ਸਾਦਿਕ, ਅਰਸ਼ਦੀਪ ਸੋਨੀ
ਜ਼ਿਲ੍ਹਾ ਫਰੀਦਕੋਟ ਦੇ ਸਾਦਿਕ ਨੇੜਲੇ ਪਿੰਡ ਘੁਗਿਆਣਾ ਦੇ ਵਸਨੀਕਾਂ ਵੱਲੋਂ ਸ਼ਰਾਬ ਦਾ ਠੇਕਾ ਚੁਕਵਾਉਣ ਲਈ ਠੇਕੇ ਦੇ ਬਾਹਰ ਬੈਠ ਕੇ ਧਰਨਾ ਲਗਾਉਂਦਿਆਂ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਪਿੰਡ ਦੇ ਕਰਤਾਰ ਸਿੰਘ, ਹਰਦੇਵ ਸਿੰਘ, ਬਲਵੀਰ ਸਿੰਘ, ਸੁਰਿੰਦਰ ਸਿੰਘ, ਪਰਮਜੀਤ ਕੌਰ , ਨਸੀਬ ਕੌਰ, ਨਿਰਮਲ ਕੌਰ ਆਦਿ ਨੇ ਦੱਸਿਆ ਕਿ ਪਿੰਡ ਦੇ ਮੇਨ ਚੌਕ ‘ਚ ਸ਼ਰਾਬ ਦਾ ਠੇਕਾ ਹੋਣ ਕਾਰਨ ਪਿੰਡ ਵਾਸੀਆਂ ਅਤੇ ਖਾਸਕਰ ਆਉਣ ਜਾਣ ਵਾਲੀਆਂ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਠੇਕੇ ਕੋਲ ਬੈਠੇ ਲੋਕ ਉਸ ਥਾਂ ਕੋਲ ਦੀ ਲੰਘਣ ਵਾਲੀਆਂ ਔਰਤਾਂ ਅਤੇ ਸਕੂਲ ਕਾਲਜ ਜਾਣ ਵਾਲੀਆਂ ਵਿਦਿਆਰਥਣਾਂ ਨੂੰ ਬੁਰੀ ਨਜ਼ਰ ਨਾਲ ਦੇਖਦੇ ਹਨ, ਜਿਸ ਕਾਰਨ ਉਨ੍ਹਾਂ ਦਾ ਉੱਥੋ ਲੰਘਣਾ ਮੁਸ਼ਕਲ ਹੋਇਆ ਪਿਆ ਹੈ। ਪਿੰਡ ਵਾਸੀਆਂ ਅਤੇ ਪੰਚਾਇਤਾਂ ਦਾ ਕਹਿਣਾ ਹੈ ਕਿ ਇਸ ਠੇਕੇ ਨੂੰ ਪਿੰਡੋਂ ਬਾਹਰ ਕਢਵਾਉਣ ਲਈ ਉਹ ਪਿਛਲੇ 3 ਦਿਨਾਂ ਤੋਂ ਧਰਨੇ ‘ਤੇ ਬੈਠੇ ਹੋਏ ਹਨ। ਉਨ੍ਹਾਂ ਨੇ ਜਿਲ੍ਹਾ ਪ੍ਰਸ਼ਾਸ਼ਨ ਨੂੰ ਇਸ ਸਬੰਧੀ ਲਿਖਤੀ ਸ਼ਿਕਾਇਤ ਵੀ ਕੀਤੀ ਪਰ ਕਿਸੇ ਨੇ ਅੱਜ ਤੱਕ ਉਨ੍ਹਾਂ ਦੀ ਇੱਕ ਨਹੀਂ ਸੁਣੀ। ਪਿੰਡ ਵਾਸੀਆਂ ਨੇ ਧਰਨਾ ਦਿੰਦੇ ਹੋਏ ਇਸ ਸ਼ਰਾਬ ਦੇ ਠੇਕੇ ਨੂੰ ਪਿੰਡ ਦੀ ਹਦੂਦ ਤੋਂ ਬਾਹਰ ਕੱਢਣ ਦੀ ਮੰਗ ਕੀਤੀ ਹੈ ਅਤੇ ਚਿਤਾਵਨੀ ਦਿੱਤੀ ਕਿ ਜਿੰਨਾ ਚਿਰ ਪਿੰਡ ‘ਚੋਂ ਸ਼ਰਾਬ ਦਾ ਠੇਕਾ ਨਹੀ ਚੁੱਕਿਆ ਜਾਂਦਾ ਉਹ ਧਰਨਾ ਜਾਰੀ ਰੱਖਣਗੇ ਅਤੇ ਆਪਣਾ ਸੰਘਰਸ਼ ਤੇਜ ਕਰਨਗੇ ਤੇ ਦੂਸਰੇ ਪਿੰਡਾਂ ਦੀਆਂ ਪੰਚਾਇਤਾਂ ਤੋਂ ਵੀ ਸਹਿਯੋਗ ਦੀ ਮੰਗ ਕਰਨਗੇ। ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਗੁਰਜੀਤ ਸਿੰਘ ਨੇ ਕਿਹਾ ਕਿ ਇਹ ਸਾਰਾ ਮਾਮਲਾ ਪ੍ਰਸ਼ਾਸਨ ਦੇ ਧਿਆਨ ‘ਚ ਹੈ ਅਤੇ ਜਲਦ ਹੀ ਇਸ ਦਾ ਹੱਲ ਕੱਢਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।