ਸਰਹਿੰਦ-ਫਤਹਿਗੜ੍ਹ ਸਾਹਿਬ-ਬੇਲਾ ਸੜਕ ਦਾ ਨਾਂਅ ਮਾਤਾ ਗੁਜਰ ਕੌਰ ਜੀ ਦੇ ਨਾਂਅ ’ਤੇ ਰੱਖਿਆ: ਵਿਜੈ ਇੰਦਰ ਸਿੰਗਲਾ

Vijay Inder Singla Sachkahoon

ਸਰਹਿੰਦ-ਫਤਹਿਗੜ੍ਹ ਸਾਹਿਬ-ਬੇਲਾ ਸੜਕ ਦਾ ਨਾਂਅ ਮਾਤਾ ਗੁਜਰ ਕੌਰ ਜੀ ਦੇ ਨਾਂਅ ’ਤੇ ਰੱਖਿਆ: ਵਿਜੈ ਇੰਦਰ ਸਿੰਗਲਾ

(ਗੁਰਪ੍ਰੀਤ ਸਿੰਘ) ਸੰਗਰੂਰ। ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਸਰਹਿੰਦ-ਫਤਿਹਗੜ੍ਹ ਸਾਹਿਬ-ਬੇਲਾ ਸੜਕ ਦਾ ਨਾਂਅ ਮਾਤਾ ਗੁਜਰ ਕੌਰ ਜੀ ਦੇ ਨਾਂਅ ’ਤੇ ਰੱਖ ਦਿੱਤਾ ਹੈ। ਮੰਤਰੀ ਨੇ ਕਿਹਾ ਕਿ ਸਿੱਖਾਂ ਨਾਲ ਸਬੰਧਤ ਤਿੰਨ ਇਤਿਹਾਸਕ ਸ਼ਹਿਰਾਂ ਸ੍ਰੀ ਫਤਹਿਗੜ੍ਹ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਚਮਕੌਰ ਸਾਹਿਬ ਨੂੰ ਜੋੜਨ ਵਾਲੀ ਇਸ ਸੜਕ ਨੂੰ ਹੁਣ ਮਾਤਾ ਗੁਜਰੀ ਮਾਰਗ ਵਜੋਂ ਜਾਣਿਆ ਜਾਵੇਗਾ।

ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਮਾਤਾ ਗੁਜਰ ਕੌਰ ਜੀ ਦੀ ਦੇ ਲਾਸਾਨੀ ਬਲੀਦਾਨ ਨੂੰ ਪੰਜਾਬ ਸਰਕਾਰ ਵੱਲੋਂ ਸਤਿਕਾਰ ਭੇਂਟ ਕਰਨ ਦਾ ਇਹ ਇੱਕ ਛੋਟਾ ਜਿਹਾ ਉਪਰਾਲਾ ਹੈ, ਜਿਨ੍ਹਾਂ ਨੇ ਬਿਨ੍ਹਾਂ ਕਿਸੇ ਸ਼ੰਕੇ ਤੋਂ ਆਪਣੇ ਪੂਰੇ ਪਰਿਵਾਰ ਨੂੰ ਧਰਮ ਹਿੱਤ ਸ਼ਹੀਦੀ ਪ੍ਰਾਪਤ ਕਰਨ ਲਈ ਭੇਜਿਆ ਸੀ। ਉੁਨ੍ਹਾਂ ਦੱਸਿਆ ਕਿ ਇਹ ਉਹ ਸੜਕ ਹੈ ਜਿਸ ਦੀ ਇਤਿਹਾਸ ਵਿਚ ਬਹੁਤ ਮਹੱਤਤਾ ਹੈ ਕਿਉਂਕਿ ਇਹ ਸੜਕ ਉਨ੍ਹਾਂ ਸ਼ਹਿਰਾਂ ਨੂੰ ਜੋੜਦੀ ਹੈ ਜਿੱਥੇ ਮੁਗਲਾਂ ਦੇ ਜੁਲਮਾਂ ਨਾਲ ਆਢਾ ਲੈਂਦਿਆਂ ਚਾਰੇ ਸਾਹਿਬਜ਼ਾਦਿਆਂ ਅਤੇ ਖੁਦ ਮਾਤਾ ਗੁਜਰੀ ਜੀ ਨੇ ਮਾਣ ਨਾਲ ਆਪਣੀਆਂ ਸ਼ਹਾਦਤਾਂ ਦਿੱਤੀਆਂ ਸਨ। ਸ੍ਰੀ ਸਿੰਗਲਾ ਨੇ ਕਿਹਾ ਕਿ 6 ਨਵੰਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਫਤਹਿਗੜ੍ਹ ਸਾਹਿਬ-ਬੇਲਾ ਸੜਕ ਦਾ ਨਾਂਅ ਮਾਤਾ ਗੁਜਰ ਕੌਰ ਜੀ ਦੇ ਨਾਂਅ ’ਤੇ ਰੱਖਣ ਦਾ ਐਲਾਨ ਕੀਤਾ ਸੀ ਤੇ 10 ਦਿਨਾਂ ਦੇ ਅੰਦਰ-ਅੰਦਰ ਲੋਕ ਨਿਰਮਾਣ ਵਿਭਾਗ ਨੇ ਇਸ ਫੈਸਲੇ ਨੂੰ ਅਮਲੀ ਜਾਮਾ ਪਹਿਨਾ ਦਿੱਤਾ। ਉਨ੍ਹਾਂ ਦੱਸਿਆ ਕਿ 44.53 ਕਿਲੋਮੀਟਰ ਲੰਬਾ ਇਹ ਮਾਰਗ ਸਰਹਿੰਦ, ਫਤਹਿਗੜ੍ਹ ਸਾਹਿਬ, ਮੋਰਿੰਡਾ ਤੇ ਸ੍ਰੀ ਚਮਕੌਰ ਸਾਹਿਬ ਸ਼ਹਿਰਾਂ ਨੂੰ ਆਪਸ ਵਿੱਚ ਜੋੜਦਾ ਹੈ।

ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਦੂਰਅੰਦੇਸ਼ ’ਤੇ ਗਤੀਸ਼ੀਲ ਅਗਵਾਈ ਵਿੱਚ ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਲੋਕ ਨਿਰਮਾਣ ਵਿਭਾਗ ਵੀ ਰਾਜ ਦੇ ਲੋਕਾਂ ਨੂੰ ਬਿਹਤਰ ਸੜਕੀ ਸੰਪਰਕ ਪ੍ਰਦਾਨ ਕਰਨ ਲਈ ਲਗਾਤਾਰ ਯਤਨਸੀਲ ਹੈ। ਉਨ੍ਹਾਂ ਕਿਹਾ ਕਿ ਇਸ ਲਈ ਪੰਜਾਬ ਵਿੱਚ ਕਈ ਪ੍ਰੋਜੈਕਟ ਮੁਕੰਮਲ ਕੀਤੇ ਜਾ ਚੁੱਕੇ ਹਨ ਅਤੇ ਸੜਕਾਂ ’ਤੇ ਹੋਰ ਪ੍ਰੋਜੈਕਟਾਂ ਨੂੰ ਵੀ ਸੁਚੱਜੇ ਢੰਗ ਨਾਲ ਪੂਰਾ ਕਰਵਾਉਣਾ ਯਕੀਨੀ ਬਣਾਇਆ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