ਦੀਵਾਲੀ ਤੋਂ ਬਾਅਦ ਸਥਿਤੀ ਹੋਈ ਗੰਭੀਰ, 29 ਅਕਤੂਬਰ ਨੂੰ 1602 ਥਾਵਾਂ ‘ਤੇ ਲੱਗੀ ਪਰਾਲੀ ਨੂੰ ਅੱਗ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਦੀਵਾਲੀ ਦੇ ਤਿਉਹਾਰ ਤੋਂ ਬਾਅਦ ਆਸਮਾਨ ਅੰਦਰ ਬਣੇ ਗੁੰਬਦ ਗੁਬਾਰ ਨੇ ਪੰਜਾਬ ਦੇ ਲੋਕਾਂ ਦੇ ਸਾਹ ਫੁਲਾ ਦਿੱਤੇ ਹਨ। ਆਲਮ ਇਹ ਹੈ ਧੂੰਏਂ ਕਾਰਨ ਆਬੋ-ਹਵਾ ਬੁਰੀ ਤਰ੍ਹਾਂ ਪਲੀਤ ਹੋ ਗਈ ਹੈ। ਪਰਾਲੀ ਨੂੰ ਅੱਗ ਲਗਾਤਾਰ ਲਾਈ ਜਾ ਰਹੀ ਹੈ। ਸੂਬੇ ਅੰਦਰ 29 ਅਕਤੂਬਰ ਨੂੰ ਇੱਕ ਦਿਨ ‘ਚ 1600 ਤੋਂ ਵੱਧ ਥਾਵਾਂ ‘ਤੇ ਪਰਾਲੀ ਨੂੰ ਅੱਗ ਲਗਾਈ ਗਈ ਹੈ। ਦੀਵਾਲੀ ਤੋਂ ਬਾਅਦ ਪੰਜਾਬ ਅੰਦਰ ਸੂਰਜ ਦੀ ਚਮਕ ਫਿੱਕੀ ਪਈ ਹੈ ਤੇ ਸ਼ਾਮ ਨੂੰ ਜਲਦੀ ਹਨ੍ਹੇਰਾ ਹੋ ਰਿਹਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਆਸਮਾਨ ‘ਚੋਂ ਬਿਮਾਰੀ ਡਿੱਗ ਰਹੀ ਹੈ। ਇਸ ਲਈ ਆਮ ਲੋਕਾਂ ਨੂੰ ਬਾਹਰ ਦੀ ਥਾਂ ਘਰਾਂ ਵਿੱਚ ਹੀ ਰਹਿਣ ਦੀਆਂ ਸਲਾਹਾਂ ਦਿੱਤੀਆਂ ਜਾ ਰਹੀਆਂ ਹਨ। ਜਾਣਕਾਰੀ ਅਨੁਸਾਰ ਦੀਵਾਲੀ ਦਾ ਤਿਉਹਾਰ ਲੰਘਣ ਤੋਂ ਬਾਅਦ ਪੰਜਾਬ ਅੰਦਰ ਦਿਨੇ ਹੀ ਹਨੇਰਾ ਹੋਣ ਲੱਗਾ ਹੈ।
ਉਂਜ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਦੀਵਾਲੀ ਵਾਲੇ ਦਿਨ ਆਬੋ-ਹਵਾ ਸੁਧਰਨ ਦੀ ਗੱਲ ਕਹੀ ਗਈ ਹੈ, ਪਰ ਇਹ ਅੰਕੜੇ ਹਜਮ ਨਹੀਂ ਹੋ ਰਹੇ। ਕਿਉਂਕਿ ਦੀਵਾਲੀ ਤੋਂ ਬਾਅਦ ਪੰਜਾਬ ਦੀ ਆਬੋ-ਹਵਾ ਇਕਦਮ ਹੀ ਬਦਲ ਗਈ ਹੈ। ਮਾਲਵਾ ਖਿੱਤੇ ‘ਚ ਝੋਨੇ ਦਾ ਸੀਜ਼ਨ ਭਖਿਆ ਹੋਇਆ ਹੈ, ਜਿਸ ਕਾਰਨ ਕਿਸਾਨਾਂ ਵੱਲੋਂ ਰੋਜ਼ਾਨਾ ਹੀ ਅੱਗ ਲਾਉਣ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਹਾਸਲ ਹੋਏ ਵੇਰਵਿਆ ਮੁਤਾਬਿਕ ਦੀਵਾਲੀ ਵਾਲੇ ਦਿਨ 27 ਅਕਤੂਬਰ ਨੂੰ ਕਿਸਾਨਾਂ ਵੱਲੋਂ ਸੂਬੇ ਅੰਦਰ 2231 ਥਾਵਾਂ ‘ਤੇ ਅੱਗ ਲਗਾਈ ਗਈ ਸੀ। ਉੱਪਰੋਂ ਆਤਿਸਬਾਜ਼ੀ ਦੇ ਫੈਲੇ ਪ੍ਰਦੂਸ਼ਣ ਨੇ ਸਥਿਤੀ ਹੋਰ ਗੰਭੀਰ ਕਰ ਦਿੱਤੀ ਹੈ। 28 ਅਕਤੂਬਰ ਨੂੰ ਪੰਜਾਬ ਅੰਦਰ 3105 ਥਾਵਾਂ ‘ਤੇ ਪਰਾਲੀ ਨੂੰ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਏ ਹਨ। ਇਸ ਦਿਨ ਦੁਪਹਿਰ ਵੇਲੇ ਹੀ ਮਾਲਵਾ ਖਿੱਤੇ ਵਿੱਚ ਹਨ੍ਹੇਰਾ ਛਾ ਗਿਆ ਸੀ। 29 ਅਕਤੂਬਰ ਨੂੰ 1602 ਥਾਵਾਂ ‘ਤੇ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੇ ਮਾਮਲੇ ਆਏ ਹਨ। ਇਸ ਦਿਨ ਵੀ ਸਥਿਤੀ ਹੋਰ ਨਾਜੁਕ ਹੋ ਗਈ ਤੇ ਸੂਰਜ ਦੇਵਤਾ ਧੂੰਏ ਨੇ ਦੱਬ ਲਿਆ।
