Steve Smith: ਸਪੋਰਟਸ ਡੈਸਕ। ਚੈਂਪੀਅਨਜ਼ ਟਰਾਫੀ 2025 ਦੇ ਸੈਮੀਫਾਈਨਲ ’ਚ ਭਾਰਤ ਤੋਂ ਹਾਰ ਤੋਂ ਬਾਅਦ, ਟੂਰਨਾਮੈਂਟ ’ਚ ਕੰਗਾਰੂਆਂ ਦੀ ਟੀਮ ਦੀ ਅਗਵਾਈ ਕਰਨ ਵਾਲੇ ਸਟੀਵ ਸਮਿਥ ਨੇ ਵਨਡੇ ਤੋਂ ਸੰਨਿਆਸ ਲੈ ਲਿਆ ਹੈ। ਕ੍ਰਿਕੇਟ ਅਸਟਰੇਲੀਆ ਨੇ ਬੁੱਧਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਮੰਗਲਵਾਰ ਨੂੰ ਅਸਟਰੇਲੀਆ ਨੂੰ ਭਾਰਤ ਹੱਥੋਂ ਚਾਰ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪੈਟ ਕਮਿੰਸ ਦੀ ਗੈਰਹਾਜ਼ਰੀ ’ਚ ਸਮਿਥ ਟੀਮ ਦੀ ਅਗਵਾਈ ਕਰ ਰਹੇ ਸਨ। ਉਹ ਟੈਸਟ ਖੇਡਣਾ ਜਾਰੀ ਰੱਖਣਗੇ ਤੇ ਟੀ-20 ਅੰਤਰਰਾਸ਼ਟਰੀ ਮੈਚਾਂ ’ਚ ਲੰਬੇ ਸਮੇਂ ਤੋਂ ਟੀਮ ਤੋਂ ਬਾਹਰ ਹਨ। 35 ਸਾਲਾ ਸਮਿਥ ਨੇ ਭਾਰਤ ਤੋਂ ਹਾਰ ਤੋਂ ਤੁਰੰਤ ਬਾਅਦ ਆਪਣੇ ਸਾਥੀਆਂ ਨੂੰ ਕਿਹਾ ਸੀ ਕਿ ਉਸਨੇ ਆਪਣਾ ਆਖਰੀ ਵਨਡੇ ਖੇਡ ਲਿਆ ਹੈ। Steve Smith Retirement
ਇਹ ਖਬਰ ਵੀ ਪੜ੍ਹੋ : IND vs AUS Live Score: ਚੈਂਪੀਅਨਜ਼ ਟਰਾਫੀ ਸੈਮੀਫਾਈਨਲ, ਭਾਰਤੀ ਟੀਮ ਨੁੰ ਅਸਟਰੇਲੀਆ ਨੇ 265 ਦੋੜਾਂ ਦਾ ਦਿੱਤਾ ਟੀਚਾ
ਸਮਿਥ ਦਾ ਇੱਕ ਰੋਜ਼ਾ ਕਰੀਅਰ | Steve Smith
ਸਮਿਥ ਨੇ ਅਸਟਰੇਲੀਆ ਲਈ ਕੁੱਲ 169 ਵਨਡੇ ਮੈਚ ਖੇਡੇ ਤੇ 5727 ਦੌੜਾਂ ਬਣਾਈਆਂ। ਇਸ ਸਮੇਂ ਦੌਰਾਨ, ਉਨ੍ਹਾਂ ਦਾ ਔਸਤ 43.06 ਤੇ ਸਟ੍ਰਾਈਕ ਰੇਟ 87.13 ਰਿਹਾ। ਇੱਕ ਰੋਜ਼ਾ ’ਚ ਉਸਦੀ ਸਭ ਤੋਂ ਵਧੀਆ ਪਾਰੀ 