ਪਰਲਜ਼ ਕੰਪਨੀ ਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ

Sloganeering, Pearls Company, Punjab Government, Meeting

ਜਸਵੀਰ ਸਿੰਘ, ਬਰਨਾਲਾ:ਪਰਲਜ਼ ਕੰਪਨੀ ਦੇ ਨਿਵੇਸ਼ਕਾਂ ਤੇ ਏਜੰਟਾਂ ਵੱਲੋਂ ਇਨਸਾਫ਼ ਦੀ ਲਹਿਰ ਪੰਜਾਬ ਦੀ ਅਗਵਾਈ ਹੇਠ ਬਰਨਾਲਾ ਵਿਖੇ ਮੀਟਿੰਗ ਕਰਕੇ ਪੰਜਾਬ ਸਰਕਾਰ ਤੋਂ ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਵਾਪਸ ਕਰਵਾਉਣ ਦੀ ਮੰਗ ਕੀਤੀ।

ਕਮੇਟੀ ਦੇ ਆਗੂਆਂ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਇਲਾਕੇ ਦੇ ਪਰਲਜ਼ ਕੰਪਨੀ ਦੇ ਝਾਂਸੇ ‘ਚ ਆਏ ਹਜ਼ਾਰਾਂ ਨਿਵੇਸ਼ਕ ਆਪਣੀ ਗਾੜ੍ਹੀ ਖੂਨ-ਪਸੀਨੇ ਦੀ ਕਮਾਈ, ਜੋ ਕੰਪਨੀ ਦੀਆਂ ਵੱਖ-ਵੱਖ ਸਕੀਮਾਂ ਵਿੱਚ ਲਾਈ ਸੀ। ਬੀਤੇ ਕਈ ਸਾਲਾਂ ਤੋਂ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਸਰਕਾਰਾਂ ਤੇ ਅਦਾਲਤਾਂ ਰਾਹੀਂ ਵਾਪਸੀ ਦੀ ਪੁਰਜ਼ੋਰ ਮੰਗ ਕਰ ਰਹੇ ਹਨ। ਪ੍ਰੰਤੂ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਬਾਵਜ਼ੂਦ ਸੇਬੀ (ਐਸਈਬੀਆਈ) ਤੇ ਲੋਡਾ ਕਮੇਟੀ ਆਦਿ ਵੀ ਅਜੇ ਤੱਕ ਕੁਝ ਵੀ ਪੀੜਤਾਂ ਦੇ ਪੱਲੇ ਨਹੀਂ ਪਾ ਸਕੀਆਂ।

ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਤਤਕਾਲੀ ਪੰਜਾਬ ਕਾਂਗਰਸ ਪ੍ਰਧਾਨ ਤੇ ਮੌਜ਼ੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਨ੍ਹਾਂ ਪੀੜਤਾਂ ਨੂੰ ਸਰਕਾਰ ਬਣਨ ‘ਤੇ ਤੁਰੰਤ ਇਨਸਾਫ ਦਾ ਭਰੋਸਾ ਦਿਵਾਇਆ ਸੀ। ਭਾਵੇਂ ਕਿ ਅਜੇ ਤੱਕ ਸਰਕਾਰ ਨੇ ਇਸ ਮਸਲੇ ਵੱਲ ਧਿਆਨ ਨਹੀਂ ਦਿੱਤਾ। ਪ੍ਰੰਤੂ ਇਨਸਾਫ ਦੀ ਲਹਿਰ ਪੰਜਾਬ ਦਾ ਵਫ਼ਦ ਜਲਦ ਹੀ ਉਨ੍ਹਾਂ ਨੂੰ ਕੀਤਾ ਵਾਅਦਾ ਯਾਦ ਕਰਵਾਏਗਾ। ਉਨ੍ਹਾਂ ਸਵਾਲ ਕੀਤਾ ਕਿ ਲੰਘੇ ਸਮੇਂ ਜਦ ਪਰਲਜ਼ ਕੰਪਨੀ ਦੇ ਪ੍ਰੋਜੈਕਟਾਂ ਦਾ ਉਨ੍ਹਾਂ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਉਦਘਾਟਨ ਕਰਦੇ ਸਨ ਤਾਂ ਉਸ ਸਮੇਂ ਉਹ ਉਨ੍ਹਾਂ ਦੀ ਚਹੇਤੀ ਕੰਪਨੀ ਸੀ।

ਮੀਟਿੰਗ ਦੌਰਾਨ ਤਿੱਖੇ ਸੰਘਰਸ਼ ਦੀ ਦਿੱਤੀ ਚੇਤਾਵਨੀ

ਆਗੂਆਂ ਚੇਤਾਵਨੀ ਦਿੱਤੀ ਕਿ ਜੇਕਰ ਸੱਤਾਧਾਰੀ ਕਾਂਗਰਸੀ ਪਾਰਟੀ ਨੇ ਵੀ ਇਸ ਮਸਲੇ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਵਾਉਣ ਦੇ ਵਾਅਦੇ ਤੋਂ ਪਿੱਛੇ ਪੈਰ ਖਿੱਚੇ ਤਾਂ ਪੀੜਤ ਨਿਵੇਸ਼ਕ ਤੇ ਏਜੰਟ ‘ਕਰੋ ਜਾਂ ਮਰੋ’ ਦਾ ਰਾਹ ਅਖਤਿਆਰ ਕਰਕੇ ਤਿੱਖਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਗੇ।
ਮੀਟਿੰਗ ਦੌਰਾਨ ਹਾਜ਼ਰ ਆਗੂਆਂ ਵਿੱਚ ਇਨਸਾਫ ਦੀ ਲਹਿਰ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਭੁੱਲਰ, ਉਪ ਪ੍ਰਧਾਨ ਰਣਜੀਤ ਸਿੰਘ, ਮੁੱਖ ਬੁਲਾਰੇ ਗੁਰਜੰਟ ਸਿੰਘ ਘੁੱਦਾ, ਇਸਤਰੀ ਵਿੰਗ ਪ੍ਰਧਾਨ ਦਰਸ਼ਨ ਕੌਰ ਤੇ ਰਾਜਵਿੰਦਰ ਕੌਰ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ, ਜਗਮੋਹਣ ਸਿੰਘ ਤੇ ਨਰੇਸ਼ ਕਟਾਰੀਆ ਆਦਿ ਆਗੂ ਹਾਜ਼ਰ ਸਨ।