ਮੁੱਖ ਮੰਤਰੀ ਕੋਲ ਹੀ ਜਾਵੇਗਾ ਸਾਰਾ ਮਾਮਲਾ : ਸਿੰਗਲਾ
ਸਾਬਕਾ ਮੰਤਰੀ ਨੇ ਲਗਾਏ ਗੰਭੀਰ ਦੋਸ਼ ਤਾਂ ਮੌਜੂਦਾ ਸਿੱਖਿਆ ਮੰਤਰੀ ਸਿੰਗਲਾ ਨੇ ਸੋਨੀ ਨੂੰ ਦੱਸਿਆ ਗਲਤ
ਓ.ਪੀ. ਸੋਨੀ ਨੇ ਤੋੜਿਆ ਕੈਬਨਿਟ ਦਾ ਫੈਸਲਾ, ਮਾਮਲਾ ਮੁੱਖ ਮੰਤਰੀ ਕੋਲ ਰੱਖਣਗੇ ਵਿਜੇਇੰਦਰ ਸਿੰਗਲਾ
ਟਰਾਂਸਫ਼ਰ ਪਾਲਿਸੀ ਸਬੰਧੀ ਕੈਬਨਿਟ ਨੇ ਦਿੱਤੇ ਸਨ ਸਖ਼ਤ ਆਦੇਸ਼, ਸੋਨੀ ਨੇ ਪਾਲਿਸੀ ਤੋਂ ਉਲਟ ਅਧਿਕਾਰੀਆਂ ਨੂੰ ਦਿੱਤੀ ਸੀ ਲਿਸਟ
ਅਸ਼ਵਨੀ ਚਾਵਲਾ, ਚੰਡੀਗੜ੍ਹ
ਹਮੇਸ਼ਾ ਹੀ ਅਧਿਕਾਰੀਆਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਵਾਲੇ ਸਾਬਕਾ ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਹੁਣ ਮੌਜੂਦਾ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ ਕਿ ਵਿਜੇਇੰਦਰ ਸਿੰਗਲਾ ਅਜੇ ਹੁਣ ਹੀ ਮੰਤਰੀ ਬਣਿਆ ਹੈ, ਉਹਨੂੰ ਕੋਈ ਜਿਆਦਾ ਜਾਣਕਾਰੀ ਨਹੀਂ ਹੈ ਕਿ ਵਿਭਾਗ ਵਿੱਚ ਕੀ ਕੁਝ ਹੋ ਰਿਹਾ ਹੈ। ਜਿਹੜਾ ਬਿਆਨ ਜਾਰੀ ਕਰਦੇ ਹੋਏ ਆਨ ਲਾਈਨ ਟਰਾਂਸਫਰ ਪਾਲਿਸੀ ਦੀ ਵਾਹ-ਵਾਹੀ ਸਿੰਗਲਾ ਖ਼ੁਦ ਲੁੱਟ ਰਿਹਾ ਹੈ, ਉਹ ਪਾਲਿਸੀ ਤਾਂ ਮੈ ਖ਼ੁਦ ਹੀ ਕੈਬਨਿਟ ਵਿੱਚ ਲੈ ਕੇ ਗਿਆ ਸੀ ਅਤੇ 6 ਜੂਨ ਨੂੰ ਵਿਭਾਗ ਛੱਡਣ ਤੋਂ ਪਹਿਲਾਂ ਮੈ ਖ਼ੁਦ ਨੋਟੀਫਿਕੇਸ਼ਨ ਵਾਲੀ ਫਾਈਲ ‘ਤੇ ਸਾਈਨ ਕੀਤੇ ਸਨ। ਇਸ ਵਿੱਚ ਵਿਜੇਇੰਦਰ ਸਿੰਗਲਾ ਦਾ ਕੁਝ ਵੀ ਨਹੀਂ ਹੈ, ਜਦੋਂ ਕਿ ਮੇਰੇ ਵਲੋਂ 4 ਜੂਨ ਨੂੰ ਪਾਲਿਸੀ ਲਾਗੂ ਹੋਣ ਤੋਂ 2 ਦਿਨ ਪਹਿਲਾਂ ਜਿਹੜੇ ਟਰਾਂਸਫਰ ਦੇ ਆਦੇਸ਼ ਦਿੱਤੇ ਗਏ ਸਨ, ਉਨ੍ਹਾਂ ਨੂੰ ਅਧਿਕਾਰੀਆਂ ਨੇ ਰੋਕਦੇ ਹੋਏ ਸਿੰਗਲਾ ਕੋਲ ਪੇਸ਼ ਕਰ ਦਿੱਤਾ ਹੈ। ਹੁਣ ਮੈਂ ਕੁਝ ਨਹੀਂ ਕਹਿਣਾ ਹੈ, ਜੇਕਰ ਸਿੰਗਲਾ ਨੂੰ ਗਲਤ ਲਗਦਾ ਹੈ ਤਾਂ ਮੇਰੇ ਵੱਲੋਂ 4 ਜੂਨ ਨੂੰ ਦਿੱਤੇ ਆਦੇਸ਼ਾਂ ਅਨੁਸਾਰ ਟਰਾਂਸਫਰ ਨਾ ਕਰੇ।
ਇੱਥੇ ਹੀ ਵਿਜੇਇੰਦਰ ਸਿੰਗਲਾ ਨੇ ਵੀ ਓ.ਪੀ. ਸੋਨੀ ਵੱਲੋਂ 6 ਜੂਨ ਨੂੰ ਭੇਜੀ ਗਈ ਟਰਾਂਸਫਰ ਲਿਸਟ ਨੂੰ ਗਲਤ ਕਰਾਰ ਦਿੰਦੇ ਹੋਏ ਇਹ ਮਾਮਲਾ ਮੁੱਖ ਮੰਤਰੀ ਕੋਲ ਰੱਖਣ ਦਾ ਐਲਾਨ ਕਰ ਦਿੱਤਾ ਹੈ। ਸਿੰਗਲਾ ਦਾ ਕਹਿਣਾ ਹੈ ਕਿ ਮਾਰਚ ਮਹੀਨੇ ਵਿੱਚ ਹੋਈ ਕੈਬਨਿਟ ਮੀਟਿੰਗ ਵਿੱਚ ਹੀ ਆਨ ਲਾਈਨ ਟਰਾਂਸਫਰ ਪਾਲਿਸੀ ਪਾਸ ਕਰਕੇ 1 ਅਪਰੈਲ 2019 ਤੈਅ ਕਰ ਦਿੱਤੀ ਗਈ ਸੀ ਇਸ ਤਰ੍ਹਾਂ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਵਲੋਂ 6 ਜੂਨ ਨੂੰ ਆਦੇਸ਼ ਜਾਰੀ ਕੀਤੇ ਗਏ ਹਨ। ਇਹ ਕੈਬਨਿਟ ਵੱਲੋਂ ਪਾਸ ਕੀਤੀ ਗਈ ਪਾਲਿਸੀ ਖ਼ਿਲਾਫ਼ ਹੈ, ਇਸ ਲਈ ਉਹ ਮੁੱਖ ਮੰਤਰੀ ਕੋਲ ਮਾਮਲਾ ਰੱਖਣਗੇ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਜਿਹੜੇ ਵੀ ਆਦੇਸ਼ ਜਾਰੀ ਕੀਤੇ ਜਾਣਗੇ, ਉਨ੍ਹਾਂ ਨੂੰ ਅਮਲ ਵਿੱਚ ਲਿਆ ਦਿੱਤਾ ਜਾਵੇਗਾ।
