ਬੇਰੁਜ਼ਗਾਰ ਲਾਈਨਮੈਨਾਂ ਵੱਲੋਂ ਜ਼ਬਰੀ ਪ੍ਰੀਖਿਆ ਥੋਪਣ ਦਾ ਦੋਸ਼
- ਪਿਛਲੇ ਕਈ ਦਿਨਾਂ ਤੋਂ ਪਾਵਰਕੌਮ ਦੇ ਮੁੱਖ ਦਫ਼ਤਰ (PowerCom Headquarters) ਅੱਗੇ ਦੇ ਰਹੇ ਨੇ ਧਰਨਾ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਨੌਕਰੀ ਦੀ ਮੰਗ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਧਰਨੇ ਬੈਠੇ ਬੇਰੁਜ਼ਗਾਰ ਲਾਈਨਮੈਂਨਾਂ ਦਾ ਗੁੱਸਾ ਅੱਜ ਉਸ ਸਮੇਂ ਭੜਕ ਗਿਆ, ਜਦੋਂ 6 ਬੇਰੁਜ਼ਗਾਰ ਲਾਈਨਮੈਂਨ ਪਾਵਰਕੌਮ ਦੇ ਮੁੱਖ ਦਫ਼ਤਰ (PowerCom Headquarters) ਵਿਖੇ ਸਥਿਤ ਪਾਣੀ ਦੀ ਟੈਂਕੀ ਉਪਰ ਚੜ ਗਏ। ਇਸ ਦੌਰਾਨ ਹੀ ਉਨ੍ਹਾਂ ਦੇ ਬਾਕੀ ਸਾਥੀਆਂ ਵੱਲੋਂ ਪਾਵਰਕੌਮ ਦੇ ਤਿੰਨੇ ਮੁੱਖ ਗੇਟਾਂ ਤੇ ਆਪਣਾ ਰੋਸ਼ ਧਰਨਾ ਲਗਾ ਦਿੱਤਾ ਗਿਆ। ਇਸ ਮੌਕੇ ਇਨ੍ਹਾਂ ਬੇਰੁਜ਼ਗਾਰਾਂ ਵੱਲੋਂ ਦੋਸ ਲਾਇਆ ਕਿ ਉਨ੍ਹਾਂ ਤੇ ਜਬਰੀ ਪ੍ਰੀਖਿਆ ਥੋਪ ਦਿੱਤੀ ਗਈ ਹੈ, ਜਿਸ ਦਾ ਉਹ ਵਿਰੋਧ ਕਰ ਰਹੇ ਹਨ।
ਦੱਸਣਯੋਗ ਹੈ ਕਿ ਇਹ ਬੇਰੁਜ਼ਗਾਰ ਲਾਈਨਮੈਂਨਾਂ ਵੱਲੋਂ ਪਿਛਲੀ 27 ਜੁਲਾਈ ਤੋਂ ਇੱਥੇ ਮੁੱਖ ਦਫ਼ਤਰ ਵਿਖੇ ਆਪਣੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਹੋਇਆ ਹੈ। ਇਨ੍ਹਾਂ ਬੇਰੁਜ਼ਗਾਰ ਲਾਈਨਮੈਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪਾਵਰਕੌਮ ਅੰਦਰ ਅਪੈਰਟਸ਼ਿਪ ਟਰੇਨਿੰਗ ਕੀਤੀ ਹੋਈ ਹੈ, ਪਰ ਹੁਣ ਜੋਂ ਭਰਤੀ ਕੀਤੀ ਜਾ ਰਹੀ ਹੈ, ਉਸ ਉੱਪਰ ਪੇਪਰ ਦੇਣ ਦੀ ਸ਼ਰਤ ਠੋਕ ਦਿੱਤੀ ਗਈ ਹੈ। ਇਸ ਪ੍ਰੀਖਿਆ ਨੂੰ ਹਟਾਉਣ ਦੇ ਲਈ ਅੱਜ ਯੂਨੀਅਨ ਦੇ 6 ਵਿਅਕਤੀ ਪਾਵਰਕੌਮ ਦੇ ਮੁੱਖ ਦਫ਼ਤਰ ਅੰਦਰ ਹੀ ਸਥਿਤੀ ਪਾਣੀ ਦੀ ਟੈਂਕੀ ਉੱਪਰ ਚੜ੍ਹ ਗਏ ਅਤੇ ਉੱਪਰੋਂ ਹੀ ਆਪ ਸਰਕਾਰ ਸਮੇਤ ਪਾਵਰਕੌਮ ਮਨੈਜਮੈਂਟ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਹੀ ਉਨ੍ਹਾਂ ਦੇ ਦੂਜੇ ਸਾਥੀਆਂ ਵੱਲੋਂ ਪਾਵਰਕੌਮ ਦੇ ਵੱਖ-ਵੱਖ ਗੇਟਾਂ ਉੱਪਰ ਆਪਣਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ।
ਪੇਪਰ ਦੀ ਸ਼ਰਤ ਹਟਾਉਣ ਦੀ ਮੰਗ