164 ਦੌੜਾਂ ਹੈ। ਉਸਨੇ ਵਨਡੇ ਮੈਚਾਂ ’ਚ 34 ਅਰਧ ਸੈਂਕੜੇ ਤੇ 12 ਸੈਂਕੜੇ ਜੜੇ ਹਨ। ਸਮਿਥ 2025 ਦੀ ਚੈਂਪੀਅਨਜ਼ ਟਰਾਫੀ ’ਚ ਫਾਰਮ ਤੋਂ ਬਾਹਰ ਸੀ। ਉਸਨੇ ਤਿੰਨ ਪਾਰੀਆਂ ’ਚ 48.50 ਦੀ ਔਸਤ ਨਾਲ 97 ਦੌੜਾਂ ਬਣਾਈਆਂ। ਉਸਦੀ ਸਭ ਤੋਂ ਵਧੀਆ ਪਾਰੀ ਭਾਰਤ ਵਿਰੁੱਧ 73 ਦੌੜਾਂ ਸੀ। ਸ਼ਮੀ ਨੇ ਫੁੱਲ ਟਾਸ ਗੇਂਦ ’ਤੇ ਸਮਿਥ ਨੂੰ ਕਲੀਨ ਬੋਲਡ ਕੀਤਾ ਸੀ। ਸਮਿਥ ਨੇ ਆਪਣਾ ਇੱਕ ਰੋਜ਼ਾ ਡੈਬਿਊ 19 ਫਰਵਰੀ 2010 ਨੂੰ ਮੈਲਬੌਰਨ ਕ੍ਰਿਕੇਟ ਗਰਾਊਂਡ ’ਤੇ ਵੈਸਟਇੰਡੀਜ਼ ਵਿਰੁੱਧ ਕੀਤਾ ਸੀ।
ਟੈਸਟ ਮੈਚਾਂ ’ਚ ਸਮਿਥ ਦੇ ਪ੍ਰਭਾਵਸ਼ਾਲੀ ਅੰਕੜੇ | Steve Smith
ਹਾਲਾਂਕਿ, ਸਮਿਥ ਟੈਸਟ ਮੈਚਾਂ ’ਚ ਆਪਣੀ ਬੱਲੇਬਾਜ਼ੀ ਲਈ ਜਾਣੇ ਜਾਂਦੇ ਹਨ ਤੇ ਉਨ੍ਹਾਂ ਸਭ ਤੋਂ ਲੰਬੇ ਫਾਰਮੈਟ ’ਚ ਕਈ ਰਿਕਾਰਡ ਬਣਾਏ ਹਨ। 116 ਟੈਸਟ ਮੈਚਾਂ ਦੀਆਂ 206 ਪਾਰੀਆਂ ’ਚ, ਸਮਿਥ ਨੇ 56.75 ਦੀ ਔਸਤ ਨਾਲ 10,271 ਦੌੜਾਂ ਬਣਾਈਆਂ ਹਨ। ਉਨ੍ਹਾਂ ਦੀ ਸਭ ਤੋਂ ਵਧੀਆ ਪਾਰੀ 239 ਦੌੜਾਂ ਦੀ ਪਾਰੀ ਰਹੀ ਹੈ। ਇਸ ਸਮੇਂ ਦੌਰਾਨ, ਉਸਨੇ 36 ਸੈਂਕੜੇ ਤੇ 41 ਅਰਧ ਸੈਂਕੜੇ ਜੜੇ ਹਨ। ਇਨ੍ਹਾਂ ’ਚ ਚਾਰ ਦੋਹਰੇ ਸੈਂਕੜੇ ਵੀ ਸ਼ਾਮਲ ਹਨ। ਸਮਿਥ ਨੇ 67 ਟੀ-20 ਮੈਚ ਵੀ ਖੇਡੇ ਹਨ। ਇਸ ’ਚ ਉਸਨੇ 24.86 ਦੀ ਔਸਤ ਅਤੇ 125.46 ਦੇ ਸਟ੍ਰਾਈਕ ਰੇਟ ਨਾਲ 1094 ਦੌੜਾਂ ਬਣਾਈਆਂ। ਉਸਨੇ ਟੀ-20 ਅੰਤਰਰਾਸ਼ਟਰੀ ਮੈਚਾਂ ’ਚ 5 ਅਰਧ ਸੈਂਕੜੇ ਵੀ ਜੜੇ ਹਨ।