ਅਗਲੇ ਦਿਨਾਂ ਵਿੱਚ ਸਥਿਤੀ ਹੋਰ ਵਿਗੜਨ ਦੀ ਕਿਆਸੇ ਹਨ ਕਿਉਂਕਿ ਮਾਲਵਾ ਖਿੱਤੇ ‘ਚ ਝੋਨੇ ਦੀ ਵਢਾਈ ਦਾ ਸੀਜ਼ਨ ਪੀਕ ਤੇ ਹੈ ਤੇ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ‘ਚ ਵਾਧਾ ਹੋਵੇਗਾ। ਮੁੱਖ ਮੰਤਰੀ ਦੇ ਜ਼ਿਲ੍ਹੇ ਪÎਟਿਆਲਾ ਅੰਦਰ 29 ਅਕਤੂਬਰ ਦੀ ਸ਼ਾਮ ਤੱਕ 1635 ਥਾਵਾਂ ‘ਤੇ ਅੱਗ ਲਗਾਈ ਜਾ ਚੁੱਕੀ ਹੈ ਜਦਕਿ ਮਾਝੇ ਦੇ ਤਰਨਤਾਰਨ ਜ਼ਿਲ੍ਹੇ ਅੰਦਰ 2327 ਥਾਵਾਂ ‘ਤੇ ਅੱਗ ਲਗਾਉਣ ਦੀਆਂ ਘਟਨਾਵਾਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸੈਟੇਲਾਈਨ ਵੱਲੋਂ ਦਰਜ਼ ਕੀਤੀਆਂ ਗਈਆਂ ਹਨ। ਫਿਰੋਜ਼ਪੁਰ ਜ਼ਿਲ੍ਹੇ ਅੰਦਰ ਹੁਣ ਤੱਕ 1941 ਥਾਵਾਂ ‘ਤੇ ਅੱਗ ਲਗਾਈ ਜਾ ਚੁੱਕੀ ਹੈ ਜਦਕਿ ਸੰਗਰੂਰ ਜ਼ਿਲ੍ਹੇ ਅੰਦਰ ਪਰਾਲੀ ਨੂੰ ਅੱਗ ਲਗਾਉਣ ਦੀਆਂ 1607 ਮਾਮਲੇ ਸਾਹਮਣੇ ਆਏ ਹਨ। ਸੂਬੇ ਅੰਦਰ ਹੁਣ ਤੱਕ ਪਰਾਲੀ ਨੂੰ ਅੱਗ ਲਗਾਉਣ ਦੇ 16734 ਮਾਮਲੇ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਦਰਜ਼ ਕੀਤੇ ਗਏ ਹਨ।
ਧੂੰਏ ਨੇ ਪੰਜਾਬੀ ਕੀਤੇ ਬਿਮਾਰ
ਪੰਜਾਬ ਅੰਦਰ ਫੈਲੇ ਧੂੰਏ ਨੇ ਆਮ ਲੋਕਾਂ ਨੂੰ ਬਿਮਾਰ ਕਰਕੇ ਰੱਖ ਦਿੱਤਾ ਹੈ। ਹਸਪਤਾਲਾਂ ਤੇ ਡਾਕਟਰਾਂ ਦੀਆਂ ਦੁਕਾਨਾਂ ਅੰਦਰ ਮਰੀਜ਼ਾਂ ਦੀਆਂ ਲਾਈਨਾਂ ਲੱਗੀਆਂ ਪਈਆਂ ਹਨ। ਧੂੰਏ ਕਾਰਨ ਬੁਖਾਰ, ਜੁਖਾਮ, ਗਲਾ ਖਰਾਬ, ਅੱਖਾਂ ‘ਚ ਇਨਫੈਕਸ਼ਨ ਸਮੇਤ ਸਾਹ ਦੇ ਰੋਗਾਂ ਦਾ ਕਹਿਰ ਵਧ ਰਿਹਾ ਹੈ। ਡਾਕਟਰਾਂ ਵੱਲੋਂ ਆਮ ਲੋਕਾਂ ਨੂੰ ਇਨ੍ਹਾਂ ਦਿਨਾਂ ਵਿੱਚ ਘਰਾਂ ਤੋਂ ਬਾਹਰ ਨਿਕਲਣ ਤੋਂ ਵਰਜਿਆ ਜਾ ਰਿਹਾ ਹੈ ਜਾਂ ਫਿਰ ਮਾਸਕ ਲਾਉਣ ਦੀ ਨਸੀਹਤ ਦਿੱਤੀ ਜਾ ਰਹੀ ਹੈ। ਆਸਮਾਨ ਅੰਦਰ ਚੜ੍ਹੇ ਧੂੰਏ ਦਾ ਹੱਲ ਮੀਂਹ ਦੱਸਿਆ ਜਾ ਰਿਹਾ ਹੈ। ਜੇਕਰ ਮੀਂਹ ਦਾ ਛਿੱਟਾ ਪੈ ਜਾਵੇ ਤਾਂ ਧੂੰਏ ਤੋਂ ਰਾਹਤ ਮਿਲ ਸਕਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।