ਇਸ ਮੌਕੇ ਯੂਨੀਅਨ ਦੇ ਆਗੂਆਂ ਮਲਕੀਤ ਸਿੰਘ ਅਤੇ ਰਾਕੇਸ਼ ਕੁਮਾਰ ਨੇ ਕਿਹਾ ਕਿ ਪਿਛਲੀਆਂ ਜੋ ਭਰਤੀਆਂ ਹੋਈਆਂ ਹਨ, ਉਹ ਮੈਰਿਟ ਦੇ ਅਧਾਰ ’ਤੇ ਹੀ ਕੀਤੀਆਂ ਗਈਆਂ ਹਨ। ਜਦੋਂਕਿ ਇਸ ਵਾਰ ਜੋ ਪੋਸਟਾਂ ਕੱਢੀਆਂ ਗਈਆਂ ਹਨ, ਉਨ੍ਹਾਂ ਵਿੱਚ ਪੇਪਰ ਦੀ ਸ਼ਰਤ ਠੋਕ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਅਪੈਰਟਸ਼ਿਪ ਟਰੇਨਿੰਗ ਕਰ ਲਈ ਗਈ ਹੈ ਤਾਂ ਫ਼ਿਰ ਇਹ ਪੇਪਰ ਦੀ ਸ਼ਰਤ ਕਿਉਂ ਲਾਈ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਫੀਲਡ ’ਚ ਖੰਭਿਆਂ ’ਤੇ ਚੜ੍ਹਨ ਸਮੇਤ ਪਲਾਸ ਹੀ ਚੁੱਕਣਾ ਹੈ ਅਤੇ ਕੋਈ ਦਫ਼ਤਰੀ ਕਾਰਜ ਨਹੀਂ ਕਰਨਾ।
ਇਸ ਲਈ ਇਹ ਪੇਪਰ ਦੀ ਸ਼ਰਤ ਹਟਾਈ ਜਾਵੇ ਅਤ ਮੈਰਿਟ ਦੇ ਅਧਾਰ ’ਤੇ ਹੀ ਭਰਤੀ ਕੀਤੀ ਜਾਵੇ। ਇੱਧਰ ਬੇਰੁਜ਼ਗਾਰਾਂ ਵੱਲੋਂ ਰੋਸ ਪ੍ਰਗਟਾਇਆ ਗਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਸਾਥੀਆਂ ਨੂੰ ਧੱਕੇ ਮਾਰੇ ਗਏ ਹਨ ਜਦੋਂ ਉਹ ਆਪਣੇ ਉੱਪਰ ਚੜ੍ਹੇ ਹੋਏ ਸਾਥੀਆਂ ਨੂੰ ਪਾਣੀ ਸਮੇਤ ਖਾਣ ਪੀਣ ਲਈ ਦੇਣ ਜਾ ਰਹੇ ਸਨ, ਪਰ ਪੁਲਿਸ ਪ੍ਰਸ਼ਾਸਨ ਨੇ ਰੋਕ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਹ ਸਵੇਰ ਤੋਂ ਟੈਂਕੀ ’ਤੇ ਭੁੱਖਣ ਭਾਣੇ ਹਨ, ਪਰ ਹੁਣ ਉਨ੍ਹਾਂ ਵੱਲੋਂ ਮਰਨ ਵਰਤ ਰੱਖਣ ਦੀ ਚਿਤਾਵਨੀ ਦਿੱਤੀ ਗਈ ਹੈ। ਪ੍ਰਦਰਸ਼ਨ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ ਅਤੇ ਸ਼ਾਮ 5 ਵਜੇ ਖ਼ਬਰ ਲਿਖੇ ਜਾਣ ਤੱਕ ਬੇਰੁਜ਼ਗਾਰ ਲਾਈਨਮੈਂਨ ਟੈਕੀ ਉੱਪਰ ਹੀ ਚੜ੍ਹੇ ਹੋਏ ਸਨ।
ਵਿਧਾਇਕ ਪਠਾਣਮਾਜਰਾ ਵੀ ਲਾਰਾ ਲਾ ਕੇ ਗਏ
ਇਸ ਮੌਕੇ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨੀ ਉਨ੍ਹਾਂ ਕੋਲ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਪੁੱਜੇ ਸਨ ਅਤੇ ਉਨ੍ਹਾਂ ਵੱਲੋੋਂ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਉਨ੍ਹਾਂ ਦੀ ਮੰਗ ਸਰਕਾਰ ਕੋਲ ਰੱਖਣਗੇ। ਉਨ੍ਹਾਂ ਕਿਹਾ ਕਿ ਹਫ਼ਤਾ ਬੀਤਣ ਦੇ ਬਾਅਦ ਵੀ ਕੁਝ ਨਹੀਂ ਹੋਇਆ ਅਤੇ ਉਹ ਇੱਥੇ ਫੋਟੋਆ ਖਿੱਚਵਾ ਕੇ ਚਲਦੇ ਬਣੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸਮਾਂ ਉਨ੍ਹਾਂ ਦੀਆਂ ਮੰਗਾਂ ਦਾ ਨਿਪਟਾਰਾਂ ਨਹੀਂ ਕੀਤਾ ਜਾਂਦਾ, ਉਨ੍ਹਾਂ ਸਮਾਂ ਉਹ ਸੰਘਰਸ਼ ਕਰਦੇ ਰਹਿਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