿਹਤਰ ਸਮਝਿਆ ਘੁੰਮਣਘੇਰੀਆਂ ‘ਚ ਉਲਝੇ ਜੋਗੇ ਨੂੰ ਕੁੱਝ ਨਹੀਂ ਸੀ ਅਹੁੜ ਰਿਹਾ ਜਿਹੜਾ ਜੋਗਾ ਪਲ ਭਰ ਪਹਿਲਾਂ ਪਿੰਡ ਪਹੁੰਚਣ ਲਈ ਕਾਹਲਾ ਸੀ
ਹੁਣ ਸਾਈਕਲ ਦਬੱਲਦਾ ਪਿੰਡ ਦੀ ਵਿੱਥ ਵਧਾ ਰਿਹਾ ਸੀ ਅਚਾਨਕ ਉਸ ਨੂੰ ਇੱਕ ਮੈਡੀਕਲ ਸਟੋਰ ਦਿਸਿਆ ਤਾਂ ਉਹ ਉੱਥੇ ਜਾ ਪਹੁੰਚਿਆ, ”ਆਹ ਮੂੰਹ ‘ਤੇ ਲਾਉਣ ਆਲੀ ਇੱਕ ਛਿੱਕਲੀ ਜਿਹੀ ਦਿਓ ਜੀ!” ਇਹ ਸੁਣਦਿਆਂ ਹੀ ਕੈਮਿਸਟ ਦੇ ਨਾਲ ਦੁਕਾਨ ‘ਤੇ ਖੜ੍ਹੇ ਦੂਜੇ ਗ੍ਰਾਹਕ ਵੀ ਹੱਸ-ਹੱਸ ਦੂਹਰੇ ਹੋ ਗਏ ”ਕ… ਕੀ ਹੋਇਆ ਜੀ?”
ਪਹਿਲਾਂ ਤੋਂ ਹੀ ਪਰੇਸ਼ਾਨ ਜੋਗੇ ਨੇ ਚਿਹਰੇ ਤੋਂ ਮੁੜ੍ਹਕੇ ਦੀ ਘਰਾਲ ਪੂੰਝਦਿਆਂ ਬੇਚਾਰਗੀ ਨਾਲ ਪੁੱਛਿਆ ”ਛਿੱਕਲੀ ਨ੍ਹੀਂ ਉਹ ਮਾਸਕ ਹੁੰਦਾ!” ਕੈਮਿਸਟ ਨੇ ਬੜੀ ਮੁਸ਼ਕਲ ਨਾਲ ਹਾਸਾ ਰੋਕਦਿਆਂ ਕਿਹਾ ”ਓ ਅੱਛਾ-ਅੱਛਾ ਤਾਂ ਇਸ ਗੱਲੋਂ ਹੱਸ ਰਹੇ ਹੋ, ਚੱਲੋ ਕੋਈ ਨਾ ਫੇਰ ਤਾਂ ਹੋਰ ਹੱਸ ਲਓ ਮੈਨੂੰ ਰਤਾ ਫਰਕ ਨ੍ਹੀਂ ਪੈਣਾ ਕਿਉਂਕਿ ਮੈਂ ਤਾਂ ਠਹਿਰਿਆ ਹੀ ਅਨਪੜ੍ਹ-ਗਵਾਰ ਬੰਦਾ ਪਰ ਉਹ ਵਿਕਸਿਤ ਦੇਸ਼ਾਂ ਦੀ ਮੂਹਰਲੀ ਕਤਾਰ ‘ਚ ਸੁਮਾਰ ਵਿਸ਼ਵ ਸ਼ਕਤੀ ਬਣਨ ਦੇ ਖੁਆਬ ਦੇਖਣ ਵਾਲੇ ਮੁਲਕ ਜਿਸ ਦੀ ਨਾਲਾਇਕੀ ਸਦਕਾ ਇਹ ਭਿਆਨਕ ਲਾਇਲਾਜ ਮਹਾਂਮਾਰੀ ਅਣਗਿਣਤ ਦੇਸ਼ਾਂ ‘ਚ ਆਪਣੇ ਪੈਰ ਪਸਾਰ ਕੇ ਲਾਸ਼ਾਂ ਦੇ ਢੇਰ ਵਿਛਾ ਰਹੀ ਹੈ ‘ਤੇ ਹਰ ਕੋਈ ਏਨਾ ਖੌਫਜ਼ਦਾ ਹੋ ਗਿਆ
ਕਿ ਮੇਰੇ ਵਰਗੇ ਗਰੀਬ ਦਿਹਾੜੀਦਾਰ ਤੱਕ ਨੂੰ ਇਹ ਛਿੱਕਲੀ ਪਾਉਣ ਦੀ ਨੌਬਤ ਲਿਆ ਦਿੱਤੀ ਯਕੀਨ ਮੰਨਿਓ ਮੈਨੂੰ ਤਾਂ ਉਸ ਡੁੱਲ੍ਹ-ਡੁੱਲ੍ਹ ਪੈਂਦੀ ਅਕਲ ਵਾਲੇ ਮੁਲਕ ਦੀ ਬੇਅਕਲੀ ‘ਤੇ ਅੱਜ ਬੜਾ ਹਾਸਾ ਆ ਰਿਹਾ ਹੈ” ਅਣਮੰਨੇ ਮਨ ਨਾਲ ਮੁਸਕੁਰਾਉਂਦੇ ਸਿੱਧੇ-ਪੱਧਰੇ ਜੋਗੇ ਦੀ ਦਲੀਲ ਭਰੀ ਟਿੱਪਣੀ ਸੁਣ ਹੁਣ ਜਿਵੇਂ ਸਾਰੇ ਹੱਸਣਾ ਹੀ ਭੁੱਲ ਗਏ
ਨੀਲ ਕਮਲ ਰਾਣਾ, ਦਿੜ੍ਹਬਾ
ਮੋ. 98151-71874
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