ਜਾਣਕਾਰੀ ਅਨੁਸਾਰ ਕੈਬਨਿਟ ਮੰਤਰੀ ਓ.ਪੀ. ਸੋਨੀ ਨੇ ਵਿਭਾਗਾਂ ਦੀ ਰੱਦੋ ਬਦਲ ਤੋਂ ਕੁਝ ਘੰਟੇ ਪਹਿਲਾਂ 6 ਜੂਨ ਨੂੰ ਸਿੱਖਿਆ ਵਿਭਾਗ ਵਿੱਚ ਇੱਕ ਲੰਬੀ ਚੌੜੀ ਲਿਸਟ ਵਿੱਚ 300 ਦੇ ਲਗਭਗ ਤਬਾਦਲੇ ਭੇਜੇ ਸਨ। ਇਨ੍ਹਾਂ ਤਬਾਦਲਿਆਂ ਦੀ ਲਿਸਟ ਨੂੰ ਅਮਲ ਵਿੱਚ ਲਿਆਉਣ ਤੋਂ ਪਹਿਲਾਂ ਵਿਭਾਗੀ ਅਧਿਕਾਰੀ ਨੇ ਨਵੇਂ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਤੋਂ ਆਦੇਸ਼ ਲੈਣ ਲਈ ਫਾਈਲ ਨੂੰ ਮੰਤਰੀ ਦੇ ਦਫ਼ਤਰ ਭੇਜ ਦਿੱਤਾ, ਜਿਥੇ ਕਿ ਅਜੇ ਤੱਕ ਇਸ ਸਬੰਧੀ ਕੋਈ ਵੀ ਫੈਸਲਾ ਨਹੀਂ ਹੋ ਸਕਿਆ। ਇਨ੍ਹਾਂ ਆਦੇਸ਼ ਬਾਰੇ ਕੋਈ ਫੈਸਲਾ ਹੋਣ ਤੋਂ ਪਹਿਲਾਂ ਹੀ ਓ.ਪੀ. ਸੋਨੀ ਵਲੋਂ ਭੇਜੀ ਗਈ 300 ਦੇ ਕਰੀਬ ਤਬਾਦਲੇ ਦੀ ਲਿਸਟ ਕਿਸੇ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ ਹੈ। ਜਿਸ ਨੂੰ ਲਾਗੂ ਕਰਨ ਜਾਂ ਫਿਰ ਨਾ ਕਰਨ ਬਾਰੇ ਸੁਆਲ ਚੁੱਕੇ ਜਾ ਰਹੇ ਹਨ।
ਮੁੱਖ ਮੰਤਰੀ ਤੋਂ ਪੁੱਛ ਕੇ ਹੀ ਹੋਵੇਗੀ ਕਾਰਵਾਈ, ਪਾਲਿਸੀ ਤੋਂ ਬਾਹਰ ਜਾਣਾ ਮੁਸ਼ਕਿਲ : ਸਿੰਗਲਾ
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦਾ ਕਹਿਣਾ ਹੈ ਕਿ ਆਨ ਲਾਈਨ ਤਬਾਦਲੇ ਦੀ ਪਾਲਿਸੀ ਕੈਬਨਿਟ ਵਿੱਚ ਖ਼ੁਦ ਓ.ਪੀ. ਸੋਨੀ ਲੈ ਕੇ ਆਏ ਸਨ, ਇਸ ਲਈ ਖ਼ੁਦ ਓ.ਪੀ. ਸੋਨੀ 1 ਅਪਰੈਲ 2019 ਤੋਂ ਤਬਾਦਲੇ ਕਾਗਜ਼ੀ ਤੌਰ ‘ਤੇ ਨਹੀਂ ਕਰ ਸਕਦੇ ਸਨ ਪਰ ਜਿਹੜੀ ਜਾਣਕਾਰੀ ਮਿਲੀ ਹੈ, ਉਸ ਹਿਸਾਬ ਨਾਲ ਜੂਨ ਵਿੱਚ ਉਨ੍ਹਾਂ ਨੇ ਤਬਾਦਲੇ ਬਾਰੇ ਆਦੇਸ਼ ਦਿੱਤੇ ਸਨ। ਉਨ੍ਹਾਂ ਕਿਹਾ ਕਿ ਕੁਝ ਤਬਾਦਲੇ ਉਨ੍ਹਾਂ ਕੋਲ ਵੀ ਪੁੱਜੇ ਹਨ, ਜਿਨ੍ਹਾਂ ਨੂੰ ਉਨ੍ਹਾਂ ਨੇ ਰੱਖ ਲਿਆ ਹੈ। ਇਨ੍ਹਾਂ ਤਬਾਦਲਿਆਂ ਨੂੰ ਲਾਗੂ ਕਰਨਾ ਹੈ ਜਾਂ ਫਿਰ ਨਵੀਂ ਪਾਲਿਸੀ ਅਨੁਸਾਰ ਹੀ ਆਨ ਲਾਈਨ ਤਬਾਦਲੇ ਦੀ ਮੰਗ ਕਰਨੀ ਹੈ, ਇਸ ਸਬੰਧੀ ਆਖ਼ਰੀ ਫੈਸਲਾ ਮੁੱਖ ਮੰਤਰੀ ਅਮਰਿੰਦਰ ਸਿੰਘ ਹੀ ਲੈਣਗੇ, ਉਹ ਫਿਲਹਾਲ ਬਿਨਾਂ ਇਜਾਜ਼ਤ ਤੋਂ ਪਾਲਿਸੀ ਤੋਂ ਬਾਹਰ ਨਹੀਂ ਜਾਣਗੇ।
4 ਜੂਨ ਨੂੰ ਦਿੱਤੇ ਸਨ ਆਦੇਸ਼, 6 ਜੂਨ ਨੂੰ ਨੋਟੀਫਿਕੇਸ਼ਨ ਲਈ ਕੀਤੀ ਫਾਈਲ ਪਾਸ : ਓ.ਪੀ. ਸੋਨੀ
ਓ.ਪੀ. ਸੋਨੀ ਨੇ ਕਿਹਾ ਕਿ ਉਨ੍ਹਾਂ ਦੇ ਆਪਣੇ ਵੱਲੋਂ ਤਬਾਦਲੇ ਦੀ ਲਿਸਟ 4 ਜੂਨ ਨੂੰ ਭੇਜੀ ਸੀ, ਜਦੋਂ ਕਿ ਡਾਇਰੀ ਨੰਬਰ 6 ਜੂਨ ਨੂੰ ਲਾਇਆ ਗਿਆ ਸੀ। ਇਥੇ ਹੀ 6 ਜੂਨ ਨੂੰ ਉਨ੍ਹਾਂ ਨੇ ਆਨ ਲਾਈਨ ਟਰਾਂਸਫਰ ਪਾਲਿਸੀ ਦੇ ਨੋਟੀਫਿਕੇਸ਼ਨ ਲਈ ਫਾਈਲ ਪਾਸ ਕੀਤੀ ਸੀ। ਜਿਸ ਕਾਰਨ ਨੋਟੀਫਿਕੇਸ਼ਨ ਹੋਣ ਤੋਂ ਪਹਿਲਾਂ ਜਿਹੜੇ ਆਦੇਸ਼ ਦਿੱਤੇ ਸਨ, ਉਨ੍ਹਾਂ ‘ਤੇ ਸੁਆਲ ਨਹੀਂ ਚੁੱਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹੁਣ ਵਿਜੇਇੰਦਰ ਸਿੰਗਲਾ ਦੇਖੇ ਕਿ ਉਨ੍ਹਾਂ ਨੇ ਲਾਗੂ ਕਰਨਾ ਹੈ ਜਾਂ ਫਿਰ ਨਹੀਂ ਕਰਨਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।